ਜਾਰਜ ਪਯੰਨੂਰ ਦੇ ਇਕ ਸਰਕਾਰੀ ਸਕੂਲ ਵਿਚ ਚਪੜਾਸੀ ਵਜੋਂ ਕੰਮ ਕਰ ਰਿਹਾ ਸੀ
ਕੰਨੂਰ (ਕੇਰਲ) : ਉੱਤਰੀ ਕੇਰਲ ਦੇ ਕੰਨੂਰ ਜ਼ਿਲ੍ਹੇ ’ਚ ਇਕ ਸਕੂਲ ਕਰਮਚਾਰੀ, ਜੋ ਬੂਥ ਪਧਰੀ ਅਫਸਰ (ਬੀ.ਐੱਲ.ਓ.) ਵਜੋਂ ਕੰਮ ਕਰ ਰਿਹਾ ਸੀ, ਦੀ ਲਾਸ਼ ਉਸ ਦੇ ਘਰ ਵਿਚ ਲਟਕਦੀ ਹੋਈ ਮਿਲੀ। ਸਥਾਨਕ ਲੋਕਾਂ ਅਤੇ ਉਸ ਦੇ ਪਰਵਾਰਕ ਜੀਆਂ ਨੇ ਦੋਸ਼ ਲਾਇਆ ਕਿ ਮਿ੍ਰਤਕ ਵਿਅਕਤੀ ਅਨੀਸ਼ ਜਾਰਜ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ (ਐਸ.ਆਈ.ਆਰ.) ਦੇ ਸਬੰਧ ਵਿਚ ਕੰਮ ਦੇ ਦਬਾਅ ਕਾਰਨ ਇਹ ਕਦਮ ਚੁਕਿਆ। ਜਾਰਜ ਪਯੰਨੂਰ ਦੇ ਇਕ ਸਰਕਾਰੀ ਸਕੂਲ ਵਿਚ ਚਪੜਾਸੀ ਵਜੋਂ ਕੰਮ ਕਰ ਰਿਹਾ ਸੀ। ਪੁਲਿਸ ਨੇ ਦਸਿਆ ਕਿ ਉਹ ਪਾਯੰਨੂਰ ਵਿਚ ਅਪਣੇ ਘਰ ਦੀ ਪਹਿਲੀ ਮੰਜ਼ਿਲ ਦੇ ਹਾਲ ਵਿਚ ਲਟਕਦਾ ਮਿਲਿਆ ਸੀ। ਐਫ.ਆਈ.ਆਰ. ਮੁਤਾਬਕ ਇਹ ਵਿਅਕਤੀ ਬੀ.ਐਲ.ਓ. ਦੀਆਂ ਡਿਊਟੀਆਂ ਦੇ ਸਬੰਧ ਵਿਚ ਕੁੱਝ ਸਮੇਂ ਤੋਂ ਦਬਾਅ ਵਿਚ ਸੀ।
ਜਾਰਜ ਦੇ ਪਰਵਾਰ ਦੇ ਨਜ਼ਦੀਕੀ ਵਿਅਕਤੀ ਸ਼ਿਆਮ ਨੇ ਦਸਿਆ ਕਿ ਮਿ੍ਰਤਕ ਨੇ ਐਸ.ਆਈ.ਆਰ. ਨਾਲ ਜੁੜੇ ਕੰਮਾਂ ਨੂੰ ਪੂਰਾ ਕਰਨ ਨਾਲ ਜੁੜੇ ਭਾਰੀ ਕੰਮ ਦੇ ਬੋਝ ਅਤੇ ਨੌਕਰੀ ਦੇ ਤਣਾਅ ਬਾਰੇ ਸ਼ਿਕਾਇਤ ਕੀਤੀ ਸੀ। ਦੂਜੇ ਪਾਸੇ ਸੂਬੇ ਵਿਚ ਵੱਖੋ-ਵੱਖ ਟਰੇਡ ਯੂਨੀਅਨਾਂ ਨੇ ਐਲਾਨ ਕੀਤਾ ਕਿ ਪੂਰੇ ਸੂਬੇ ਅੰਦਰ ਬੀ.ਐਲ.ਓ. ਅਫ਼ਸਰਾਂ ਨੇ ਸੂਬੇ ’ਚ 17 ਨਵੰਬਰ ਨੂੰ ਐਸ.ਆਈ.ਆਰ. ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਸੋਮਵਾਰ ਨੂੰ ਪ੍ਰਕਿਰਿਆ ’ਚ ਖਲਲ ਪੈਣ ਦਾ ਖਦਸ਼ਾ ਹੈ। ਉਨ੍ਹਾਂ ਪੱਤਰਕਾਰਾਂ ਨੂੰ ਦਸਿਆ, ‘‘ਉਸ ਦੇ ਪਰਵਾਰ ਨੇ ਦਸਿਆ ਕਿ ਅਨੀਸ਼ ਜਾਰਜ ਐਤਵਾਰ ਤੜਕੇ 2:00 ਵਜੇ ਤਕ ਕੰਮ ਕਰ ਰਿਹਾ ਸੀ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਉਤੇ ਐਸ.ਆਈ.ਆਰ. ਨਾਲ ਸਬੰਧਤ ਫਾਰਮ ਭਰਨ ਅਤੇ ਨਿਰਧਾਰਤ ਖੇਤਰ ਵਿਚ ਸਾਰਿਆਂ ਵਿਚ ਵੰਡਣ ਲਈ ਬਹੁਤ ਦਬਾਅ ਸੀ।’’ ਇਹ ਹੈਰਾਨ ਕਰਨ ਵਾਲੀ ਘਟਨਾ ਅਜਿਹੇ ਸਮੇਂ ਵਾਪਰੀ ਜਦੋਂ ਸੱਤਾਧਾਰੀ ਸੀ.ਪੀ.ਆਈ. (ਐਮ) ਅਤੇ ਵਿਰੋਧੀ ਧਿਰ ਕਾਂਗਰਸ ਸਮੇਤ ਪ੍ਰਮੁੱਖ ਸਿਆਸੀ ਪਾਰਟੀਆਂ ਸੂਬੇ ਵਿਚ ਐਸ.ਆਈ.ਆਰ. ਲਾਗੂ ਕਰਨ ਦੇ ਵਿਰੁਧ ਆਵਾਜ਼ ਬੁਲੰਦ ਕਰ ਰਹੀਆਂ ਹਨ।
ਜਦਕਿ ਸੀ.ਪੀ.ਆਈ. (ਐਮ) ਨੇਤਾ ਐਮ.ਵੀ. ਜੈਰਾਜਨ ਨੇ ਕਿਹਾ ਕਿ ਉਹ ਐਸ.ਆਈ.ਆਰ. ਦੇ ਸੰਬੰਧ ਵਿਚ ਬੀ.ਐਲ.ਓਜ਼. ਵਲੋਂ ਅਨੁਭਵ ਕੀਤੇ ਗਏ ਕੰਮ ਦੇ ਦਬਾਅ ਬਾਰੇ ਇਸ਼ਾਰਾ ਕਰਦੇ ਰਹੇ ਹਨ, ਕਾਂਗਰਸ ਨੇਤਾ ਰਿਜਿਲ ਮਕੁੱਟੀ ਨੇ ਕਿਹਾ ਕਿ ਅਨੀਸ਼ ਜਾਰਜ ਭਾਜਪਾ ਦੇ ਏਜੰਡੇ ਨੂੰ ਪੂਰਾ ਕਰਨ ਲਈ ਸਥਾਨਕ ਬਾਡੀ ਚੋਣਾਂ ਤੋਂ ਪਹਿਲਾਂ ਇਸ ਨੂੰ ਲਾਗੂ ਕਰਨ ਦੀ ਚੋਣ ਕਮਿਸ਼ਨ ਦੀ ਕੋਸ਼ਿਸ਼ ਦਾ ਸ਼ਿਕਾਰ ਸਨ। ਉਨ੍ਹਾਂ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਜਦੋਂ ਤਕ ਐਲ.ਐਸ.ਜੀ.ਡੀ. ਚੋਣਾਂ ਖਤਮ ਨਹੀਂ ਹੋ ਜਾਂਦੀਆਂ, ਉਦੋਂ ਤਕ ਸੂਬੇ ਵਿਚ ਐਸ.ਆਈ.ਆਰ. ਨਾ ਕੀਤਾ ਜਾਵੇ। ਇਸ ਦੌਰਾਨ ਕੇਰਲ ਦੇ ਮੁੱਖ ਚੋਣ ਅਧਿਕਾਰੀ ਰਥਨ ਯੂ ਕੇਲਕਰ ਨੇ ਕਿਹਾ ਕਿ ਮੌਤ ਬਾਰੇ ਕੰਨੂਰ ਜ਼ਿਲ੍ਹਾ ਕੁਲੈਕਟਰ ਤੋਂ ਰੀਪੋਰਟ ਮੰਗੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਜਾਂਚ ਵੀ ਜਾਰੀ ਹੈ। ਰੀਪੋਰਟ ਮਿਲਣ ਤੋਂ ਬਾਅਦ ਬਾਕੀ ਚੀਜ਼ਾਂ ਦਾ ਫੈਸਲਾ ਕੀਤਾ ਜਾ ਸਕਦਾ ਹੈ। (ਪੀਟੀਆਈ)
