
ਸੋਨਭੱਦਰ ਕਤਲੇਆਮ ਨਾਲ ਜੁੜੀਆਂ ਖ਼ਾਸ ਫ਼ਾਈਲਾਂ ਜੰਗਲਾਤ ਵਿਭਾਗ ਦੇ ਦਫ਼ਤਰ ਤੋਂ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ
ਉੱਤਰ ਪ੍ਰਦੇਸ਼: ਸੋਨਭੱਦਰ ਕਤਲੇਆਮ ਨਾਲ ਜੁੜੀਆਂ ਖ਼ਾਸ ਫ਼ਾਈਲਾਂ ਜੰਗਲਾਤ ਵਿਭਾਗ ਦੇ ਦਫ਼ਤਰ ਤੋਂ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨਾਲ ਇਸ ਕਤਲੇਆਮ ਦੀ ਜਾਂਚ ਕਰ ਰਹੀ ਐਸਆਈਟੀ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ ਜਾਂਚ ਦੋਰਾਨ ਕਈ ਵਾਰ ਫ਼ਾਈਲਾਂ ਮੰਗਣ ‘ਤੇ ਵੀ ਨਾ ਦਿੱਤੀਆਂ ਜਾਣ ਕਾਰਨ ਸੰਬੰਧਿਤ ਅਧਿਕਾਰੀਆਂ ਵਿਰੁੱਧ ਐਫਆਈਆਰ ਦਰਜ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਸ਼ਨੀਵਾਰ ਨੂੰ ਛੁੱਟੀ ਹੋਣ ਦੇ ਬਾਵਜੂਦ, ਦਿਨ ਭਰ ਰਿਕਾਰਡਾਂ ਨੂੰ ਫਰੋਲ ਕੇ ਫ਼ਾਈਲਾਂ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਅਧਿਕਾਰੀਆਂ ਦੇ ਹੱਥ ਕੁੱਝ ਵੀ ਨਹੀਂ ਲੱਗਿਆ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਕੋਲ ਸੋਨਭੱਦਰ ‘ਚ ਵਣ ਵਿਭਾਗ ਦੀ ਜ਼ਮੀਨ ਵੱਡੇ ਪੱਧਰ 'ਤੇ ਸਿਆਸਤਦਾਨਾਂ, ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਹੜੱਪਣ ਲਈ ਸ਼ਿਕਾਇਤ ਕੀਤੀ ਗਈ ਸੀ। ਇਸ ਮਾਮਲੇ ਵਿਚ, ਬਸਪਾ ਸ਼ਾਸਨ ਵਿਚ ਗ਼ੈਰਕਾਨੂੰਨੀ ਢੰਗ ਨਾਲ ਜੇਪੀ ਗਰੁੱਪ ਨੂੰ ਇੱਕ ਹਜ਼ਾਰ ਹੈਕਟੇਅਰ ਤੋਂ ਜ਼ਿਆਦਾ ਜ਼ਮੀਨ ਦੇਣ ਦਾ ਜ਼ਿਕਰ ਕੀਤਾ ਗਿਆ ਸੀ, ਜਿਸ ਨਾਲ ਸੰਬੰਧਿਤ ਫ਼ਾਈਲਾਂ ਗੁੰਮ ਹੋ ਗਈਆਂ ਹਨ।
ਇਸ ਮਾਮਲੇ ‘ਚ ਸੀਐੱਮ ਦਫ਼ਤਰ ਨੇ ਵਣ ਵਿਭਾਗ ਕੋਲੋਂ ਪੂਰੇ ਮਾਮਲੇ ਨਾਲ ਸੰਬੰਧਿਤ ਰਿਪੋਰਟ ਦੀ ਮੰਗ ਕੀਤੀ ਹੈ। ਸੂਤਰਾਂ ਅਨੁਸਾਰ ਜਵਾਬ ਦੇਣ ਲਈ ਫਾਇਲਾਂ ਦੀ ਭਾਲ ਕੀਤੀ ਗਈ ਤਾਂ ਫਾਇਲਾਂ ਨਾ ਮਿਲਣ ‘ਤੇ ਸਾਰੇ ਅਧਿਕਾਰੀ ਹੈਰਾਨ ਹੋ ਗਏ। ਦੱਸ ਦਈਏ ਕਿ ਉੱਤਰ ਪ੍ਰਦੇਸ਼ ਦੇ ਸੋਨਭੱਦਰ ਵਿਚ ਜ਼ਮੀਨੀ ਵਿਵਾਦ ਨੇ ਕਤਲੇਆਮ ਦਾ ਰੂਪ ਧਾਰ ਲਿਆ ਸੀ ਜਿਸ ਵਿਚ 10 ਲੋਕਾਂ ਦੀ ਮੌਤ ਅਤੇ 28 ਲੋਕ ਜ਼ਖ਼ਮੀ ਹੋ ਗਏ ਸਨ, ਜਿਸ ਤੋਂ ਬਾਅਦ ਜਿਲ੍ਹੇ ‘ਚ ਧਾਰਾ 144 ਲਾਗੂ ਕਰ ਦਿੱਤੀ ਗਈ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।