
ਐਂਬੁਲੈਂਸ ਡਰਾਈਵਰ ਨੇ ਲਾਸ਼ ਲਿਜਾਉਣ ਲਈ ਮੰਗੇ ਸਨ 45 ਹਜ਼ਾਰ
ਕੇਰਲ : ਕੇਰਲ 'ਚ ਕੈਂਸਰ ਕਾਰਨ ਔਰਤ ਦੀ ਮੌਤ ਹੋਣ ਮਗਰੋਂ ਲਾਸ਼ ਨੂੰ ਟੈਕਸੀ ਦੀ ਡਿੱਗੀ ਅੰਦਰ ਪਾ ਕੇ ਘਰ ਲਿਜਾ ਰਹੇ ਪਤੀ ਨੂੰ ਪੁਲਿਸ ਨੇ ਜਾਂਚ ਦੌਰਾਨ ਫੜ ਲਿਆ। ਪੁੱਛਗਿੱਛ 'ਚ ਪਤੀ ਨੇ ਦੱਸਿਆ ਕਿ ਐਂਬੁਲੈਂਸ ਡਰਾਈਵਰ ਨੇ ਉਸ ਤੋਂ 45 ਹਜ਼ਾਰ ਰੁਪਏ ਕਿਰਾਇਆ ਮੰਗਿਆ ਸੀ। ਇੰਨੇ ਪੈਸੇ ਨਾ ਹੋਣ ਕਾਰਨ ਉਸ ਨੂੰ ਪਤਨੀ ਦੀ ਲਾਸ਼ ਨੂੰ ਟੈਕਸੀ 'ਚ ਲਿਆਉਣ ਪਿਆ। ਉੱਥੇ ਹੀ ਕੇਰਲ ਦੇ ਮੈਡੀਕਲ ਵਿਭਾਗ ਨੇ ਐਂਬੁਲੈਂਸ ਲਈ ਅਰਜ਼ੀ ਨਾ ਦਿੱਤੇ ਜਾਣ ਦਾ ਦਾਅਵਾ ਕੀਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Man transports wife's body in the boot of taxi
ਦਰਅਸਲ ਮਹਾਰਾਸ਼ਟਰਾ ਦੀ ਰਹਿਣ ਵਾਲੀ ਚੰਦਰਕਲਾ (45) ਦਾ ਕੇਰਲ 'ਚ ਕੈਂਸਰ ਦਾ ਇਲਾਜ ਚੱਲ ਰਿਹਾ ਸੀ। 15 ਮਾਰਚ ਨੂੰ ਔਰਤ ਦਾ ਦੇਹਾਂਤ ਹੋ ਗਿਆ। ਪਤੀ ਅੰਤਮ ਸਸਕਾਰ ਮਹਾਰਾਸ਼ਟਰ 'ਚ ਹੀ ਕਰਨਾ ਚਾਹੁੰਦਾ ਸੀ। ਅਜਿਹੇ 'ਚ ਉਸ ਨੇ ਲਾਸ਼ ਨੂੰ ਮਹਾਰਾਸ਼ਟਰ ਤਕ ਲਿਜਾਣ ਲਈ ਐਂਬੁਲੈਂਸ ਆਪ੍ਰੇਟਰ ਨਾਲ ਗੱਲ ਕੀਤੀ ਪਰ ਕਿਰਾਇਆ ਜ਼ਿਆਦਾ ਹੋਣ ਕਾਰਨ ਉਹ ਪੈਸੇ ਦਾ ਪ੍ਰਬੰਧ ਨਾ ਕਰ ਸਕਿਆ। ਅਜਿਹੇ 'ਚ ਉਸ ਨੇ ਲਾਸ਼ ਨੂੰ ਕਾਰ ਦੀ ਡਿੱਗੀ 'ਚ ਪਾ ਕੇ ਮਹਾਰਾਸ਼ਟਰ ਤਕ ਲਿਜਾਣ ਦਾ ਫ਼ੈਸਲਾ ਕੀਤਾ।
ਕੇਰਲ ਪੁਲਿਸ ਨੇ ਸਟੇਸ਼ਨ ਏਰੀਅ 'ਚ ਕਾਰ ਨੂੰ ਚੈਕਿੰਗ ਲਈ ਰੋਕਿਆ ਅਤੇ ਡਿੱਗੀ 'ਚੋਂ ਔਰਤ ਦੀ ਲਾਸ਼ ਬਰਾਮਦ ਕੀਤੀ। ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਐਨ.ਬੀ. ਸ਼ਿਜੂ ਨੇ ਦੱਸਿਆ ਕਿ ਔਰਤ ਦੇ ਪਤੀ ਕੋਲ ਹਸਪਤਾਲ ਵੱਲੋਂ ਜਾਰੀ ਕੀਤਾ ਮੌਤ ਸਰਟੀਫ਼ਿਕੇਟ ਸੀ, ਪਰ ਲਾਸ਼ ਨੂੰ ਪ੍ਰਾਈਵੇਟ ਵਾਹਨ ਰਾਹੀਂ ਲਿਜਾਣ ਦੇ ਕਾਗ਼ਜਾਤ ਨਹੀਂ ਸਨ। ਹਾਲਾਂਕਿ ਹਸਪਤਾਲ ਦੀ ਐਨ.ਓ.ਸੀ. ਤੋਂ ਬਾਅਦ ਪੁਲਿਸ ਨੇ ਉਸ ਨੂੰ ਜਾਣ ਦਿੱਤਾ।
ਵਿਵਾਦ ਵਧਣ 'ਤੇ ਮੈਡੀਕਲ ਕਾਲਜ ਹਸਪਤਾਲ ਦੇ ਸੁਪਰਡੈਂਟ ਨੇ ਕਿਹਾ ਕਿ ਉਨ੍ਹਾਂ ਕੋਲ ਕਿਸੇ ਨੇ ਐਂਬੁਲੈਂਸ ਲਈ ਅਰਜ਼ੀ ਨਹੀਂ ਦਿੱਤੀ ਸੀ।