
ਭਾਵੇਂ ਪੰਜਾਬੀ ਦੇ ਵਿਦਵਾਨ ਕਹਾਉਣ ਵਾਲੇ ਆਲਮੀ ਪੰਜਾਬੀ ਕਾਨਫ਼ਰੰਸਾਂ ਤੱਕ ਮਹਿਦੂਦ ਹੋ ਕੇ, ਰਹਿ ਗਏ ਹਨ......
ਨਵੀਂ ਦਿੱਲੀ : ਭਾਵੇਂ ਪੰਜਾਬੀ ਦੇ ਵਿਦਵਾਨ ਕਹਾਉਣ ਵਾਲੇ ਆਲਮੀ ਪੰਜਾਬੀ ਕਾਨਫ਼ਰੰਸਾਂ ਤੱਕ ਮਹਿਦੂਦ ਹੋ ਕੇ, ਰਹਿ ਗਏ ਹਨ, ਪਰ ਦੱਖਣ ਭਾਰਤੀਆਂ ਨੇ 'ਦੇਵਨਾਗਰੀ' ਦੇ ਹੱਲੇ ਤੋਂ ਅਪਣੀ ਬੋਲੀ ਬਚਾਉਣ ਲਈ ਪੀੜ੍ਹੀ ਦਰ ਪੀੜ੍ਹੀ ਅਜਿਹਾ ਸੰਘਰਸ਼ ਵਿਢਿਆ ਹੋਇਆ ਹੈ, ਜਿਸ ਕਰ ਕੇ, ਹੁਣ ਬਹੁਕੌਮੀ ਕੰਪਨੀਆਂ ਨੂੰ ਦੱਖਣ ਦੇ ਸੂਬਿਆਂ ਵਿਚ ਅਪਣੀਆਂ ਚੀਜ਼ਾਂ ਵੇਚਣ ਲਈ ਦੱਖਣ ਦੀ ਸਰਕਾਰੀ ਬੋਲੀ 'ਕੰਨੜ' ਨੂੰ ਪਹਿਲ ਦੇਣੀ ਪੈ ਰਹੀ ਹੈ। ਇਸਦੀ ਜਿਊਂਦੀ ਜਾਗਦੀ ਮਿਸਾਲ ਇਹ ਹੈ ਕਿ ਪ੍ਰਸਿੱਧ ਕੰਪਨੀ ਪਾਰਲੇ ਵਲੋਂ ਕਰਨਾਟਕ ਦੀ ਰਾਜਧਾਨੀ ਬੰਗਲੂਰੂ ਵਿਚ ਅਪਣੀ 'ਬਿਸਲੇਰੀ' ਦੀ ਬੋਤਲ 'ਤੇ ਉਥੋਂ ਦੇ ਲੋਕਾਂ ਦੀ ਬੋਲੀ 'ਕੰਨੜ' ਦਾ ਲੇਬਲ ਲਾ ਕੇ,
ਅਪਣਾ ਪਾਣੀ ਵੇਚਣਾ ਪੈ ਰਿਹਾ ਹੈ, ਪਰ ਕੀ ਇਹੀ ਕੰਪਨੀਆਂ ਪੰਜਾਬ ਵਿਚ ਪਾਣੀ ਆਦਿ ਦੀਆਂ ਬੋਤਲਾਂ 'ਤੇ ਪੰਜਾਬੀ ਨੂੰ ਤਰਜ਼ੀਹ ਦੇਣਗੀਆਂ? ਬੰਗਲੁਰੂ ਦੌਰੇ ਤੋਂ ਵਾਪਸ ਪਰਤੇ ਇਥੋਂ ਦੀ ਜੱਥੇਬੰਦੀ 'ਵਾਰਿਸ਼ ਵਿਰਸੇ ਦੇ' ਦੇ ਪ੍ਰਧਾਨ ਸ. ਪਰਮਿੰਦਰਪਾਲ ਸਿੰਘ ਨੇ 'ਸਪੋਕਸਮੈਨ' ਨੂੰ ਦਸਿਆ ਹੈ, “ ਮੈਂ ਆਪਣੇ ਚਾਰ ਦਿਨ ਦੇ ਕਰਨਾਟਕ ਦੌਰੇ ਵਿਚ ਉਥੋਂ ਦੇ ਲੋਕਾਂ ਦਾ ਅਪਣੀ ਮਾਂ ਬੋਲੀ 'ਕੰਨੜ' ਲਈ ਪਿਆਰ ਵੇਖ ਕੇ, ਬੜਾ ਖ਼ੁਸ਼ ਹਾਂ। ਅਪਣੀ ਬੋਲੀ ਨੂੰ ਕਿਵੇਂ ਬਚਾਉਣਾ ਹੈ ਇਹ ਸਾਨੂੰ ਕਰਨਾਟਕ ਦੇ ਲੋਕਾਂ ਤੋਂ ਸਿੱਖਣ ਦੀ ਲੋੜ ਹੈ।
ਇਸੇ ਸੰਜੀਦਗੀ ਕਰ ਕੇ, 'ਬਿਸਲੇਰੀ' ਕੰਪਨੀ ਨੇ ਅਪਣੀ ਬੋਤਲ ਵਿਚ ਅੰਗ੍ਰੇਜ਼ੀ ਦੇ ਨਾਲ 'ਕੰਨੜ' ਨੂੰ ਤਰਜੀਹ ਦਿਤੀ ਹੋਈ ਹੈ, ਪਰ ਸੁਆਲ ਇਹ ਹੈ ਕਿ ਕੀ ਪੰਜਾਬੀਆਂ ਦੀ ਬਹੁਗਿਣਤੀ ਵਾਲੇ ਸੂਬੇ ਪੰਜਾਬ ਵਿਚ ਇਹ ਕੰਪਨੀਆਂ 'ਪੰਜਾਬੀ' ਬੋਲੀ ਨੂੰ ਪਹਿਲ ਦੇਣਗੀਆਂ?” ਉਨ੍ਹਾਂ ਦਸਿਆ, “ਮੈਨੂੰ ਬੰਗਲੂਰੂ ਵਿਚ ਇਕ ਵੀ ਅਜਿਹਾ ਬੋਰਡ ਨਹੀਂ ਬੋਰਡ ਨਹੀਂ ਲੱਭਿਆ ਜਿਸ 'ਤੇ ਅੰਗ੍ਰੇਜ਼ੀ ਦੇ ਨਾਲ ਕੰਨੜ ਨੂੰ ਪਹਿਲ ਨਾ ਦਿਤੀ ਗਈ ਹੋਵੇ।
ਕਰਨਾਟਕ ਦੇ ਸਕੂਲਾਂ ਦੀ ਦੂਜੀ ਜ਼ਬਾਨ ਅੰਗ੍ਰੇਜ਼ੀ ਹੈ ਤੇ ਦੇਵਨਾਗਰੀ ਤੀਜੀ ਥਾਂ 'ਤੇ ਹੈ, ਪਰ 'ਬਿਸਲਰੀ' ਪਾਣੀ ਦੀ ਬੋਤਲ 'ਤੇ ਕੰਨੜ ਬੋਲੀ ਲਿਖੇ ਹੋਣ ਤੋਂ ਸਾਬਤ ਹੁੰਦਾ ਹੈ ਕਿ ਪੰਜਾਬੀ ਦੇ ਨਾਂਅ 'ਤੇ ਬਣੇ ਹੋਏ ਸੂਬੇ ਪੰਜਾਬ ਵਿਚ ਪੰਜਾਬੀ ਦੇ ਅਮਲੀ ਤੌਰ 'ਤੇ ਲਾਗੂ ਨਾ ਹੋਣ ਦੇ ਦੋਸ਼ੀ ਅਸੀਂ ਪੰਜਾਬੀ ਵੀ ਹਾਂ, ਜਿਸ ਬਾਰੇ ਸਾਨੂੰ ਸੁਚੇਤ ਹੋ ਕੇ, ਮੁਕਾਬਲਾ ਕਰਨਾ ਚਾਹੀਦਾ ਹੈ ਤੇ ਆਪਣੇ ਬੱਚਿਆਂ ਨੂੰ ਪੰਜਾਬੀ ਦੀ ਗੁੜ੍ਹਤੀ ਦੇਣ ਲਈ ਜਾਗ ਜਾਣਾ ਚਾਹੀਦਾ ਹੈ।''