
24 ਘੰਟਿਆਂ ਵਿਚ 1076 ਨਵੇਂ ਮਾਮਲੇ, 32 ਮੌਤਾਂ
ਨਵੀਂ ਦਿੱਲੀ, 17 ਅਪ੍ਰੈਲ: ਕੇਂਦਰੀ ਸਿਹਤ ਮੰਤਰਾਲੇ ਦਾ ਦਾਅਵਾ ਹੈ ਕਿ ਪਿਛਲੇ ਇਕ ਹਫ਼ਤੇ ਦੌਰਾਨ 6.2 ਦਿਨਾਂ ਵਿਚ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਦੁਗਣੀ ਹੋਈ ਹੈ ਜਦਕਿ ਦੇਸ਼ ਭਰ ਵਿਚ ਤਾਲਾਬੰਦੀ ਲਾਗੂ ਕੀਤੇ ਜਾਣ ਤੋਂ ਪਹਿਲਾਂ ਇਹ ਦਰ ਤਿੰਨ ਗੁਣਾਂ ਸੀ। ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਪੱਤਰਕਾਰ ਸੰਮੇਲਨ ਵਿਚ ਦਾਅਵਾ ਕੀਤਾ ਕਿ ਕੋਰੋਨਾ ਵਾਇਰਸ ਲਾਗ ਤੋਂ ਠੀਕ ਹੋਣ ਵਾਲੇ ਅਤੇ ਲਾਗ ਤੋਂ ਮੌਤ ਦੇ ਮਾਮਲਿਆਂ ਦੀ ਗਿਣਤੀ ਦੇ ਮਾਮਲੇ ਵਿਚ ਭਾਰਤ ਕਈ ਹੋਰ ਮੁਲਕਾਂ ਨਾਲ ਬਿਹਤਰ ਕੰਮ ਕਰ ਰਿਹਾ ਹੈ।
ਉਨ੍ਹਾਂ ਕਿਹਾ, 'ਜੇ ਭਾਰਤ ਵਿਚ 80 ਫ਼ੀ ਸਦੀ ਰੋਗੀ ਠੀਕ ਹੋ ਰਹੇ ਹਨ ਅਤੇ 20 ਫ਼ੀ ਸਦੀ ਮਾਮਲਿਆਂ ਵਿਚ ਮੌਤ ਦੀ ਗੱਲ ਪਤਾ ਲੱਗ ਰਹੀ ਹੈ ਤਾਂ ਮਾਪਦੰਡਾਂ ਮੁਤਾਬਕ ਭਾਰਤ ਇਸ ਅਨੁਪਾਤ ਦੇ ਮਾਮਲੇ ਵਿਚ ਕਈ ਹੋਰ ਦੇਸ਼ਾਂ ਨਾਲੋਂ ਬਿਹਤਰ ਹਾਲਤ ਵਿਚ ਹੈ। ਉਨ੍ਹਾਂ ਦਸਿਆ ਕਿ ਦੇਸ਼ ਵਿਚ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ 1076 ਦਾ ਵਾਧਾ ਹੋਇਆ ਹੈ ਅਤੇ 32 ਮੌਤਾਂ ਦੇ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿਚ ਲਾਗ ਦੇ ਕੁਲ ਮਾਮਲਿਆਂ ਦੀ ਗਿਣਤੀ 13835 ਹੋ ਗਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 452 ਹੋ ਗਈ ਹੈ। ਉਨ੍ਹਾਂ ਦਸਿਆ ਕਿ ਹੁਣ ਤਕ 1766 ਲੋਕ ਠੀਕ ਹੋਏ ਹਨ ਜੋ ਕੁਲ ਰੋਗੀਆਂ ਦਾ 13.06 ਫ਼ੀ ਸਦ ਹਨ।
File photo
ਅਗਰਵਾਲ ਨੇ ਕਿਹਾ, '19 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਮਾਮਲੇ ਦੁਗਣੇ ਹੋਣ ਦੀ ਦਰ ਕੌਮੀ ਔਸਤ ਨਾਲੋਂ ਘੱਟ ਹੈ। ਤਾਲਾਬੰਦੀ ਤੋਂ ਪਹਿਲਾਂ ਮਾਮਲਿਆਂ ਦੇ ਦੁਗਣੇ ਹੋਣ ਦੀ ਦਰ ਤਿੰਨ ਦਿਨ ਸੀ।' ਸਿਹਤ ਮੰਤਰਾਲੇ ਦੇ ਅਧਿਕਾਰੀ ਨੇ ਇਹ ਵੀ ਕਿਹਾ ਕਿ ਜਾਂਚ ਕਾਰਨ ਮਾਮਲਿਆਂ ਵਿਚ 40 ਫ਼ੀ ਸਦੀ ਦੀ ਕਮੀ ਵੀ ਆ ਗਈ ਹੈ ਜਿਨ੍ਹਾਂ ਵਿਚ ਸਾਹ ਸਬੰਧੀ ਗੰਭੀਰ ਬੀਮਾਰੀ (ਐਸਏਆਰਆਈ) ਅਤੇ ਇਨਫ਼ਲੂਐਂਜ਼ਾ ਜਿਹੀ ਬੀਮਾਰੀ (ਆਈਐਲਆਈ) ਦੇ ਵੀ ਮਾਮਲੇ ਹਨ। (ਏਜੰਸੀ)
ਹੁਣ ਤਕ 3,19,400 ਟੈਸਟ ਕੀਤੇ ਗਏ
ਆਈਸੀਐਮਆਰ ਦੇ ਵਿਗਿਆਨੀ ਡਾ. ਰਮਨ ਆਰ ਗੰਗਾਖੇੜਕਰ ਨੇ ਦਸਿਆ ਕਿ ਦੇਸ਼ ਵਿਚ ਹੋਣ ਤਕ ਕੋਰੋਨਾ ਵਾਇਰਸ ਦੇ 3,19,400 ਟੈਸਟ ਕੀਤੇ ਗਏ ਹਨ। ਉਨ੍ਹਾਂ ਦਸਿਆ ਕਿ ਚੀਨ ਤੋਂ ਕਲ ਪੁੱਜੀਆਂ ਪੰਜ ਲੱਖ ਰੈਪਿਡ ਐਂਟੀਬਾਡੀ ਜਾਂਚ ਕਿੱਟਾਂ ਰਾਜਾਂ ਦੇ ਜ਼ਿਆਦਾ ਕੇਸਾਂ ਵਾਲੇ ਜ਼ਿਲ੍ਹਿਆਂ ਵਿਚ ਵੰਡੀਆਂ ਜਾ ਰਹੀਆਂ ਹਨ। ਉਨ੍ਹਾਂ ਦਸਿਆ ਕਿ 28340 ਸੈਂਪਲਾਂ ਦੀ ਜਾਂਚ ਵੀਰਵਾਰ ਨੂੰ ਕੀਤੀ ਗਈ ਜਿਨ੍ਹਾਂ ਵਿਚੋਂ 23932 ਜਾਂਚਾਂ ਆਈਸੀਐਮਆਰ ਦੀਆਂ 183 ਲੈਬਾਂ ਵਿਚ ਹੋਈਆਂ।