
'ਆਸ਼ਰੇ' ਨਾਮਕ ਪਨਾਹਗਾਹ ਵਿੱਚ 200 ਲੋਕਾਂ ਦੇ ਰਹਿਣ ਦਾ ਇੰਤਜ਼ਾਮ
ਨਵੀਂ ਦਿੱਲੀ - ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐਫ.) ਨੇ ਇਲਾਜ, ਸਲਾਹ-ਮਸ਼ਵਰੇ ਅਤੇ ਹੋਰ ਪ੍ਰਕਿਰਿਆਵਾਂ ਲਈ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਵਿੱਚ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ 'ਸਰਦ ਰੁੱਤ ਦਾ ਆਰਜ਼ੀ ਰੈਣ ਬਸੇਰਾ' ਸਥਾਪਿਤ ਕੀਤਾ ਹੈ।
ਸੀ.ਆਰ.ਪੀ.ਐਫ਼. ਦੇ ਬੁਲਾਰੇ ਨੇ ਦੱਸਿਆ ਕਿ ਹਸਪਤਾਲ ਦੇ ਟਰਾਮਾ ਸੈਂਟਰ ਵਿੱਚ ਸਥਿਤ 'ਆਸ਼ਰੇ' ਨਾਮਕ ਸ਼ੈਲਟਰ ਅੰਦਰ 200 ਲੋਕਾਂ ਦੇ ਰਹਿਣ ਦੀ ਸਮਰੱਥਾ ਹੈ।
ਅਧਿਕਾਰੀ ਅਨੁਸਾਰ, 'ਆਸ਼ਰੇ' ਦਾ ਉਦਘਾਟਨ ਮੰਗਲਵਾਰ ਨੂੰ ਸੀ.ਆਰ.ਪੀ.ਐਫ਼. ਦੇ ਡਾਇਰੈਕਟਰ ਜਨਰਲ ਐਸ.ਐਲ. ਥੌਸੇਨ ਦੀ ਪਤਨੀ ਅਤੇ ਸੀ.ਆਰ.ਪੀ.ਐਫ਼. ਫੈਮਿਲੀ ਵੈਲਫੇਅਰ ਐਸੋਸੀਏਸ਼ਨ ਦੀ ਪ੍ਰਧਾਨ ਅਜਿਤਾ ਥੌਸੇਨ ਨੇ ਏਮਜ਼ ਦੇ ਡਾਇਰੈਕਟਰ ਐਮ ਸ਼੍ਰੀਨਿਵਾਸ ਦੀ ਮੌਜੂਦਗੀ ਵਿੱਚ ਕੀਤਾ।
ਅਧਿਕਾਰੀਆਂ ਅਨੁਸਾਰ, "ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਵਿੱਚ ਕੇਂਦਰੀ ਅਰਧ ਸੈਨਿਕ ਬਲ ਦੁਆਰਾ ਸਥਾਪਿਤ ਇਸ 'ਰੈਣ ਬਸੇਰੇ' ਵਿੱਚ ਖ਼ਰਾਬ ਮੌਸਮ ਵਿੱਚ ਮਦਦ ਵਜੋਂ ਰਹਿਣ ਲਈ ਬਿਸਤਰੇ, ਕੰਬਲ ਅਤੇ ਹੋਰ ਬੁਨਿਆਦੀ ਚੀਜ਼ਾਂ ਪ੍ਰਦਾਨ ਕੀਤੀਆਂ ਗਈਆਂ ਹਨ।"
ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ 'ਆਸ਼ਰੇ' ਦਿੱਲੀ ਸਥਿਤ ਸੀ.ਆਰ.ਪੀ.ਐਫ. ਦੇ ਉੱਤਰੀ ਸੈਕਟਰ ਦੁਆਰਾ ਚਲਾਇਆ ਜਾ ਰਿਹਾ ਹੈ। ਇਸ ਨਾਲ ਟਰੌਮਾ ਸੈਂਟਰ ਵਿੱਚ ਇਲਾਜ ਲਈ ਆਉਣ ਵਾਲੇ ਆਮ ਵਿਅਕਤੀ ਨੂੰ ਵੀ ਮਦਦ ਮਿਲੇਗੀ।