
ਜਾਮੀਆ ਦਾ ਕੋਈ ਵਿਦਿਆਰਥੀ ਨਹੀਂ ਫੜਿਆ-ਪੁਲਿਸ
ਦਿੱਲੀ- ਜਾਮੀਆ ਯੂਨੀਵਰਸਿਟੀ ਅਤੇ ਜਾਮੀਆ ਨਗਰ ’ਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਐਤਵਾਰ ਨੂੰ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਮੁਜ਼ਾਹਰਾਕਾਰੀਆਂ ਤੇ ਪੁਲਿਸ ਵਿਚਾਲੇ ਹੋਏ ਸੰਘਰਸ਼ ਮਾਮਲੇ ’ਚ 10 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ 15 ਦਸੰਬਰ ਨੂੰ ਘਟਨਾ ਦੇ ਸਿਲਸਿਲੇ ’ਚ ਜਿਹੜੇ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਸਾਰੇ ਹੀ ਅਪਰਾਧਕ ਪਿਛੋਕੜ ਵਾਲੇ ਹਨ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਕੋਈ ਵੀ ਵਿਦਿਆਰਥੀ ਨਹੀਂ ਹੈ।
Protestਦਿੱਲੀ ਪੁਲਿਸ ਨੇ ਬਿਆਨ ਦਿੱਤਾ ਸੀ ਕਿ ਇਹ ਘਟਨਾ ਇੱਕ ਸੋਚੀ–ਸਮਝੀ ਰਣਨੀਤੀ ਤਹਿਤ ਕੀਤੀ ਗਈ ਸੀ। ਇਹ ਮਾਮਲਾ ਹੁਣ ਦੱਖਣ–ਪੂਰਬੀ ਦਿੱਲੀ ਦੀ ਜ਼ਿਲ੍ਹਾ ਪੁਲਿਸ ਤੋਂ ਲੈਕੇ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਹਵਾਲੇ ਕਰ ਦਿੱਤਾ ਗਿਆ ਹੈ।
Protest
ਦਿੱਲੀ ਪੁਲਿਸ ਦੇ ਬੁਲਾਰੇ DCP ਮਨਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਐਤਵਾਰ ਨੂੰ ਜਾਮੀਆ ਨਗਰ ਤੇ ਨਿਊ ਫ਼ਰੈਂਡਜ਼ ਕਾਲੋਨੀ ਇਲਾਕੇ ’ਚ ਹੋਏ ਹੰਗਾਮੇ ਦੌਰਾਨ DCP ਸਮੇਤ ਕਈ ਪੁਲਿਸ ਅਧਿਕਾਰੀ ਜ਼ਖ਼ਮੀ ਹੋਏ ਸਨ। ਦੋ SHO ਨੂੰ ਫ਼੍ਰੈਕਚਰ ਹੋ ਗਿਆ। ਇੱਕ ਪੁਲਿਸ ਕਰਮਚਾਰੀ ਹਾਲੇ ਤੱਕ ICU ’ਚ ਜ਼ਿੰਦਗੀ ਤੇ ਮੌਤ ਵਿਚਾਲੇ ਝੂਲ ਰਿਹਾ ਹੈ। ਡਾਕਟਰ ਉਸ ਦੀ ਜ਼ਿੰਦਗੀ ਬਚਾਉਣ ’ਚ ਲੱਗੇ ਹੋਏ ਹਨ।
ਪੁਲਿਸ ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਘਟਨਾ ’ਚ ਚਾਰ ਬੱਸਾਂ ਨੂੰ ਭੀੜ ਨੇ ਅੱਗ ਲਾ ਦਿੱਤੀ ਸੀ। ਇਸ ਤੋਂ ਇਲਾਵਾ 100 ਦੇ ਲਗਭਗ ਵਾਹਨਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਗਿਆ। ਇਨ੍ਹਾਂ ਵਾਹਨਾਂ ’ਚ ਸਥਾਨਕ ਨਿਵਾਸੀਆਂ ਦੇ ਵਾਹਨ ਸਮੇਤ ਦਿੱਲੀ ਪੁਲਿਸ ਦੇ ਵੀ ਕਈ ਵਾਹਨ ਸ਼ਾਮਲ ਸਨ। ਅੱਗ ਲਾਉਣ ਤੇ ਪਥਰਾਅ ਕਾਰਨ ਕਿੰਨਾ ਆਰਥਿਕ ਨੁਕਸਾਨ ਹੋਇਆ ਹੈ, ਉਸ ਦਾ ਫ਼ਿਲਹਾਲ ਕੋਈ ਅਨੁਮਾਨ ਨਹੀਂ ਲਾਇਆ ਜਾ ਸਕਿਆ ਹੈ।
Protest
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੁਲਿਸ ਦੇ ਬੁਲਾਰੇ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਝਗਡੇ ਦੀ ਪਹਿਲ ਦਿੱਲੀ ਪੁਲਿਸ ਨੇ ਕੀਤੀ ਸੀ। ਉਨਾਂ ਕਿਹਾ ਕਿ ਅਸਲ ਵਿੱਚ ਕੁਝ ਲੋਕ ਵਾਹਨਾਂ ਨੂੰ ਅੱਗ ਲਾ ਰਹੇ ਸਨ ਤੇ ਨਿਰਦੋਸ਼ ਲੋਕਾਂ ਉੱਤੇ ਪਥਰਾਅ ਕਰ ਰਹੇ ਸਨ। ਸਾਰੇ ਸ਼ੱਕੀ ਮੌਕੇ ਤੋਂ ਨੱਸ ਗਏ ਸਨ। ਦਿੱਲੀ ਪੁਲਿਸ ਦੀਆਂ ਟੀਮਾਂ ਨੇ ਬਾਅਦ ’ਚ ਉਨ੍ਹਾਂ ਨੂੰ ਰਾਤ ਭਰ ਛਾਪੇ ਮਾਰ ਕੇ ਫੜਿਆ। ਪਥਰਾਅ ਕਾਰਨ ਕੁੱਲ 39 ਜਣੇ ਜ਼ਖ਼ਮੀ ਹੋਏ ਸਨ।