
ਖ਼ਰਾਬ ਅਰਥਚਾਰੇ ਅਤੇ ਵਿਦੇਸ਼ ਨੀਤੀ ਕਾਰਨ ਚੀਨ ਹਮਲਾਵਰ ਹੋਇਆ
ਨਵੀਂ ਦਿੱਲੀ, 17 ਜੁਲਾਈ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ 10 ਲੱਖ ਤੋਂ ਵੱਧ ਹੋਣ ’ਤੇ ਕਿਹਾ ਕਿ ਜੇ ਕੋਵਿਡ-19 ਇਸੇ ਤੇਜ਼ੀ ਨਾਲ ਫੈਲਿਆ ਤਾਂ 10 ਅਗੱਸਤ ਤਕ ਲਾਗ ਦੇ ਮਾਮਲੇ 20 ਲੱਖ ਦੇ ਪਾਰ ਚਲੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਹਾਂਮਾਰੀ ਨੂੰ ਰੋਕਣ ਲਈ ਸਰਕਾਰ ਨੂੰ ਠੋਸ ਕਦਮ ਚੁਕਣੇ ਚਾਹੀਦੇ ਹਨ। ਕਾਂਗਰਸ ਆਗੂ ਨੇ ਟਵਿਟਰ ’ਤੇ ਕਿਹਾ, ‘10,00,000 ਦਾ ਅੰਕੜਾ ਪਾਰ ਹੋ ਗਿਆ ਹੈ। ਇਸੇ ਤੇਜ਼ੀ ਨਾਲ ਕੋਵਿਡ-19 ਫੈਲਿਆ ਤਾਂ 10 ਅਗੱਸਤ ਤਕ ਦੇਸ਼ ਵਿਚ 20,00,000 ਤੋਂ ਵੱਧ ਲੋਕ ਪੀੜਤ ਹੋਣਗੇ।
ਸਰਕਾਰ ਨੂੰ ਮਹਾਂਮਾਰੀ ਰੋਕਣ ਲਈ ਠੋਸ ਕਦਮ ਚੁਕਣੇ ਚਾਹੀਦੇ ਹਨ। ਚੀਨ ਨਾਲ ਰੇੜਕੇ ਬਾਰੇ ਗੱਲ ਕਰਦਿਆਂ ਰਾਹੁਲ ਨੇ ਕਿਹਾ ਕਿ ਭਾਰਤ ਸਰਕਾਰ ਦੀ ਵਿਦੇਸ਼ ਨੀਤੀ ਦੇ ਫ਼ੇਲ ਹੋਣ ਦੀ ਹਾਲਤ ਵਿਚ ਆਉਣ ਅਤੇ ਅਰਥਚਾਰੇ ਦੀ ਹਾਲਤ ਖ਼ਰਾਬ ਹੋਣ ਕਾਰਨ ਚੀਨ ਸਰਹੱਦ ’ਤੇ ਸਾਡੇ ਵਿਰੁਧ ਹਮਲਾਵਰ ਰਿਹਾ। ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ ਇਸ ਵੇਲੇ ਲਗਭਗ ਸਾਰੇ ਗੁਆਂਢੀ ਦੇਸ਼ਾਂ ਨਾਲ ਭਾਰਤ ਦੇ ਰਿਸ਼ਤੇ ਖ਼ਰਾਬ ਹਨ ਅਤੇ ਸਰਕਾਰ ਨੇ ਅਰਥਚਾਰੇ ਨੂੰ ਪਟੜੀ ’ਤੇ ਲਿਆਉਣ ਲਈ ਵਿਰੋਧੀ ਧਿਰ ਦੇ ਸੁਝਾਵਾਂ ਨੂੰ ਪ੍ਰਵਾਨ ਨਹੀਂ ਕੀਤਾ।
File Photo
ਕਾਂਗਰਸ ਆਗੂ ਨੇ ਵੀਡੀਉ ਜਾਰੀ ਕਰ ਕੇ ਸਵਾਲ ਕੀਤਾ, ‘ਆਖ਼ਰ ਚੀਨ ਇਸ ਸਮੇਂ ਹਮਲਾਵਰ ਕਿਉਂ ਹੋਇਆ? ਚੀਨ ਨੇ ਐਲਏਸੀ ’ਤੇ ਹਮਲੇ ਲਈ ਇਹ ਸਮਾਂ ਕਿਉਂ ਚੁਣਿਆ। ਭਾਰਤ ਵਿਚ ਅਜਿਹੀ ਹਾਲਤ ਹੈ ਜਿਸ ਨੇ ਚੀਨ ਨੂੰ ਮੌਕਾ ਦਿਤਾ। ਇਸ ਸਮੇਂ ਅਜਿਹੀ ਖ਼ਾਸ ਗੱਲ ਕੀ ਹੈ ਜਿਸ ਨਾਲ ਚੀਨ ਨੂੰ ਇਹ ਵਿਸ਼ਵਾਸ ਹੋਇਆ ਕਿ ਉਹ ਭਾਰਤ ਵਿਰੁਧ ਜੇਰਾ ਕਰ ਸਕਦਾ ਹੈ? ਗਾਂਧੀ ਨੇ ਕਿਹਾ, ‘ਦੇਸ਼ ਦੀ ਰਖਿਆ ਕਿਸੇ ਇਕ ਬਿੰਦੂ ’ਤੇ ਟਿਕੀ ਨਹੀਂ ਹੁੰਦੀ ਸਗੋਂ ਇਹ ਕੰਮ ਕਈ ਤਾਕਤਾਂ ਦਾ ਸੰਗਮ ਹੁੰਦਾ ਹੈ। ਦੇਸ਼ ਦੀ ਵਿਦੇਸ਼ ਨੀਤੀ ਸਬੰਧਾਂ ਨਾਲ ਹੁੰਦੀ ਹੈ, ਇਸ ਦੀ ਰਾਖੀ ਗੁਆਂਢੀ ਮੁਲਕਾਂ ਨਾਲ ਹੁੰਦੀ ਹੈ, ਇਸ ਦੀ ਰਾਖੀ ਅਰਥਚਾਰੇ ਨਾਲ ਹੁੰਦੀ ਹੈ।’ (ਏਜੰਸੀ)