
ਕਿਹਾ, ਮੌਜੂਦਾ ਸਮਾਂ ਭਾਰਤ-ਅਮਰੀਕਾ ਸਬੰਧਾਂ ਨੂੰ ਡੂੰਘਾ ਕਰਨ ਅਤੇ ਉਨ੍ਹਾਂ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ਦਾ ਇਕ ਵੱਡਾ ਮੌਕਾ ਹੈ
ਨਵੀਂ ਦਿੱਲੀ : ਅਮਰੀਕਾ ਦੀ ਕੌਮੀ ਖੁਫੀਆ ਨਿਰਦੇਸ਼ਕ ਤੁਲਸੀ ਗਬਾਰਡ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ‘ਅਮਰੀਕਾ ਫਸਟ’ ਨੀਤੀ ਨੂੰ ਇਕੱਲੇ ਅਮਰੀਕਾ ਦੇ ਰੂਪ ’ਚ ਨਹੀਂ ਸਮਝਿਆ ਜਾਣਾ ਚਾਹੀਦਾ। ਰਾਇਸੀਨਾ ਡਾਇਲਾਗ ਦੇ ਇਕ ਸੈਸ਼ਨ ਨੂੰ ਸੰਬੋਧਨ ਕਰਦਿਆਂ ਗਬਾਰਡ ਨੇ ਕਿਹਾ ਕਿ ਮੌਜੂਦਾ ਸਮਾਂ ਭਾਰਤ-ਅਮਰੀਕਾ ਸਬੰਧਾਂ ਨੂੰ ਡੂੰਘਾ ਕਰਨ ਅਤੇ ਉਨ੍ਹਾਂ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ਦਾ ਇਕ ਵੱਡਾ ਮੌਕਾ ਹੈ।
ਉਨ੍ਹਾਂ ਕਿਹਾ, ‘‘ਇਸ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਟਰੰਪ ਨੇ ਪਿਛਲੇ ਮਹੀਨੇ ਵਾਸ਼ਿੰਗਟਨ ਡੀ.ਸੀ. ਵਿਚ ਅਪਣੀ ਬੈਠਕ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਵਿਆਪਕ ਦੁਵਲੇ ਸਬੰਧਾਂ ਨੂੰ ਉਤਸ਼ਾਹਤ ਕਰਨ ਦਾ ਦ੍ਰਿਸ਼ਟੀਕੋਣ ਪੇਸ਼ ਕੀਤਾ ਸੀ।’’ ਗਬਾਰਡ ਨੇ ਕਿਹਾ ਕਿ ਟਰੰਪ ਦੀ ‘ਅਮਰੀਕਾ ਪਹਿਲਾਂ’ ਨੀਤੀ ਦੀ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਵੀ ‘ਭਾਰਤ ਪਹਿਲਾਂ’ ਪਹੁੰਚ ਲਈ ਵਚਨਬੱਧ ਹਨ।
ਉਨ੍ਹਾਂ ਕਿਹਾ, ‘‘ਇਹ ਗਲਤਫਹਿਮੀ ਨਹੀਂ ਹੋਣੀ ਚਾਹੀਦੀ ਕਿ ‘ਅਮਰੀਕਾ ਪਹਿਲਾਂ’ ਦਾ ਮਤਲਬ ਸਿਰਫ ਅਮਰੀਕਾ ਹੈ। ਮੈਨੂੰ ਭਰੋਸਾ ਹੈ ਕਿ ਸਾਡੇ ਦੋਹਾਂ ਦੇਸ਼ਾਂ ਵਿਚਾਲੇ ਇਹ ਭਾਈਵਾਲੀ ਅਤੇ ਦੋਸਤੀ ਵਧਦੀ ਰਹੇਗੀ।’’ ਗਬਾਰਡ ਨੇ ਵਾਸ਼ਿੰਗਟਨ ਡੀ.ਸੀ. ਵਿਚ ਮੋਦੀ-ਟਰੰਪ ਦੀ ਮੁਲਾਕਾਤ ਨੂੰ ‘ਦੋ ਪੁਰਾਣੇ ਦੋਸਤਾਂ ਦਾ ਮੁੜ ਮਿਲਣ’ ਦਸਿਆ। ਵਿਸ਼ਵ ’ਚ ਭੂ-ਸਿਆਸੀ ਉਥਲ-ਪੁਥਲ ਬਾਰੇ ਚਰਚਾ ਕਰਦਿਆਂ ਗਬਾਰਡ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਸ਼ਾਂਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹਨ।