ਡੀ.ਆਰ.ਡੀ.ਓ. ਦਿੱਲੀ ਹਵਾਈ ਅੱਡੇ ਕੋਲ ਸਥਿਤ ਕੋਵਿਡ-19 ਹਸਪਤਾਲ ’ਚ 250 ਵਾਧੂ ਬਿਸਤਰੇ ਜੋੜੇਗਾ
ਨਵੀਂ ਦਿੱਲੀ, 18 ਨਵੰਬਰ: ਕੇਂਦਰੀ ਗ੍ਰਹਿ ਮੰਤਰਾਲਾ ਨੇ ਬੁਧਵਾਰ ਨੂੰ ਦਸਿਆ ਕਿ ਕੋਵਿਡ-19 ਡਿਊਟੀ ਲਈ ਨੀਮ ਫ਼ੌਜੀ ਫ਼ੋਰਸਾਂ ਦੇ 45 ਡਾਕਟਰ ਅਤੇ 160 ਮੈਡੀਕਲ ਸਟਾਫ਼ੀ ਦਿੱਲੀ ਪਹੁੰਚ ਚੁਕਿਆ ਹੈ। ਉਥੇ ਹੀ ਭਾਰਤੀ ਰੇਲ ਰਾਸ਼ਟਰੀ ਰਾਜਧਾਨੀ ਨੂੰ 800 ਬਿਸਤਰਿਆਂ ਵਾਲੇ ਕੋਚ ਉਪਲੱਬਧ ਕਰਵਾਏਗਾ।
ਕੇਂਦਰੀ ਗ੍ਰਹਿ ਮੰਤਰਾਲਾ ਨੇ ਦਸਿਆ ਕਿ ਰਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਦਿੱਲੀ ਹਵਾਈ ਅੱਡੇ ਕੋਲ ਸਥਿਤ ਕੋਵਿਡ-19 ਹਸਪਤਾਲ ’ਚ ਅਗਲੇ 3-4 ਦਿਨਾਂ ’ਚ ਆਈ.ਸੀ.ਯੂ. ’ਚ ਮੌਜੂਦਾ 250 ਬਿਸਤਰਿਆਂ ’ਚ 250 ਵਾਧੂ ਬਿਸਤਰ ਜੋੜਨ ਜਾ ਰਿਹਾ ਹੈ।
ਇਸ ਤੋਂ ਇਲਾਵਾ 35 ਬੀ.ਆਈ.ਪੀ.ਏ.ਪੀ. ਬਿਸਤਰ ਵੀ ਉਪਲੱਬਧ ਕਰਵਾਏ ਜਾਣਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ‘ਚ ਐਤਵਾਰ ਨੂੰ ਹੋਈ ਉੱਚ ਪਧਰੀ ਬੈਠਕ ’ਚ ਲਏ 12 ਫ਼ੈਸਲਿਆਂ ਨੂੰ ਲਾਗੂ ਕਰਨ ਦੀ ਲੜੀ ’ਚ ਇਕ ਕਦਮ ਚੁਕਿਆ ਗਿਆ ਹੈ। ਦਿੱਲੀ ’ਚ 28 ਅਕਤੂਬਰ ਤੋਂ ਕੋਵਿਡ-19 ਦੇ ਨਵੇਂ ਮਾਮਲਿਆਂ ’ਚ ਤੇਜ਼ੀ ਆਈ ਹੈ ਅਤੇ ਉਸ ਦਿਨ ਪਹਿਲੀ ਵਾਰ ਸ਼ਹਿਰ ’ਚ 5 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਨ। ਸ਼ਹਿਰ ’ਚ ਪਹਿਲੀ ਵਾਰ 11 ਨਵੰਬਰ ਨੂੰ ਕੋਵਿਡ-19 ਦੇ 8 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ।
ਗ੍ਰਹਿ ਮੰਤਰਾਲਾ ਦੇ ਬੁਲਾਰੇ ਨੇ ਦਸਿਆ ਕਿ ਹਵਾਈ ਅੱਡੇ ਨੇੜੇ ਸਥਿਤ ਡੀ.ਆਰ.ਡੀ.ਓ. ਦੇ ਹਸਪਤਾਲ ਅਤੇ ਛੱਤਰਪੁਰ ਸਥਿਤ ਕੋਵਿਡ-19 ਦੇਖਭਾਲ ਕੇਂਦਰ ’ਚ ਤਾਇਨਾਤੀ ਲਈ ਨੀਮ ਫ਼ੌਜੀ ਫ਼ੋਰਸਾਂ ਦੇ 45 ਡਾਕਟਰ ਅਤੇ 160 ਮੈਡੀਕਲ ਕਰਮੀ ਦਿੱਲੀ ਆਏ ਹੋਏ ਹਨ।
ਅਧਿਕਾਰੀਆਂ ਨੇ ਦਸਿਆ ਕਿ ਬਾਕੀ ਡਾਕਟਰ ਅਤੇ ਮੈਡੀਕਲ ਕਰਮੀ ਅਗਲੇ ਕੁਝ ਦਿਨਾਂ ’ਚ ਦਿੱਲੀ ਆ ਜਾਣਗੇ। ਉਨ੍ਹਾਂ ਦਸਿਆ ਕਿ ਗ੍ਰਹਿ ਮੰਤਰਾਲਾ ਨੇ ਮਾਹਰਾਂ ਦੀਆਂ 10 ਟੀਮਾਂ ਬਣਾਈਆਂ ਹਨ, ਜੋ ਦਿੱਲੀ ਦੇ 100 ਤੋਂ ਵੱਧ ਨਿਜੀ ਹਸਪਤਾਲਾਂ ’ਚ ਜਾ ਕੇ ਉਥੇ ਬਿਸਤਰਿਆਂ ਦੀ ਵਰਤੋਂ, ਜਾਂਚ ਦੀ ਸਮਰੱਥਾ ਅਤੇ ਆਈ.ਸੀ.ਯੂ. ਲਈ ਵਾਧੂ ਬਿਸਤਰਿਆਂ ਦੀ ਪਛਾਣ ਕਰਨ ਦਾ ਕੰਮ ਕਰੇਗੀ। ਭਾਰਤੀ ਰੇਲ ਸ਼ਕੂਰ ਬਸਤੀ ਰੇਲਵੇ ਸਟੇਸ਼ਨ ‘ਤੇ 800 ਬਿਸਤਰਿਆਂ ਵਾਲੇ ਕੋਚ ਮੁਹਈਆ ਕਰਵਾ ਰਹੀ ਹੈ। (ਏਜੰਸੀ)