
ਭਾਜਪਾ 17, ਜਨਤਾ ਦਲ (ਯੂ) 16 ਅਤੇ ਲੋਜਪਾ (ਰਾਮ ਵਿਲਾਸ) 5 ਸੀਟਾਂ ’ਤੇ ਚੋਣ ਲੜੇਗੀ
ਨਵੀਂ ਦਿੱਲੀ: ਲੋਕ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਬਿਹਾਰ ’ਚ 17, ਜਨਤਾ ਦਲ (ਯੂਨਾਈਟਿਡ) 16 ਅਤੇ ਚਿਰਾਗ ਪਾਸਵਾਨ ਦੀ ਅਗਵਾਈ ਵਾਲੀ ਲੋਕ ਜਨਸ਼ਕਤੀ ਪਾਰਟੀ (ਲੋਜਪਾ) 5 ਸੀਟਾਂ ’ਤੇ ਚੋਣ ਲੜੇਗੀ। ਸੀਟਾਂ ਦੀ ਵੰਡ ਦੇ ਸਮਝੌਤੇ ਨੇ ਕੇਂਦਰੀ ਮੰਤਰੀ ਪਸ਼ੂਪਤੀ ਪਾਰਸ ਦੀ ਅਗਵਾਈ ਵਾਲੀ ਐਨ.ਡੀ.ਏ. ਦੀ ਸਹਿਯੋਗੀ ਰਾਸ਼ਟਰੀ ਲੋਕ ਜਨਸ਼ਕਤੀ ਪਾਰਟੀ ਦੇ ਦਾਅਵੇ ਨੂੰ ਨਜ਼ਰਅੰਦਾਜ਼ ਕਰ ਦਿਤਾ ਅਤੇ ਇਸ ਨੂੰ ਇਕ ਵੀ ਸੀਟ ਨਹੀਂ ਦਿਤੀ ਗਈ।
ਇਹ ਐਲਾਨ ਭਾਜਪਾ ਦੇ ਜਨਰਲ ਸਕੱਤਰ ਅਤੇ ਬਿਹਾਰ ਮਾਮਲਿਆਂ ਦੇ ਇੰਚਾਰਜ ਵਿਨੋਦ ਤਾਵੜੇ ਨੇ ਇੱਥੇ ਭਾਜਪਾ ਹੈੱਡਕੁਆਰਟਰ ਵਿਖੇ ਐਨ.ਡੀ.ਏ. ਦੇ ਸਹਿਯੋਗੀਆਂ ਦੀ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਇਹ ਪਹਿਲੀ ਵਾਰ ਹੋਵੇਗਾ ਜਦੋਂ ਭਾਜਪਾ ਨੂੰ ਬਿਹਾਰ ’ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਜਨਤਾ ਦਲ (ਯੂ) ਨਾਲੋਂ ਵੱਧ ਸੀਟਾਂ ਮਿਲੀਆਂ ਹਨ।
ਇਹ ਕੁੱਝ ਮਹੀਨੇ ਪਹਿਲਾਂ ਜੇ.ਡੀ. (ਯੂ) ਅਤੇ ਭਾਜਪਾ ਦੇ ਹੱਥ ਮਿਲਾਉਣ ਤੋਂ ਬਾਅਦ ਸਮੀਕਰਨਾਂ ’ਚ ਤਬਦੀਲੀ ਨੂੰ ਦਰਸਾਉਂਦਾ ਹੈ। ਪ੍ਰੈਸ ਕਾਨਫਰੰਸ ’ਚ ਜਨਤਾ ਦਲ (ਯੂ) ਦੇ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਸੰਜੇ ਝਾਅ, ਲੋਜਪਾ (ਰਾਮ ਵਿਲਾਸ) ਦੇ ਸੂਬਾ ਪ੍ਰਧਾਨ ਰਾਜੂ ਤਿਵਾੜੀ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਵੀ ਮੌਜੂਦ ਸਨ। ਬਿਹਾਰ ’ਚ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਦੀ ਅਗਵਾਈ ਵਾਲੇ ਹਿੰਦੁਸਤਾਨੀ ਆਵਾਮ ਮੋਰਚਾ (ਹਮ) ਅਤੇ ਸਾਬਕਾ ਕੇਂਦਰੀ ਮੰਤਰੀ ਉਪੇਂਦਰ ਕੁਸ਼ਵਾਹਾ ਦੀ ਅਗਵਾਈ ਵਾਲੇ ਕੌਮੀ ਲੋਕ ਮੋਰਚਾ ਨੂੰ ਐਨ.ਡੀ.ਏ. ਦੇ ਭਾਈਵਾਲਾਂ ਦਰਮਿਆਨ ਸੀਟਾਂ ਦੀ ਵੰਡ ਦੇ ਸਮਝੌਤੇ ਅਨੁਸਾਰ ਇਕ-ਇਕ ਸੀਟ ਦਿਤੀ ਗਈ ਹੈ।
ਤਾਵੜੇ ਮੁਤਾਬਕ ਭਾਜਪਾ ਉਮੀਦਵਾਰ ਪਛਮੀ ਚੰਪਾਰਨ, ਪੂਰਬੀ ਚੰਪਾਰਨ, ਔਰੰਗਾਬਾਦ, ਮਧੂਬਨੀ, ਅਰਰੀਆ, ਦਰਭੰਗਾ, ਮੁਜ਼ੱਫਰਪੁਰ, ਮਹਾਰਾਜਗੰਜ, ਸਾਰਨ, ਉਜੀਰਪੁਰ, ਬੇਗੂਸਰਾਏ, ਨਵਾਦਾ, ਪਟਨਾ ਸਾਹਿਬ, ਪਾਟਲੀਪੁੱਤਰ, ਆਰਾ, ਬਕਸਰ ਅਤੇ ਸਾਸਾਰਾਮ ਤੋਂ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਵਾਲਮੀਕਿਨਗਰ, ਸੀਤਾਮੜੀ, ਝੰਝਾਰਪੁਰ, ਸੁਪੌਲ, ਕਿਸ਼ਨਗੰਜ, ਕਟਿਹਾਰ, ਪੂਰਨੀਆ, ਮਧੇਪੁਰਾ, ਗੋਪਾਲਗੰਜ, ਸੀਵਾਨ, ਭਾਗਲਪੁਰ, ਬਾਂਕਾ, ਮੁੰਗੇਰ, ਨਾਲੰਦਾ, ਜਹਾਨਾਬਾਦ ਅਤੇ ਸ਼ਿਓਹਰ ਤੋਂ ਜਨਤਾ ਦਲ (ਯੂ) ਦੇ ਉਮੀਦਵਾਰ ਚੋਣ ਮੈਦਾਨ ’ਚ ਹਨ। ਤਾਵੜੇ ਨੇ ਕਿਹਾ ਕਿ ਲੋਜਪਾ (ਰਾਮਵਿਲਾਸ) ਨੇ ਵੈਸ਼ਾਲੀ, ਹਾਜੀਪੁਰ, ਸਮਸਤੀਪੁਰ, ਖਗੜੀਆ ਅਤੇ ਜਮੁਈ ਸੀਟਾਂ ਜਿੱਤੀਆਂ ਹਨ, ਜਦਕਿ ਹਮ ਗਯਾ ਤੋਂ ਅਤੇ ਕੌਮੀ ਲੋਕ ਮੋਰਚਾ (ਆਰ.ਐਲ.ਐਮ.) ਕਰਾਕਟ ਤੋਂ ਚੋਣ ਲੜੇਗੀ। ਭਾਜਪਾ ਜਨਰਲ ਸਕੱਤਰ ਨੇ ਕਿਹਾ ਕਿ ਐਨ.ਡੀ.ਏ. ਬਿਹਾਰ ਦੀਆਂ ਸਾਰੀਆਂ ਸੀਟਾਂ ’ਤੇ ਪੂਰੀ ਤਾਕਤ ਨਾਲ ਚੋਣ ਲੜੇਗੀ ਅਤੇ ਸਾਰੀਆਂ ਸੀਟਾਂ ਜਿੱਤੇਗੀ।
ਬਿਹਾਰ ਦੀਆਂ 40 ਲੋਕ ਸਭਾ ਸੀਟਾਂ ਲਈ ਸੱਤ ਪੜਾਵਾਂ ’ਚ ਵੋਟਾਂ ਪੈਣਗੀਆਂ। ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਲੋਕ ਸਭਾ ਚੋਣਾਂ 19 ਅਪ੍ਰੈਲ ਤੋਂ 1 ਜੂਨ ਦੇ ਵਿਚਕਾਰ ਸੱਤ ਪੜਾਵਾਂ ’ਚ ਹੋਣਗੀਆਂ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। 2019 ’ਚ ਭਾਜਪਾ ਅਤੇ ਜਨਤਾ ਦਲ (ਯੂ) ਨੇ 17-17 ਸੀਟਾਂ ’ਤੇ ਚੋਣ ਲੜੀ ਸੀ, ਜਦਕਿ ਰਾਮ ਵਿਲਾਸ ਪਾਸਵਾਨ ਦੀ ਅਗਵਾਈ ਵਾਲੀ ਅਣਵੰਡੀ ਲੋਕ ਜਨਸ਼ਕਤੀ ਪਾਰਟੀ ਨੇ 6 ਸੀਟਾਂ ’ਤੇ ਚੋਣ ਲੜੀ ਸੀ।