
ਵਿਗਿਆਨ ਭਵਨ ਵਿਚ ਸ਼ੁਰੂ ਹੋਏ ਆਰਐਸਐਸ ਦੇ ਤਿੰਨ ਰੋਜ਼ਾ ਸਮਾਗਮ ਦੇ ਪਹਿਲੇ ਦਿਨ ਸੰਘ ਮੁਖੀ ਮੋਹਨ ਭਾਗਵਤ ਨੇ ਅਪਣੇ ਭਾਸ਼ਨ ਵਿਚ ਭਾਰਤ ਦੇ ਆਜ਼ਾਦੀ ਸੰਘਰਸ਼............
ਨਵੀਂ ਦਿੱਲੀ : ਵਿਗਿਆਨ ਭਵਨ ਵਿਚ ਸ਼ੁਰੂ ਹੋਏ ਆਰਐਸਐਸ ਦੇ ਤਿੰਨ ਰੋਜ਼ਾ ਸਮਾਗਮ ਦੇ ਪਹਿਲੇ ਦਿਨ ਸੰਘ ਮੁਖੀ ਮੋਹਨ ਭਾਗਵਤ ਨੇ ਅਪਣੇ ਭਾਸ਼ਨ ਵਿਚ ਭਾਰਤ ਦੇ ਆਜ਼ਾਦੀ ਸੰਘਰਸ਼, ਦੇਸ਼ ਦੀਆਂ ਸਮੱਸਿਆਵਾਂ ਅਤੇ ਅਲਾਮਤਾਂ, ਭਾਰਤ ਦੀ ਵੰਨ-ਸੁਵੰਨਤਾ ਸਮੇਤ ਵੱਖ-ਵੱਖ ਵਿਸ਼ਿਆਂ ਬਾਰੇ ਗੱਲ ਕੀਤੀ | ਕਾਂਗਰਸ ਦੇ ਤਿੱਖੇ ਆਲੋਚਕ ਮੰਨੇ ਜਾਂਦੇ ਸੰਘ ਦੇ ਮੁਖੀ ਨੇ ਇਹ ਵੀ ਕਿਹਾ ਕਿ ਭਾਰਤ ਦੇ ਆਜ਼ਾਦੀ ਸੰਘਰਸ਼ ਵਿਚ ਕਾਂਗਰਸ ਨੇ ਅਹਿਮ ਰੋਲ ਅਦਾ ਕੀਤਾ | ਉਨ੍ਹਾਂ ਕਿਹਾ, 'ਕਾਂਗਰਸ ਨੇ ਆਜ਼ਾਦੀ ਦੇ ਸੰਘਰਸ਼ ਵਿਚ ਅਹਿਮ ਰੋਲ ਨਿਭਾਇਆ ਅਤੇ ਦੇਸ਼ ਨੂੰ ਕਈ ਮਹਾਨ ਸ਼ਖ਼ਸੀਅਤਾਂ ਦਿਤੀਆਂ |
' 'ਭਾਰਤ ਦਾ ਭਵਿੱਖ-ਆਰਐਸਐਸ ਦਾ ਨਜ਼ਰੀਆ' ਨਾਮਕ ਭਾਸ਼ਨ ਲੜੀ ਸਮਾਗਮ ਦੇ ਪਹਿਲੇ ਦਿਨ ਭਾਗਵਤ ਨੇ 80 ਮਿੰਟ ਲੰਮਾ ਭਾਸ਼ਨ ਦਿਤਾ ਜਿਸ ਦੌਰਾਨ ਉਨ੍ਹਾਂ ਦੇਸ਼ ਦੀਆਂ ਵੱਖ ਵੱਖ ਸਮੱਸਿਆਵਾਂ ਅਤੇ ਅਲਾਮਤਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ | ਉਨ੍ਹਾਂ ਆਜ਼ਾਦੀ ਦੇ ਸੰਘਰਸ਼ ਬਾਰੇ ਵੀ ਗੱਲ ਕੀਤੀ ਅਤੇ ਖ਼ਾਸ ਤੌਰ 'ਤੇ ਕਿਹਾ ਕਿ ਆਜ਼ਾਦੀ ਦੇ ਸੰਘਰਸ਼ ਵਿਚ ਕਾਂਗਰਸ ਨੇ ਅਹਿਮ ਰੋਲ ਨਿਭਾਇਆ | ਭਾਰਤ ਦੀ ਵੰਨ-ਸੁਵੰਨਤਾ ਬਾਰੇ ਗੱਲ ਕਰਦਿਆਂ ਭਾਗਵਤ ਨੇ ਕਿਹਾ ਕਿ ਦੇਸ਼ ਦੇ ਵੰਨ-ਸੁਵੰਨੇ ਸਭਿਆਚਾਰ ਦਾ ਸਤਿਕਾਰ ਹੋਣਾ ਚਾਹੀਦਾ ਹੈ ਅਤੇ ਇਹ ਕਿਸੇ ਵੀ ਸਭਿਆਚਾਰ ਅੰਦਰ ਲੜਾਈ ਦਾ ਕਾਰਨ ਨਹੀਂ ਬਣਨਾ ਚਾਹੀਦਾ |
ਉਨ੍ਹਾਂ ਕਿਹਾ, 'ਭਾਰਤ ਵੰਨ-ਸੁਵੰਨਤਾ ਨਾਲ ਭਰਿਆ ਦੇਸ਼ ਹੈ ਅਤੇ ਇਸ ਦੀ ਪੂਰੀ ਕਦਰ ਹੋਣੀ ਚਾਹੀਦੀ ਹੈ |' ਉਨ੍ਹਾਂ ਕਿਹਾ ਕਿ ਦਿੱਲੀ ਵਿਚ ਸਮਾਗਮ ਕਰਾਉਣ ਦਾ ਮਕਸਦ ਇਹ ਹੈ ਕਿ ਲੋਕ ਸੰਘ ਦੇ ਕੰਮਕਾਰ ਨੂੰ ਸਮਝਣ ਕਿਉਂਕਿ ਸੰਘ ਲਾਮਿਸਾਲੀ ਕੰਮ ਰਿਹਾ ਹੈ | ਉਨ੍ਹਾਂ ਕਿਹਾ ਕਿ ਸੰਘ ਦਾ ਮੰਤਵ ਸਮਾਜ ਨੂੰ ਸਮੱਸਿਆਵਾਂ ਅਤੇ ਅਲਾਮਤਾਂ ਤੋਂ ਮੁਕਤ ਕਰਨਾ ਹੈ | ਸੰਘ ਵਰਕਰ ਸਾਰੇ ਸਮਾਜ ਨੂੰ ਅਪਣਾ ਪਰਵਾਰ ਸਮਝਦਾ ਹੈ | ਸਮਾਗਮ ਵਿਚ ਫ਼ਿਲਮੀ ਅਦਾਕਾਰ ਮਨੀਸ਼ਾ ਕੋਇਰਾਲਾ, ਰਵੀ ਕਿਸ਼ਨ, ਗਾਇਕ ਹੰਸ ਰਾਜ ਹੰਸ ਵੀ ਮੌਜੂਦ ਸਨ | (ਏਜੰਸੀ)