
Nagpur Curfew News : ਕਈ ਇਲਾਕਿਆਂ ਵਿਚ ਲਗਾਇਆ ਕਰਫ਼ਿਊ
Tension rises in Nagpur over demand to remove Aurangzeb's tomb Latest News in Punjabi : ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ’ਚ ਔਰੰਗਜ਼ੇਬ ਦੀ ਕਬਰ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਹੋਏ ਤਣਾਅ ਤੋਂ ਬਾਅਦ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀਐਨਐਸਐਸ) ਦੀ ਧਾਰਾ 163 ਦੇ ਤਹਿਤ ਨਾਗਪੁਰ ਸ਼ਹਿਰ ਦੇ ਕਈ ਇਲਾਕਿਆਂ ਵਿਚ ਕਰਫ਼ਿਊ ਲਗਾ ਦਿਤਾ ਗਿਆ ਹੈ। ਇਹ ਜਾਣਕਾਰੀ ਮਹਾਰਾਸ਼ਟਰ ਪੁਲਿਸ ਨੇ ਇਕ ਅਧਿਕਾਰਤ ਨੋਟੀਫ਼ਿਕੇਸ਼ਨ ਜਾਰੀ ਕਰ ਕੇ ਦਿਤੀ ਹੈ।
ਨਾਗਪੁਰ ਪੁਲਿਸ ਕਮਿਸ਼ਨਰ ਰਵਿੰਦਰ ਕੁਮਾਰ ਸਿੰਗਲ ਦੁਆਰਾ ਜਾਰੀ ਅਧਿਕਾਰਤ ਆਦੇਸ਼ ਦੇ ਅਨੁਸਾਰ, ਇਹ ਪਾਬੰਦੀਆਂ ਅਗਲੇ ਨੋਟਿਸ ਤਕ ਲਾਗੂ ਰਹਿਣਗੀਆਂ। ਜਾਣਕਾਰੀ ਅਨੁਸਾਰ ਇਹ ਕਰਫ਼ਿਊ ਕੋਤਵਾਲੀ, ਗਣੇਸ਼ਪੇਠ, ਤਹਿਸੀਲ, ਲਕੜਗੰਜ, ਪਚਪੌਲੀ, ਸ਼ਾਂਤੀਨਗਰ, ਸੱਕਰਦਰਾ, ਨੰਦਨਵਨ, ਇਮਾਮਵਾੜਾ, ਯਸ਼ੋਧਰਾਨਗਰ ਅਤੇ ਕਪਿਲਨਗਰ ਵਿਚ ਪੁਲਿਸ ਸਟੇਸ਼ਨਾਂ ਦੀਆਂ ਸੀਮਾਵਾਂ 'ਤੇ ਲਾਗੂ ਹੋਵੇਗਾ।
ਪੁਲਸ ਵਲੋਂ ਜਾਰੀ ਕੀਤੇ ਅਧਿਕਾਰਤ ਨੋਟੀਫ਼ਿਕੇਸ਼ਨ ਵਿਚ ਦਸਿਆ ਗਿਆ ਹੈ ਕਿ 17 ਮਾਰਚ ਨੂੰ, ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਤੇ ਬਜਰੰਗ ਦਲ ਦੇ ਲਗਭਗ 200 ਤੋਂ 250 ਮੈਂਬਰ ਔਰੰਗਜ਼ੇਬ ਦੀ ਕਬਰ ਨੂੰ ਹਟਾਉਣ ਦਾ ਸਮਰਥਨ ਕਰਨ ਲਈ ਨਾਗਪੁਰ ਦੇ ਮਹਿਲ ਵਿਚ ਸ਼ਿਵਾਜੀ ਮਹਾਰਾਜ ਦੇ ਬੁੱਤ ਦੇ ਨੇੜੇ ਇਕੱਠੇ ਹੋਏ। ਪ੍ਰਦਰਸ਼ਨਕਾਰੀਆਂ ਨੇ ਕਬਰ ਨੂੰ ਹਟਾਉਣ ਦੀ ਮੰਗ ਕਰਦੇ ਹੋਏ ਨਾਹਰੇਬਾਜ਼ੀ ਕੀਤੀ ਅਤੇ ਗੋਬਰ ਦੇ ਕੇਕ ਨਾਲ ਭਰਿਆ ਪ੍ਰਤੀਕਾਤਮਕ ਹਰਾ ਕੱਪੜਾ ਪ੍ਰਦਰਸ਼ਤ ਕੀਤਾ।
ਬਾਅਦ ਵਿਚ, ਸ਼ਾਮ 7:30 ਵਜੇ, ਲਗਭਗ 80 ਤੋਂ 100 ਲੋਕ ਭਾਲਦਾਰਪੁਰਾ ਵਿਚ ਇਕੱਠੇ ਹੋਏ, ਜਿਸ ਨਾਲ ਤਣਾਅ ਪੈਦਾ ਹੋਇਆ ਅਤੇ ਕਾਨੂੰਨ ਵਿਵਸਥਾ ਭੰਗ ਹੋ ਗਈ। ਹੁਕਮ ਵਿਚ ਕਿਹਾ ਗਿਆ ਹੈ ਕਿ ਇਕੱਠ ਨੇ ਸੜਕਾਂ 'ਤੇ ਲੋਕਾਂ ਦੀ ਆਵਾਜਾਈ ਨੂੰ ਪ੍ਰਭਾਵਤ ਕੀਤਾ ਜਿਸ ਲੋਕਾਂ ਨੂੰ ਪ੍ਰੇਸ਼ਾਨੀ ਹੋਈ।
ਇਸ ਦੌਰਾਨ, ਨਾਗਪੁਰ ਦੇ ਹੰਸਾਪੁਰੀ ਖੇਤਰ ਵਿੱਚ ਹਿੰਸਾ ਭੜਕ ਗਈ ਕਿਉਂਕਿ ਅਣਪਛਾਤੇ ਵਿਅਕਤੀਆਂ ਨੇ ਦੁਕਾਨਾਂ ਦੀ ਭੰਨਤੋੜ ਕੀਤੀ, ਵਾਹਨਾਂ ਨੂੰ ਅੱਗ ਲਗਾ ਦਿਤੀ ਅਤੇ ਪੱਥਰਬਾਜ਼ੀ ਕੀਤੀ। ਰਿਪੋਰਟਾਂ ਅਨੁਸਾਰ, ਮਹੱਲ ਖੇਤਰ ਵਿਚ ਦੋ ਸਮੂਹਾਂ ਵਿਚਕਾਰ ਪਹਿਲਾਂ ਹੋਈ ਝੜਪ ਨੇ ਸ਼ਹਿਰ ਵਿਚ ਤਣਾਅ ਵਧਾ ਦਿਤਾ। ਹੁਕਮ ਵਿਚ ਕਿਹਾ ਗਿਆ ਹੈ ਕਿ ਪੁਲਿਸ ਨੇ ਹੋਰ ਘਟਨਾਵਾਂ ਨੂੰ ਰੋਕਣ ਅਤੇ ਸ਼ਾਂਤੀ ਬਣਾਈ ਰੱਖਣ ਲਈ ਧਾਰਾ 163 ਦੇ ਤਹਿਤ ਪ੍ਰਭਾਵਤ ਖੇਤਰਾਂ ਵਿਚ ‘ਸੰਚਾਰ ਪਾਬੰਦੀ (ਕਰਫ਼ਿਊ)’ ਲਗਾਈ ਹੈ।
ਇਨ੍ਹਾਂ ਹੁਕਮਾਂ ਦੇ ਅਨੁਸਾਰ ਕਰਫ਼ਿਊ ਦੀ ਮਿਆਦ ਦੇ ਦੌਰਾਨ, ਕਿਸੇ ਵੀ ਵਿਅਕਤੀ ਨੂੰ ਡਾਕਟਰੀ ਕਾਰਨਾਂ ਤੋਂ ਇਲਾਵਾ ਕਿਸੇ ਵੀ ਕਾਰਨ ਕਰ ਕੇ ਘਰ ਤੋਂ ਬਾਹਰ ਜਾਣ ਦੀ ਆਗਿਆ ਨਹੀਂ ਹੋਵੇਗੀ ਤੇ ਨਾ ਹੀ ਪੰਜ ਤੋਂ ਵੱਧ ਲੋਕ ਜਨਤਕ ਥਾਵਾਂ ਹੋ ਸਕਣਗੇ। ਇਸ ਤੋਂ ਇਲਾਵਾ, ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਫੈਲਾਉਣ 'ਤੇ ਪਾਬੰਦੀ ਦੇ ਹੁਕਮ ਲਾਗੂ ਕੀਤੇ ਗਏ ਹਨ।
ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੁਲਿਸ ਨੂੰ ਪ੍ਰਭਾਵਤ ਖੇਤਰਾਂ ਵਿਚ ਸੜਕਾਂ ਬੰਦ ਕਰਨ ਦਾ ਅਧਿਕਾਰ ਦਿਤਾ ਗਿਆ ਹੈ। ਕਰਫ਼ਿਊ ਦੀ ਉਲੰਘਣਾ ਕਰਨ ਵਾਲਾ ਕੋਈ ਵੀ ਵਿਅਕਤੀ ‘ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 223 ਦੇ ਤਹਿਤ ਸਜ਼ਾ ਯੋਗ ਹੋਵੇਗਾ। ਹਾਲਾਂਕਿ, ਇਹ ਹੁਕਮ ਡਿਊਟੀ 'ਤੇ ਮੌਜੂਦ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦੇ ਨਾਲ-ਨਾਲ ਸਰਕਾਰੀ/ਪ੍ਰਸ਼ਾਸਕੀ ਅਧਿਕਾਰੀਆਂ/ ਕਰਮਚਾਰੀਆਂ, ਜ਼ਰੂਰੀ ਸੇਵਾਵਾਂ ਲਈ ਹਾਜ਼ਰ ਹੋਣ ਵਾਲੇ ਵਿਅਕਤੀਆਂ, ਵਿਦਿਆਰਥੀਆਂ ਅਤੇ ਫ਼ਾਇਰ ਬ੍ਰਿਗੇਡ ਤੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਵਿਅਕਤੀਆਂ 'ਤੇ ਲਾਗੂ ਨਹੀਂ ਹੋਵੇਗਾ।