
ਸਿਲੰਡਰ ਫਟਣ ਫਟਣ ਕਾਰਨ ਹੋਇਆ ਧਮਾਕਾ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ’ਚ ਸਥਿਤ ਮਸ਼ਹੂਰ ਮੌਲ ਰੋਡ ਹੇਠਾਂ ਸਥਿਤ ਮਿਡਲ ਬਾਜ਼ਾਰ ਦੇ ਇਕ ਰੇਸਤਰਾਂ ’ਚ ਹੋਏ ਧਮਾਕੇ ਤੋਂ ਬਾਅਦ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖ਼ਮੀ ਹੋ ਗਏ।
ਅਧਿਕਾਰੀਆਂ ਨੇ ਦਸਿਆ ਕਿ ਹਿਮਾਚਲ ਰਸੋਈ ਨਾਮਕ ਰੇਸਤਰਾਂ ’ਚ ਹੋਏ ਧਮਾਕੇ ਕਾਰਨ ਮੌਲ ਰੋਡ ’ਤੇ ਅੱਧਾ ਦਰਜਨ ਹੋਰ ਦੁਕਾਨਾਂ ਨੂੰ ਵੀ ਨੁਕਸਾਨ ਪੁੱਜਾ ਹੈ। ਰੇਸਤਰਾਂ ਫ਼ਾਇਰ ਬ੍ਰਿਗੇਡ ਦਫ਼ਤਰ ਨੇੜੇ ਸਥਿਤ ਹੈ। ਅਜਿਹਾ ਦਸਿਆ ਜਾ ਰਿਹਾ ਹੈ ਕਿ ਧਮਾਕਾ ਗੈਸ ਸਿਲੰਡਰ ਫਟਣ ਕਾਰਨ ਵਾਪਰਿਆ। ਚਸ਼ਮਦੀਦਾਂ ਨੇ ਕਿਹਾ ਕਿ ਰੇਸਤਰਾਂ ’ਚੋਂ ਧਮਾਕੇ ਤੋਂ 20 ਕੁ ਮਿੰਟ ਪਹਿਲਾਂ ਉਨ੍ਹਾਂ ਨੇ ਗੈਸ ਦੀ ਬੋ ਆਉਣ ਦੀ ਸ਼ਿਕਾਇਤ ਕੀਤੀ ਸੀ।
ਸ਼ਿਮਲਾ ਦੇ ਡਿਪਟੀ ਕਮਿਸ਼ਨਰ ਆਦਿਤਿਆ ਨੇਗੀ ਨੇ ਕਿਹਾ, ‘‘ਧਮਾਕੇ ’ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਸੱਤ ਹੋਰ ਝੁਲਸ ਗਏ। ਉਨ੍ਹਾਂ ਨੂੰ ਤੁਰਤ ਇੰਦਰਾ ਗਾਂਧੀ ਮੈਡੀਕਲ ਕਾਲਜ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।’’ ਧਮਾਕੇ ਦੇ ਕਾਰਨ ਦੀ ਪਛਾਣ ਕਰਨ ਲਈ ਪੁਲਿਸ ਅਤੇ ਫ਼ੋਰੈਂਸਿਕ ਟੀਮਾਂ ਪੁੱਜ ਚੁਕੀਆਂ ਹਨ।
ਸਥਾਨਕ ਦੁਕਾਨਦਾਰਾਂ ਅਨੁਸਾਰ ਧਮਾਕਾ ਏਨਾ ਜ਼ਬਰਦਸਤ ਸੀ ਕਿ ਕਈ ਘਰਾਂ, ਦੁਕਾਨਾਂ ਅਤੇ ਸ਼ੋਅਰੂਮਾਂ ਦੇ ਸ਼ੀਸ਼ੇ ਅਤੇ ਦਰਵਾਜ਼ੇ ਟੁੱਟ ਗਏ। ਇਹ ਸ਼ੀਸ਼ੇ ਮਿਡਲ ਬਾਜ਼ਾਰ ’ਚੋਂ ਲੰਘ ਰਹੇ ਲੋਕਾਂ ’ਤੇ ਡਿੱਗ ਗਏ ਜਿਸ ਕਾਰਨ ਉਨ੍ਹਾਂ ਨੂੰ ਸੱਟਾਂ ਲੱਗੀਆਂ। ਧਮਾਕੇ ਦੀ ਆਵਾਜ਼ ਕਈ ਮੀਲਾਂ ਤਕ ਸੁਣੀ ਗਈ।
ਧਮਾਕੇ ਤੋਂ ਬਾਅਦ ਬਾਜ਼ਾਰ ’ਚ ਸਨਸਨੀ ਫੈਲ ਗਈ ਅਤੇ ਕਈ ਲੋਕ ਘਟਨਾ ਵਾਲੀ ਥਾਂ ਜਮ੍ਹਾਂ ਹੋ ਗਏ। ਜ਼ਖ਼ਮੀਆਂ ਦਾ ਆਈ.ਜੀ.ਐਮ.ਸੀ. ਹਸਪਤਾਲ ’ਚ ਇਲਾਜ ਜਾਰੀ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।
ਉਧਰ ਮੌਕੇ ’ਤੇ ਮੌਜੂਦ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਬੁਲਾਰੇ ਕਰਨ ਨੰਦਾ ਨੇ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਨੁਕਸਾਨੀਆਂ ਦੁਕਾਨਾਂ ਨੂੰ ਬਣਦਾ ਮੁਆਵਜ਼ਾ ਵੀ ਦਿਤਾ ਜਾਵੇ।