
ਏਜੰਸੀ ਮਨੀ ਲਾਂਡਰਿੰਗ ਮਾਮਲੇ ਵਿਚ ਦੇਸ਼ਮੁਖ ਦੇ ਖਿਲਾਫ਼ ਕਈ ਵਾਰ ਸੰਮਨ ਜਾਰੀ ਕਰ ਚੁੱਕੀ ਹੈ।
ਮੁੰਬਈ: ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੇ ਖਿਲਾਫ਼ ਮਨੀ ਲਾਂਡਰਿੰਗ ਮਾਮਲੇ ਵਿਚ ਕਈ ਸੰਮਨ ਜਾਰੀ ਕੀਤੇ ਜਾਣ ਦੇ ਬਾਵਜੂਦ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਣ ਵਿਚ ਅਸਫਲ ਰਹਿਣ ਦੇ ਖਿਲਾਫ਼ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ।
Anil Deshmukh
ਡਾਇਰੈਕਟੋਰੇਟ ਨੇ ਸ਼ੁੱਕਰਵਾਰ ਨੂੰ ਵਿਸ਼ੇਸ਼ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਅਤੇ ਦੇਸ਼ਮੁਖ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 174 ਦੇ ਤਹਿਤ ਕਾਰਵਾਈ ਦੀ ਮੰਗ ਕੀਤੀ। ਇਸ ਧਾਰਾ ਦੇ ਤਹਿਤ, ਦੋਸ਼ੀ ਨੂੰ ਇੱਕ ਮਹੀਨੇ ਤੱਕ ਦੀ ਕੈਦ, ਜਾਂ ਪੰਜ ਸੌ ਰੁਪਏ ਤੱਕ ਦੇ ਜੁਰਮਾਨੇ, ਜਾਂ ਦੋਵੇਂ ਹੀ ਸਜ਼ਾ ਵਜੋਂ ਦਿੱਤੀ ਜਾ ਸਕਦੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਏਜੰਸੀ ਮਨੀ ਲਾਂਡਰਿੰਗ ਮਾਮਲੇ ਵਿਚ ਦੇਸ਼ਮੁਖ ਦੇ ਖਿਲਾਫ਼ ਕਈ ਵਾਰ ਸੰਮਨ ਜਾਰੀ ਕਰ ਚੁੱਕੀ ਹੈ। ਇਸ ਮਾਮਲੇ ਵਿਚ ਦੇਸ਼ਮੁਖ ਦੇ 2 ਸਹਿਯੋਗੀ ਸੰਜੀਵ ਪਲੰਡੇ ਅਤੇ ਕੁੰਦਨ ਸ਼ਿੰਦੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵੇਂ ਇਸ ਵੇਲੇ ਨਿਆਇਕ ਹਿਰਾਸਤ ਵਿਚ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ, ਜਾਂਚ ਏਜੰਸੀ ਨੇ ਹਾਲ ਹੀ ਵਿਚ ਦਾਇਰ ਕੀਤੀ ਆਪਣੀ ਚਾਰਜਸ਼ੀਟ ਵਿਚ ਮੁੰਬਈ ਪੁਲਿਸ ਅਧਿਕਾਰੀ ਬਰਖ਼ਾਸਤ ਸਚਿਨ ਵਾਜੇ ਨੂੰ ਵੀ ਮੁਲਜ਼ਮ ਬਣਾਇਆ ਹੈ।