
ਕਿਹਾ - ਮੋਦੀ ਨੇ ਰਾਫ਼ੇਲ ਖ਼ਰੀਦ ਮਾਮਲੇ ਵਿਚ ਅਪਣੇ ਮਿੱਤਰ ਉਦਯੋਗਪਤੀ ਅਨਿਲ ਅੰਬਾਨੀ ਨੂੰ 30 ਹਜ਼ਾਰ ਕਰੋੜ ਰੁਪਏ ਦਾ ਨਾਜਾਇਜ਼ ਫ਼ਾਇਦਾ ਪਹੁੰਚਾਇਆ
ਬਦਾਊਂ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਜੇ ਕਾਂਗਰਸ ਸੱਤਾ ਵਿਚ ਆਈ ਤਾਂ ਕੋਈ ਵੀ ਕਰਜ਼ਾਈ ਕਿਸਾਨ ਕਰਜ਼ਾ ਨਾ ਮੋੜਨ ਕਰ ਕੇ ਜੇਲ ਨਹੀਂ ਜਾਣ ਦਿਤਾ ਜਾਵੇਗਾ। ਯੂਪੀ ਦੇ ਆਵੰਲਾ ਲੋਕ ਸਭਾ ਹਲਕੇ ਵਿਚ ਚੋਣ ਰੈਲੀ ਨੂੰ ਸੰਬੋਧਤ ਕਰਦਿਆਂ ਰਾਹੁਲ ਨੇ ਕਿਹਾ, 'ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਹਜ਼ਾਰਾਂ ਕਰੋੜ ਰੁਪਏ ਦੇ ਕਰਜ਼ਾਈ ਕਾਰੋਬਾਰੀਆਂ ਨੂੰ ਜੇਲ ਭੇਜਣ ਦੀ ਬਜਾਏ ਵਿਦੇਸ਼ ਭੱਜਣ ਦਿਤਾ ਜਦਕਿ ਕਿਸਾਨ ਨੂੰ ਮਹਿਜ਼ 20 ਹਜ਼ਾਰ ਰੁਪਏ ਦਾ ਕਰਜ਼ਾ ਨਾ ਮੋੜਨ ਕਰ ਕੇ ਜੇਲ ਵਿਚ ਸੁੱਟ ਦਿਤਾ ਗਿਆ। ਹੁਣ ਅਜਿਹਾ ਨਹੀਂ ਹੋਵੇਗਾ। ਜਦ ਤਕ ਵੱਡੇ ਕਰਜ਼ਾਈ ਜੇਲ ਵਿਚ ਨਹੀਂ ਹੋਣਗੇ, ਤਦ ਤਕ ਇਕ ਵੀ ਕਿਸਾਨ ਜੇਲ ਨਹੀਂ ਜਾਏਗਾ।'
Rahul Gandhi
ਰਾਹੁਲ ਨਾਲ ਕਾਂਗਰਸ ਦੇ ਪਛਮੀ ਉੱਤਰ ਪ੍ਰਦੇਸ਼ ਇੰਚਾਰਜ ਜਯੋਤੀਰਾਦਿਤਿਯ ਸਿੰਧੀਆ ਵੀ ਸਨ। ਰਾਹੁਲ ਨੇ ਕਿਹਾ ਕਿ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ ਕਾਂਗਰਸ ਦੀ ਸਰਕਾਰ ਬਣਦੇ ਹੀ ਉਨ੍ਹਾਂ ਅਪਣੇ ਵਾਅਦੇ ਮੁਤਾਬਕ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ। ਉਨ੍ਹਾਂ ਕਿਹਾ, 'ਅਸੀਂ ਦੇਸ਼ ਵਿਚ ਦੋ ਹਿੰਦੁਸਤਾਨ ਨਹੀਂ ਬਣਨੇ ਦਿਆਂਗੇ।' ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਅਤੇ ਬਸਪਾ ਨੂੰ ਘੇਰਦਿਆਂ ਕਿਹਾ ਕਿ ਮੋਦੀ ਨੇ ਰਾਫ਼ੇਲ ਖ਼ਰੀਦ ਮਾਮਲੇ ਵਿਚ ਅਪਣੇ ਮਿੱਤਰ ਉਦਯੋਗਪਤੀ ਅਨਿਲ ਅੰਬਾਨੀ ਨੂੰ 30 ਹਜ਼ਾਰ ਕਰੋੜ ਰੁਪਏ ਦਾ ਨਾਜਾਇਜ਼ ਫ਼ਾਇਦਾ ਪਹੁੰਚਾਇਆ।
Rahul Gandhi
ਉਨ੍ਹਾਂ ਪੁਛਿਆ, 'ਕੀ ਕਦੇ ਸਮਾਜਵਾਦੀ ਪਾਰਟੀ ਅਤੇ ਬਸਪਾ ਨੇ 'ਚੌਕੀਦਾਰ ਚੋਰ ਹੈ' ਕਿਹਾ? ਨਹੀਂ ਕਿਹਾ, ਕਿਉਂਕਿ ਉਨ੍ਹਾਂ ਦੀ ਚਾਬੀ ਮੋਦੀ ਦੇ ਹੱਥ ਵਿਚ ਹੈ।' ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੋਦੀ ਸਰਕਾਰ ਦੇ ਕਾਰਜਕਾਲ ਵਿਚ ਬੇਰੁਜ਼ਗਾਰੀ ਪਿਛਲੇ 45 ਸਾਲਾਂ ਵਿਚ ਸੱਭ ਤੋਂ ਜ਼ਿਆਦਾ ਹੋ ਚੁੱਕੀ ਹੈ। ਅੱਜ ਦੇਸ਼ ਵਿਚ ਹਰ 24 ਘੰਟਿਆਂ ਵਿਚ 27 ਹਜ਼ਾਰ ਨੌਜਵਾਨ ਰੁਜ਼ਗਾਰ ਖੋ ਰਹੇ ਹਨ। ਰਾਹੁਲ ਨੇ ਕਿਹਾ ਕਿ ਮੋਦੀ ਨੇ ਨੋਟਬੰਦੀ ਕਰ ਕੇ ਦੇਸ਼ ਦੇ ਲੋਕਾਂ ਦਾ ਪੈਸਾ ਕੱਢ ਲਿਆ। ਹੁਣ ਕਾਂਗਰਸ ਉਹੀ ਪੈਸਾ ਅਨਿਲ ਅੰਬਾਲੀ ਕੋਲੋਂ ਖੋਹ ਕੇ ਗ਼ਰੀਬਾਂ ਦੇ ਖਾਤੇ ਵਿਚ ਪਾਵੇਗੀ।