
ਰਾਜਪਾਲ ਨੇ ਫ਼ੌਜ ਦੇ ਤਿੰਨ ਸ਼ਹੀਦ ਅਧਿਕਾਰੀਆਂ ਦੀ ਸ਼ਹਾਦਤ ਦਾ ਬਦਲਾ ਲੈਣ ਦੀ ਸਹੁੰ ਚੁੱਕੀ
ਸ੍ਰੀਨਗਰ: ਜੰਮੂ-ਕਸ਼ਮੀਰ ’ਚ ਅਨੰਤਨਾਗ ਜ਼ਿਲ੍ਹੇ ਦੇ ਗਡੋਲੇ ਜੰਗਲੀ ਇਲਾਕੇ ’ਚ ਲੁਕੇ ਅਤਿਵਾਦੀਆਂ ਦਾ ਸਫ਼ਾਇਆ ਕਰਨ ਲਈ ਚਲਾਈ ਗਈ ਮੁਹਿੰਮ ਸੋਮਵਾਰ ਨੂੰ ਛੇਵੇਂ ਦਿਨ ਵੀ ਜਾਰੀ ਹੈ। ਅਤਿਵਾਦੀਆਂ ਦੇ ਟਿਕਾਣਿਆਂ ਦਾ ਪਤਾ ਕਰਨ ਲਈ ਸੁਰਖਿਆ ਫ਼ੋਰਸ ਡਰੋਨ ਦਾ ਪ੍ਰਯੋਗ ਕਰ ਰਹੀ ਹੈ ਅਤੇ ਲਗਾਤਾਰ ਕਾਰਵਾਈ ਜਾਰੀ ਹੈ।
ਕੇਂਦਰ ਸ਼ਾਸਤ ਪ੍ਰਦੇਸ਼ ਦੇ ਉਪਰਾਜਪਾਲ ਮਨੋਜ ਸਿਨਹਾ ਨੇ ਮੁਕਾਬਲੇ ’ਚ ਸ਼ਹੀਦ ਹੋਏ ਫ਼ੌਜ ਦੇ ਤਿੰਨ ਅਧਿਕਾਰੀਆਂ ਦੀ ਸ਼ਹਾਦਤ ਦਾ ਬਦਲਾ ਲੈਣ ਦੀ ਸਹੁੰ ਖਾਈ ਹੈ।
ਇੱਥੇ ਮੌਜੂਦ ਅਧਿਕਾਰੀਆਂ ਮੁਤਾਬਕ, ਪਿਛਲੇ ਪੰਜ ਦਿਨਾਂ ਤੋਂ ਜਾਰੀ ਇਸ ਅਤਿਵਾਦ ਵਿਰੋਧ ਮੁਹਿੰਮ ਦੌਰਾਨ ਨਸ਼ਟ ਹੋਏ ਅਤਿਵਾਦੀ ਟਿਕਾਣਿਆਂ ’ਚੋਂ ਇਕ ਨੇੜੇ ਡਰੋਨ ਦੀ ਫ਼ੁਟੇਜ ’ਚ ਇਕ ਵਿਅਕਤੀ ਦੀ ਸੜੀ ਹੋਈ ਲਾਸ਼ ਦਿਸ ਰਹੀ ਹੈ। ਉਨ੍ਹਾਂ ਕਿਹਾ ਕਿ ਸੁਰਖਿਆ ਫ਼ੋਰਸ ਵਲੋਂ ਇਲਾਕੇ ਦੀ ਤਲਾਸ਼ੀ ਲੈਣ ਮਗਰੋਂ ਹੀ ਵੱਧ ਜਾਣਕਾਰੀ ਪ੍ਰਾਪਤ ਹੋ ਸਕੇਗੀ।
ਅਧਿਕਾਰੀਆਂ ਨੇ ਕਿਹਾ ਕਿ ਸੁਰਖਿਆ ਫ਼ੋਰਸ ਸੰਘਣੇ ਜੰਗਲੀ ਇਲਾਕੇ ’ਚ ਡਰੋਨ ਅਤੇ ਹੈਲੀਕਾਪਟਰ ਜ਼ਰੀਏ ਤਲਾਸ਼ੀ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਬੁਧਵਾਰ ਨੂੰ ਸ਼ੁਰੂਆਤੀ ਮੁਕਾਬਲੇ ’ਚ ਫ਼ੌਜ ਦੇ ਦੋ ਅਧਿਕਾਰੀਆਂ ਅਤੇ ਇਕ ਪੁਲਿਸ ਸੂਪਰਡੈਂਟ ਦੇ ਸ਼ਹੀਦ ਹੋਣ ਮਗਰੋਂ ਅਤਿਵਾਦੀ ਇਥੇ ਲੁਕੇ ਹੋਏ ਹਨ। ਅਧਿਕਾਰੀਆਂ ਨੇ ਕਿਹਾ ਕਿ ਜੰਗਲੀ ਇਲਾਕੇ ’ਚ ਕਈ ਗੁਫ਼ਾਨੁਮਾ ਟਿਕਾਣੇ ਹਨ।
ਅਧਿਕਾਰੀਆਂ ਨੇ ਕਿਹਾ ਕਿ ਅਤਿਵਾਦੀ ਰਿਹਾਇਸ਼ੀ ਇਲਾਕਿਆਂ ’ਚ ਨਾ ਵੜ ਸਕਣ, ਇਹ ਯਕੀਨੀ ਕਰਨ ਲਈ ਅਹਿਤਿਆਤ ਦੇ ਤੌਰ ’ਤੇ ਗੁਆਂਢੀ ਪੋਸ਼ ਕ੍ਰੇਰੀ ਇਲਾਕੇ ਤਕ ਸੁਰਖਿਆ ਦਾ ਘੇਰਾ ਵਧਾ ਦਿਤਾ ਗਿਆ ਹੈ।
ਐਤਵਾਰ ਦੇਰ ਸ਼ਾਮ ਇਥੇ ਇਕ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਪਰਾਜਪਾਲ ਨੇ ਕਿਹਾ ਕਿ ਸ਼ਹੀਦਾਂ ਦੇ ਖ਼ੂਨ ਦੀ ਇਕ-ਇਕ ਬੂੰਦ ਦਾ ਬਦਲਾ ਲਿਆ ਜਾਵੇਗਾ ਅਤੇ ਅਤਿਵਾਦੀਆਂ ਦੇ ਆਕਾਵਾਂ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਹੋਵੇਗੀ।
ਸਿਨਹਾ ਨੇ ਕਿਹਾ, ‘‘ਸਾਨੂੰ ਅਪਣੇ ਫ਼ੌਜੀਆਂ ’ਤੇ ਪੂਰਾ ਭਰੋਸਾ ਹੈ। ਪੂਰਾ ਦੇਸ਼ ਜਵਾਨਾਂ ਨਾਲ ਇਕਜੁਟਤਾ ਨਾਲ ਖੜਾ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ ਅਨੰਤਨਾਗ ’ਚ ਸੁਰਖਿਆ ਫ਼ੋਰਸਾਂ ’ਤੇ ਹਮਲਾ, ਜੀ20 ਸ਼ਿਖਰ ਸੰਮੇਲਨ ਦੇ ਸਫ਼ਲ ਅਤੇ ਜੰਮੂ-ਕਸ਼ਮੀਰ ’ਚ ਸੰਘਰਸ਼ ਕਰ ਰਹੇ ਮੁਨਾਫ਼ਾਖੋਰਾਂ ’ਤੇ ਕਾਰਵਾਈ ਨੂੰ ਘਬਰਾਏ ਅਤਿਵਾਦੀਆਂ ਦੀ ਨਿਰਾਸ਼ਾ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ’ਚ ਅਤਿਵਾਦੀ ਅਤੇ ਆਮ ਆਦਮੀ ਨੂੰ ਦਬਾਉਣ ਵਾਲੇ ਤੰਤਰ ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ।