
ਐਚ.ਕੇ.ਯੂ.-1 ਕੋਰੋਨਾ ਵਾਇਰਸ ਦਾ ਘੱਟ ਗੰਭੀਰ ਪਰ ਚਿੰਤਾਜਨਕ ਰੂਪ ਹੈ
ਕੋਲਕਾਤਾ : ਕੋਲਕਾਤਾ 'ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਐਚ.ਕੇ.ਯੂ.-1 ਦੀ ਪਛਾਣ ਕੀਤੀ ਗਈ ਹੈ। ਇਸ ਦੇ ਮੱਦੇਨਜ਼ਰ ਕੋਲਕਾਤਾ ਸ਼ਹਿਰ 'ਚ ਇਕ ਵਾਰ ਫਿਰ ਕੋਵਿਡ ਦਾ ਡਰ ਫੈਲ ਗਿਆ ਹੈ। ਕੋਲਕਾਤਾ ਦੇ ਗਰੀਆ ਦੀ ਰਹਿਣ ਵਾਲੀ 49 ਸਾਲ ਦੀ ਔਰਤ ਨੂੰ ਲਗਾਤਾਰ 15 ਦਿਨਾਂ ਤੋਂ ਬੁਖਾਰ ਹੋਣ ਤੋਂ ਬਾਅਦ ਦੱਖਣੀ ਕੋਲਕਾਤਾ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਟੈਸਟਾਂ ਤੋਂ ਪਤਾ ਲੱਗਿਆ ਹੈ ਕਿ ਉਹ ਕੋਰੋਨਾ ਵਾਇਰਸ ਐਚ.ਕੇ.ਯੂ.-1 ਵਾਇਰਸ ਨਾਲ ਸੰਕਰਮਿਤ ਸੀ, ਜੋ ਕਿ ਘੱਟ ਗੰਭੀਰ ਪਰ ਅਜੇ ਵੀ ਚਿੰਤਾਜਨਕ ਰੂਪ ਹੈ।
ਸਿਹਤ ਮਾਹਰਾਂ ਨੇ ਨਵੇਂ ਰੂਪ ਨੂੰ ਫੈਲਣ ਤੋਂ ਰੋਕਣ ਲਈ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਮਰੀਜ਼ ਦਾ ਕੋਲਕਾਤਾ ਦੇ ਆਰ.ਐਨ. ਟੈਗੋਰ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਜਿੱਥੇ ਡਾਕਟਰ ਅਰਿੰਦਮ ਬਿਸਵਾਸ ਨੇ ਕਿਹਾ, ‘‘ਸ਼ੁਰੂ ਵਿੱਚ ਸੈਕੰਡਰੀ ਨਿਮੋਨੀਆ ਦਾ ਪਤਾ ਲੱਗਾ ਸੀ। ਉਸ ਨੂੰ ਪਿਛਲੇ 15 ਦਿਨਾਂ ਤੋਂ ਤੇਜ਼ ਬੁਖਾਰ ਸੀ। ਮਰੀਜ਼ ਦਾ ਕੋਈ ਯਾਤਰਾ ਇਤਿਹਾਸ ਵੀ ਨਹੀਂ ਹੈ। ਇਹ ਸਾਰਸ-ਕੋਵ-2 ਨਾਲ ਸਬੰਧਤ ਨਹੀਂ ਹੈ, ਪਰ ਇਹ ਕੋਰੋਨਾਵਾਇਰਸ ਦਾ ਇਕ ਹੋਰ ਸਟ੍ਰੇਨ ਹੈ, ਐਚ.ਕੇ.ਯੂ.-1. ਅਸੀਂ ਉਸ ਨੂੰ ਐਂਟੀਬਾਇਓਟਿਕਦਵਾਈਆਂ ਦੀ ਭਾਰੀ ਖੁਰਾਕ ਦਿੱਤੀ ਹੈ ਅਤੇ ਉਹ ਹੁਣ ਠੀਕ ਹੋ ਰਹੀ ਹੈ। ਉਮੀਦ ਹੈ ਕਿ ਉਸ ਨੂੰ ਮੰਗਲਵਾਰ ਨੂੰ ਛੁੱਟੀ ਦੇ ਦਿੱਤੀ ਜਾਵੇਗੀ।’’