
ਅਤਿ ਤੀਬਰਤਾ ਵਾਲੇ ਚੱਕਰਵਾਤੀ ਤੂਫ਼ਾਨ ਦਾ ਰੂਪ ਲੈ ਚੁਕਿਆ ਤੌਕਤੇ : ਮੌਸਮ ਵਿਭਾਗ
ਮੁੰਬਈ: ਅਰਬ ਸਾਗਰ ਵਿਚ ਆਏ ਚੱਕਰਵਾਤੀ ਤੂਫ਼ਾਨ ਕਾਰਨ ਮੁੰਬਈ ਵਿਚ ਸੋਮਵਾਰ ਸ਼ਾਮ 114 ਕਿਲੇਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਨੇਰੀ ਚੱਲੀ। ਸਥਾਨਥ ਕਮੇਟੀ ਦੇ ਅਧਿਕਾਰੀਆਂ ਨੇ ਦਸਿਆ ਕਿ ਇਹ ਦਿਨ ਭਰ ਵਿਚ ਇਹ ਸੱਭ ਤੋਂ ਤੇਜ਼ ਹਨੇਰੀ ਹੈ। ਸੋਮਵਾਰ ਨੂੰ ਮੁੰਬਈ ’ਚ ਤੇਜ਼ ਹਵਾਵਾਂ ਦੇ ਨਾਲ-ਨਾਲ ਮੋਹਲੇਧਾਰ ਮੀਂਹ ਪਿਆ। ਤੇਜ਼ ਹਵਾਵਾਂ ਨੇ ਸ਼ਹਿਰ ਦੇ ਕਈ ਇਲਾਕਿਆਂ ’ਚ ਮਜ਼ਬੂਤ ਦਰੱਖ਼ਤਾਂ ਨੂੰ ਉਖਾੜ ਕੇ ਸੁਟ ਦਿਤਾ।
Cyclone Tauktae
ਕਈ ਇਲਾਕਿਆਂ ’ਚ ਪਾਣੀ ਭਰ ਗਿਆ ਹੈ, ਜਿਸ ਕਾਰਨ ਟਰੇਨ ਸੇਵਾਵਾਂ ’ਚ ਵੀ ਰੁਕਾਵਟ ਆਈ। ਇਸ ਦਰਮਿਆਨ ਮੌਸਮ ਮਹਿਕਮੇ ਨੇ ਅਗਲੇ ਕੁਝ ਘੰਟਿਆਂ ਵਿਚ ਮੁੰਬਈ ’ਚ ਭਾਰੀ ਮੀਂਹ ਪੈਣ ਅਤੇ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਚਿਤਾਵਨੀ ਜਾਰੀ ਕੀਤੀ ਹੈ। ਫ਼ਿਲਹਾਲ ਮੁੰਬਈ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ’ਚ ਮੋਹਲੇਧਾਰ ਮੀਂਹ ਪੈਣ ਅਤੇ ਤੇਜ਼ ਹਨੇਰੀ ਚੱਲ ਰਹੀ ਹੈ।
Cyclone Tauktae
ਬੀ. ਐਮ. ਸੀ. ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਤੇਜ਼ ਹਵਾਵਾਂ ਚੱਲਣ ਕਾਰਨ ਬਾਂਦਰਾ-ਵਰਲੀ ਸੀ-ਲਿੰਕ ਨੂੰ ਆਵਾਜ਼ਾਈ ਲਈ ਬੰਦ ਕਰ ਦਿਤਾ ਗਿਆ ਹੈ ਅਤੇ ਲੋਕਾਂ ਨੂੰ ਬਦਲਵੇਂ ਮਾਰਗ ਦਾ ਇਸਤੇਮਾਲ ਕਰਨ ਦੀ ਸਲਾਹ ਦਿਤੀ ਗਈ ਹੈ। ਮੌਸਮ ਮਹਿਕਮੇ ਦੀ ਸੀਨੀਅਰ ਡਾਇਰੈਕਟਰ ਸ਼ੁਭਾਂਗੀ ਭੂਟੇ ਨੇ ਦਸਿਆ ਕਿ ਦਖਣੀ ਮੁੰਬਈ ਦੇ ਕੋਲਾਬਾ ਖੇਤਰ ’ਚ 11 ਵਜੇ ਦੇ ਕਰੀਬ ਹਵਾ ਦੀ ਰਫ਼ਤਾਰ 114 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ, ਜੋ ਦਿਨ ’ਚ ਹੁਣ ਤਕ ਦੀ ਸੱਭ ਤੋਂ ਤੇਜ਼, ਹਵਾ ਦੀ ਰਫ਼ਤਾਰ ਹੈ।
Cyclone Tauktae
ਭਾਰਤੀ ਮੌਸਮ ਵਿਭਾਗ ਨੇ ਟਵੀਟ ਕੀਤਾ,‘‘ਤੌਕਤੇ ਚੱਕਰਵਾਤ ਹੁਣ ਅਤਿ ਤੀਬਰਤਾ ਵਾਲੇ ਚੱਕਰਵਾਤੀ ਤੂਫ਼ਾਨ ਦਾ ਰੂਪ ਲੈ ਚੁਕਿਆ ਹੈ। ਮੁੰਬਈ ਵਿਚ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਅਤੇ ਗੁਜਰਾਤ ਵਿਚ 290 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚਲੇਗੀ। ਉਤਰੀ ਕੋਂਕਣ, ਮਹਾਂਰਾਸ਼ਟਰ ਦੇ ਸਮੁੰਦਰੀ ਕੰਢੇ ਦੇ ਖੇਤਰ ਅਤੇ ਗੁਜਰਾਤ ਵਿਚ ਧਿਆਨ ਦੇਣ ਦੀ ਲੋੜ ਹੈ।’’
Cyclone Tauktae
ਚੱਕਰਵਾਤ ਤੌਕਤੇ : 410 ਯਾਤਰੀਆਂ ਵਾਲੀਆਂ ਦੋ ਕਿਸ਼ਤੀਆਂ ਮੁੰਬਈ ਸਮੁੰਦਰੀ ਕੰਢੇ ਤੋਂ ਦੂਰ ਗਈਆਂ
ਅਰਬ ਸਾਗਰ ’ਤੇ ਉਠੇ ਤੂਫ਼ਾਨ ਦੇ ਖ਼ਤਰਨਾਕ ਚੱਕਰਵਾਤ ਤੂਫ਼ਾਨ ਤੌਕਤੇ ਵਿਚ ਤਬਦੀਲ ਹੋਣ ਅਤੇ ਸੋਮਵਾਰ ਸ਼ਾਮ ਤਕ ਗੁਜਰਾਤ ਵਲੋਂ ਮਹਾਂਰਾਸ਼ਟਰ ਵਲ ਵਧਣ ਵਿਚਾਲੇ 410 ਯਾਤਰੀਆਂ ਵਾਲੀਆਂ ਦੋ ਕਿਸ਼ਤੀਆਂ ਮੁੰਬਈ ਸਮੁੰਦਰੀ ਕੰਢੇ ਤੋਂ ਦੂਰ ਚਲੀਆਂ ਗਈਆਂ ਹਨ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿਤੀ। ਸਮੁੰਦਰੀ ਫ਼ੌਜ ਦੇ ਬੁਲਾਰੇ ਨੇ ਦਸਿਆ,‘‘ਬਾਂਮਬੇ ਹਾਈ ਇਲਾਕੇ ਵਿਚ ਹੀਰਾ ਆਇਲ ਫ਼ੀਲਡਜ਼ ਕੰਢੇ ਤੋਂ ਕਿਸ਼ਤੀ ‘ਪੀ-305’ ਦੇ ਦੂਰ ਜਾਣ ਦੀ ਸੂਚਨਾ ਮਿਲਣ ’ਤੇ ਆਈਐਨਐਸ ਕੋਚਿਚ ਨੂੰ ਬਚਾਅ ਅਤੇ ਤਲਾਸ਼ ਅਭਿਆਨ ਲਈ ਭੇਜਿਆ ਗਿਆ ਹੈ। ਕਿਸ਼ਤੀ ਵਿਚ 273 ਲੋਕ ਸਵਾਰ ਸਨ।’’
Cyclone Tauktae
ਆਇਲ ਫ਼ੀਲਡ ਮੁੰਬਈ ਤੋਂ ਕਰੀਬ 70 ਕਿਲੋਮੀਟਰ ਦੱਖਣ ਪੱਛਮ ਵਿਚ ਹੈ। ਬੁਲਾਰੇ ਨੇ ਦਸਿਆ,‘‘ਹੋਰ ਐਮਰਜੈਂਸੀ ਸੰਦੇਸ਼ ਕਿਸ਼ਤੀ ‘ਜੀਏਐਲ ਕੰਸਟ੍ਰੇਕਟਰ’ ਤੋਂ ਮਿਲਿਆ ਜਿਸ ’ਤੇ 137 ਯਾਤਰੀ ਸਵਾਰ ਹਨ। ਇਹ ਕਿਸ਼ਤੀ ਮੁੰਬਈ ਤੋਂ ਅੱਠ ਸਮੁੰਦਰੀ ਮੀਲ ਦੀ ਦੂਰੀ ’ਤੇ ਹੈ। ਆਈਐਨਐਸ ਕੋਲਕਾਤਾ ਨੂੰ ਸਹਾਇਤਾ ਲਈ ਭੇਜਿਆ ਗਿਆ ਹੈ।’’ ਸੋਮਵਾਰ ਸਵੇਰੇ ਚੱਕਰਵਾਤ ਦੇ ਮਹਾਂਰਾਸ਼ਟਰ ਦੇ ਸਮੁੰਦਰੀ ਕੰਢੇ ’ਤੇ ਨੇੜਲੇ ਰਾਏਗੜ੍ਹ ਜ਼ਿਲ੍ਹੇ ਵਿਚ ‘ਰੈਡ ਅਲਰਟ’ ਅਤੇ ਮੁੰਬਈ ਵਿਚ ‘ਆਰੇਂਜ ਅਲਰਟ’ ਜਾਰੀ ਕੀਤਾ ਗਿਆ ਹੈ।