
ਪੁਲਿਸ ਨੇ ਸਥਿਤੀ ਨੂੰ ਕਾਬੂ ’ਚ ਕੀਤਾ ਅਤੇ ਦੋਹਾਂ ਬੰਧਕਾਂ ਨੂੰ ਅਪਣੀ ਹਿਰਾਸਤ ’ਚ ਲੈ ਲਿਆ ਅਤੇ ਇਕ-ਇਕ ਕਰ ਕੇ ਪੁੱਛ-ਪੜਤਾਲ ਕੀਤੀ
ਮੁੰਗੇਰ : ਬਿਹਾਰ ਦੇ ਮੁੰਗੇਰ ਜ਼ਿਲ੍ਹੇ ’ਚ ਪੁਲਿਸ ਦੀ ਐਮਰਜੈਂਸੀ ਸੇਵਾ ਡਾਇਲ-112 ਦੀ ਟੀਮ ’ਤੇ ਪਿੰਡ ਵਾਸੀਆਂ ਵਲੋਂ ਪੱਥਰ ਸੁੱਟੇ ਜਾਣ ਕਾਰਨ ਤਿੰਨ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। ਮੁੰਗੇਰ ਦੇ ਪੁਲਿਸ ਸੁਪਰਡੈਂਟ ਸਈਦ ਇਮਰਾਨ ਮਸੂਦ ਨੇ ਕਿਹਾ ਕਿ 28 ਨਾਮਜ਼ਦ ਲੋਕਾਂ ਵਿਰੁਧ ਐਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਉਨ੍ਹਾਂ ’ਚੋਂ 24 ਨੂੰ ਸੋਮਵਾਰ ਰਾਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਬਾਕੀ ਲੋਕਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੁਲਿਸ ਵਲੋਂ ਜਾਰੀ ਬਿਆਨ ਅਨੁਸਾਰ ਸੋਮਵਾਰ ਨੂੰ ਖੜਗਪੁਰ ਥਾਣੇ ਨੂੰ ਡਾਇਲ-112 ਰਾਹੀਂ ਸੂਚਨਾ ਮਿਲੀ ਕਿ ਫਸਿਆਬਾਦ ਦੇ ਪਿੰਡ ਵਾਸੀਆਂ ਵਲੋਂ ਦੋ ਲੋਕਾਂ ਨੂੰ ਬੰਧਕ ਬਣਾ ਕੇ ਕੁੱਟਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਦੇ ਆਧਾਰ ’ਤੇ ਖੜਗਪੁਰ ਸਬ-ਡਵੀਜ਼ਨਲ ਪੁਲਿਸ ਅਧਿਕਾਰੀ ਦੀ ਅਗਵਾਈ ਹੇਠ ਬਣਾਈ ਗਈ ਵਿਸ਼ੇਸ਼ ਪੁਲਿਸ ਟੀਮ ਫਸੀਆਬਾਦ ਦੇ ਕਮਿਊਨਿਟੀ ਹਾਲ ਨੇੜੇ ਪਹੁੰਚੀ ਅਤੇ ਕਮਿਊਨਿਟੀ ਹਾਲ ਦੇ ਬਾਹਰ ਵੱਡੀ ਗਿਣਤੀ ’ਚ ਮਰਦ ਅਤੇ ਔਰਤਾਂ ਵੇਖੀਆਂ। ਕਮਿਊਨਿਟੀ ਹਾਲ ਨੂੰ ਬਾਹਰੋਂ ਬੰਦ ਕਰ ਦਿਤਾ ਗਿਆ ਸੀ ਅਤੇ ਅੰਦਰ ਕੁੱਝ ਲੋਕ ਬੰਧਕ ਬਣਾਉਣ ਵਾਲਿਆਂ ’ਤੇ ਹਮਲਾ ਕਰ ਰਹੇ ਸਨ।
ਬਿਆਨ ਅਨੁਸਾਰ ਪੁਲਿਸ ਨੇ ਸਥਿਤੀ ਨੂੰ ਕਾਬੂ ’ਚ ਕੀਤਾ ਅਤੇ ਦੋਹਾਂ ਬੰਧਕਾਂ ਨੂੰ ਅਪਣੀ ਹਿਰਾਸਤ ’ਚ ਲੈ ਲਿਆ ਅਤੇ ਇਕ-ਇਕ ਕਰ ਕੇ ਪੁੱਛ-ਪੜਤਾਲ ਕੀਤੀ। ਦੋਹਾਂ ਬੰਧਕਾਂ ਦੀ ਪਛਾਣ ਵਿੱਕੀ ਕੁਮਾਰ ਅਤੇ ਸੰਜੇਸ਼ ਕੁਮਾਰ ਵਜੋਂ ਹੋਈ ਹੈ।
ਕਮਿਊਨਿਟੀ ਹਾਲ ਨੇੜੇ ਪਿੰਡ ਵਾਸੀਆਂ ਨੇ ਪੁਲਿਸ ਨੂੰ ਦਸਿਆ ਕਿ ਫਸਿਆਬਾਦ ਪਿੰਡ ਦਾ ਗੋਵਿੰਦ ਕੁਮਾਰ ਅਪਣੇ ਛੋਟੇ ਭਰਾ ਅੰਕੁਸ਼ ਕੁਮਾਰ ਨੂੰ ਪਖਾਨੇ ਲਈ ਬਾਹਰ ਲੈ ਜਾ ਰਿਹਾ ਸੀ ਕਿ ਹਥਿਆਰਾਂ ਨਾਲ ਲੈਸ ਮੋਟਰਸਾਈਕਲ ’ਤੇ ਸਵਾਰ ਤਿੰਨ ਵਿਅਕਤੀਆਂ ਨੇ ਗੋਵਿੰਦ ਦਾ ਮੋਬਾਈਲ ਖੋਹ ਲਿਆ ਅਤੇ ਕਮਿਊਨਿਟੀ ਹਾਲ ਨੇੜੇ ਉਸ ਦੀ ਕੁੱਟਮਾਰ ਕੀਤੀ। ਇਸ ਤੋਂ ਨਾਰਾਜ਼ ਪਿੰਡ ਵਾਸੀਆਂ ਨੇ ਵਿੱਕੀ ਕੁਮਾਰ ਅਤੇ ਸੰਜੇਸ਼ ਕੁਮਾਰ ਨੂੰ ਬੰਧਕ ਬਣਾ ਲਿਆ।
ਬਿਆਨ ਅਨੁਸਾਰ, ਪੁਲਿਸ ਅਧਿਕਾਰੀ ਨੇ ਭੀੜ ਨੂੰ ਦੋਹਾਂ ਬੰਧਕਾਂ ਨੂੰ ਰਿਹਾਅ ਕਰਨ ਲਈ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਭੀੜ ਕੁੱਝ ਵੀ ਸੁਣਨ ਲਈ ਤਿਆਰ ਨਹੀਂ ਸੀ। ਕਾਫੀ ਕੋਸ਼ਿਸ਼ ਤੋਂ ਬਾਅਦ ਬੰਧਕ ਬਣਾਏ ਗਏ ਵਿੱਕੀ ਅਤੇ ਸੰਜੇਸ਼ ਨੂੰ ਜਦੋਂ ਪੁਲਿਸ ਮੁਲਾਜ਼ਮ ਥਾਣੇ ਲੈ ਗਏ ਤਾਂ ਗੁੱਸੇ ’ਚ ਆਏ ਕੁੱਝ ਲੋਕਾਂ ਨੇ ਹੰਗਾਮਾ ਕੀਤਾ ਅਤੇ ਪੱਥਰ ਸੁੱਟਦੇ ਹੋਏ ਪੁਲਿਸ ਟੀਮ ’ਤੇ ਹਮਲਾ ਕਰ ਦਿਤਾ। ਇਸ ਹਮਲੇ ’ਚ ਤਿੰਨ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਜ਼ਖਮੀ ਪੁਲਿਸ ਮੁਲਾਜ਼ਮਾਂ ਨੂੰ ਇਲਾਜ ਲਈ ਖੜਗਪੁਰ ਦੇ ਪ੍ਰਾਇਮਰੀ ਹੈਲਥ ਸੈਂਟਰ ’ਚ ਦਾਖਲ ਕਰਵਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਸਹਾਇਕ ਸਬ-ਇੰਸਪੈਕਟਰ ਸੰਤੋਸ਼ ਕੁਮਾਰ ਸਿੰਘ ਦੀ 14 ਮਾਰਚ ਦੀ ਰਾਤ ਨੂੰ ਉਸ ਸਮੇਂ ਹੱਤਿਆ ਕਰ ਦਿਤੀ ਗਈ ਸੀ ਜਦੋਂ ਉਹ ਮੁੰਗੇਰ ਜ਼ਿਲ੍ਹੇ ਵਿਚ ਦੋ ਧਿਰਾਂ ਵਿਚਾਲੇ ਵਿਵਾਦ ਸੁਲਝਾਉਣ ਗਏ ਸਨ। ਕੈਮੂਰ ਜ਼ਿਲ੍ਹੇ ਦੇ ਵਸਨੀਕ ਏਐਸਆਈ ਸਿੰਘ ਐਮਰਜੈਂਸੀ ਸੇਵਾ ਡਾਇਲ-112 ਨਾਲ ਵੀ ਜੁੜੇ ਹੋਏ ਸਨ।