
ਆਮ ਆਦਮੀ ਪਾਰਟੀ, ਭਾਜਪਾ ਅਤੇ ਪੰਜਾਬ ਕਾਂਗਰਸ ਕਮੇਟੀ ਨੇ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਏ ਜਾਣ ਅਤੇ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੇ ਅਦਾਲਤ ਦੇ ਫ਼ੈਸਲੇ ਦਾ ਸਵਾਗਤ.....
ਨਵੀਂ ਦਿੱਲੀ : ਆਮ ਆਦਮੀ ਪਾਰਟੀ, ਭਾਜਪਾ ਅਤੇ ਪੰਜਾਬ ਕਾਂਗਰਸ ਕਮੇਟੀ ਨੇ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਏ ਜਾਣ ਅਤੇ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੇ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕੀਤਾ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਪਾਰਟੀ ਦਾ ਰੁਖ਼ ਹਮੇਸ਼ਾ ਤੋਂ ਹੀ ਸਪੱਸ਼ਟ ਰਿਹਾ ਹੈ ਕਿ ਜੋ ਵੀ ਕਤਲੇਆਮ ਵਿਚ ਸ਼ਾਮਲ ਹੋਵੇ, ਉਸ ਨੂੰ ਨਿਆਂ ਦੇ ਕਟਿਹਰੇ ਵਿਚ ਲਿਆਉਣਾ ਚਾਹੀਦਾ ਹੈ। ਉਨ੍ਹਾਂ ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਹਾਂ, ਨਿਆਂ ਵਿਚ ਦੇਰੀ ਹੋਈ ਹੈ ਪਰ ਆਖ਼ਰਕਾਰ ਨਿਆਂ ਮਿਲਿਆ।
Arvind Kejriwal
ਕੋਈ ਵੀ ਕਾਨੂੰਨ ਤੋਂ ਉਪਰ ਨਹੀਂ ਹੈ।' ਉਨ੍ਹਾਂ ਇਹ ਵੀ ਕਿਹਾ ਕਿ ਕਮਲਨਾਥ ਦਾ ਨਾਮ ਕਤਲੇਆਮ ਕਰਨ ਵਾਲਿਆਂ ਦੀ ਸੂਚੀ ਵਿਚ ਕਦੇ ਨਹੀਂ ਆਇਆ। ਅਰਵਿੰਦ ਕੇਜਰੀਵਾਲ ਨੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਨਿਰਦੋਸ਼ਾਂ ਲਈ ਇਹ ਬੇਹੱਦ ਲੰਮੀ ਅਤੇ ਦਰਦਨਾਕ ਉਡੀਕ ਰਹੀ ਜਿਨ੍ਹਾਂ ਨੂੰ ਸੱਤਾ ਵਿਚ ਬੈਠੇ ਲੋਕਾਂ ਨੇ ਮੌਤ ਦੇ ਘਾਟ ਉਤਾਰ ਦਿਤਾ ਸੀ। ਅਕਾਲੀ ਦਲ ਦੇ ਆਗੂ ਅਤੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਉਨ੍ਹਾਂ ਨੂੰ ਕਾਫ਼ੀ ਤਸੱਲੀ ਮਿਲੀ ਹੈ।
Manjinder Singh Sirsa
ਉਨ੍ਹਾਂ ਕਿਹਾ, 'ਇਨਸਾਫ਼ ਲਈ 34 ਸਾਲ ਲੱਗੇ ਕਿਉਂਕਿ ਕਾਂਗਰਸ ਸੱਤਾ ਵਿਚ ਸੀ। ਮਾਮਲਾ ਬੰਦ ਹੋ ਗਿਆ ਸੀ ਪਰ ਨਾਨਾਵਤੀ ਕਮਿਸ਼ਨ ਨੇ ਦੁਬਾਰਾ ਖੋਲ੍ਹਿਆ। ਕਾਂਗਰਸ ਨੇ ਲੰਮੇ ਸਮੇਂ ਤਕ ਮਾਮਲੇ ਨੂੰ ਬੰਦ ਰਖਿਆ।' ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਫ਼ੈਸਲਾ ਦਾ ਸਵਾਗਤ ਕਰਦਿਆਂ ਕਿਹਾ ਕਿ ਇਨਸਾਫ਼ ਮਿਲਣ ਵਿਚ ਦੇਰੀ ਹੋਈ ਪਰ ਆਖ਼ਰ ਇਨਸਾਫ਼ ਮਿਲ ਗਿਆ। (ਏਜੰਸੀ)