
ਦਿੱਲੀ ਪੁਲਿਸ ਨੇ ਜੀਂਦ ’ਚ ਨੀਲਮ ਦੇ ਘਰ ਦੀ ਤਲਾਸ਼ੀ ਲਈ, ਕਈ ਦਸਤਾਵੇਜ਼ ਜ਼ਬਤ ਕੀਤੇ
ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਮੈਟਾ ਨੂੰ ਚਿੱਠੀ ਲਿਖ ਕੇ ਸੰਸਦ ਦੀ ਸੁਰੱਖਿਆ ਦੀ ਉਲੰਘਣਾ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤੇ ਗਏ 6 ਮੁਲਜ਼ਮਾਂ ਦੇ ਸੋਸ਼ਲ ਮੀਡੀਆ ਅਕਾਊਂਟ ਅਤੇ ਹੁਣ ਡਿਲੀਟ ਕੀਤੇ ਗਏ ਫੇਸਬੁੱਕ ਪੇਜ ‘ਭਗਤ ਸਿੰਘ ਫੈਨ ਕਲੱਬ’ ਦੇ ਵੇਰਵਿਆਂ ਤਕ ਪਹੁੰਚ ਦੀ ਮੰਗ ਕੀਤੀ ਹੈ।
ਸੂਤਰਾਂ ਨੇ ਇਹ ਜਾਣਕਾਰੀ ਦਿਤੀ। ਮੁਲਜ਼ਮ ‘ਭਗਤ ਸਿੰਘ ਫੈਨ ਕਲੱਬ’ ਰਾਹੀਂ ਇਕ ਦੂਜੇ ਦੇ ਸੰਪਰਕ ’ਚ ਆਏ ਸਨ। ਅਧਿਕਾਰੀਆਂ ਨੇ ਦਸਿਆ ਕਿ ਪੁਲਿਸ ਨੇ ਸਾਰੇ ਮੁਲਜ਼ਮਾਂ ਦੇ ਬੈਂਕ ਖਾਤਿਆਂ ਦੇ ਵੇਰਵੇ ਵੀ ਇਕੱਠੇ ਕੀਤੇ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਨ੍ਹਾਂ ਨੂੰ 13 ਦਸੰਬਰ ਦੀ ਘਟਨਾ ਨੂੰ ਅੰਜਾਮ ਦੇਣ ਲਈ ਕਿਸੇ ਤੋਂ ਪੈਸੇ ਮਿਲੇ ਸਨ।
ਸੂਤਰਾਂ ਨੇ ਦਸਿਆ ਕਿ ਦਿੱਲੀ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਐਤਵਾਰ ਨੂੰ ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਦੇ ਬੈਂਕ ਖਾਤੇ ਦੇ ਵੇਰਵੇ ਇਕੱਠੇ ਕੀਤੇ। ਸੂਤਰਾਂ ਅਨੁਸਾਰ ਨੀਲਮ ਦੇਵੀ ਅਤੇ ਸਾਗਰ ਸ਼ਰਮਾ ਦੀਆਂ ਬੈਂਕ ਪਾਸਬੁੱਕਾਂ ਕ੍ਰਮਵਾਰ ਹਰਿਆਣਾ ਦੇ ਜੀਂਦ ਅਤੇ ਉੱਤਰ ਪ੍ਰਦੇਸ਼ ਦੇ ਲਖਨਊ ਸਥਿਤ ਉਨ੍ਹਾਂ ਦੇ ਘਰਾਂ ਤੋਂ ਜ਼ਬਤ ਕੀਤੀਆਂ ਗਈਆਂ ਹਨ।
ਦਿੱਲੀ ਪੁਲਿਸ ਨੇ ਜੀਂਦ ’ਚ ਨੀਲਮ ਦੇ ਘਰ ਦੀ ਤਲਾਸ਼ੀ ਲਈ, ਕਈ ਦਸਤਾਵੇਜ਼ ਜ਼ਬਤ ਕੀਤੇ
ਰਾਤ ਕਰੀਬ 11 ਵਜੇ ਨੀਲਮ ਦੇ ਘਰ ਪੁੱਜੀ ਪੁਲਿਸ ਦੀ ਟੀਮ, ਅੱਧੇ ਘੰਟੇ ਤਕ ਲਈ ਘਰ ਦੀ ਤਲਾਸ਼ੀ
ਜੀਂਦ : ਦਿੱਲੀ ਪੁਲਿਸ ਦੀ ਇਕ ਟੀਮ ਨੇ ਸੰਸਦ ਦੀ ਸੁਰੱਖਿਆ ਦੀ ਉਲੰਘਣਾ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਨੀਲਮ ਦੇਵੀ ਦੇ ਘਰ ਦੀ ਤਲਾਸ਼ੀ ਲਈ ਅਤੇ ਬੈਂਕ ਪਾਸਬੁੱਕਾਂ ਅਤੇ ਕਿਤਾਬਾਂ ਤੋਂ ਇਲਾਵਾ ਕੁਝ ਦਸਤਾਵੇਜ਼ ਵੀ ਲੈ ਗਏ। ਨੀਲਮ ਦੇ ਪਰਿਵਾਰਕ ਜੀਆਂ ਨੇ ਇਹ ਜਾਣਕਾਰੀ ਦਿਤੀ।
ਜ਼ਿਲ੍ਹੇ ਦੇ ਘਾਸੋ ਖੁਰਦ ਪਿੰਡ ਦੀ ਵਸਨੀਕ ਨੀਲਮ ਦੇ ਭਰਾ ਰਾਮ ਨਿਵਾਸ ਨੇ ਦਸਿਆ ਕਿ ਡਿਪਟੀ ਕਮਿਸ਼ਨਰ ਆਫ ਪੁਲਿਸ (ਡੀ.ਸੀ.ਪੀ.) ਦੀ ਅਗਵਾਈ ’ਚ ਦਿੱਲੀ ਪੁਲਿਸ ਦੀ ਇਕ ਟੀਮ ਐਤਵਾਰ ਰਾਤ ਕਰੀਬ 11 ਵਜੇ ਉਨ੍ਹਾਂ ਦੇ ਘਰ ਪਹੁੰਚੀ ਅਤੇ ਲਗਭਗ ਅੱਧੇ ਘੰਟੇ ਤਕ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ।
ਪੁਲਿਸ ਨੇ ਨੀਲਮ ਦੇ ਤਿੰਨ ਬੈਂਕ ਖਾਤਿਆਂ ਦੀਆਂ ਪਾਸਬੁੱਕਾਂ ਅਤੇ ਇਕ ਏ.ਟੀ.ਐਮ. ਕਾਰਡ ਜ਼ਬਤ ਕੀਤਾ ਹੈ। ਰਾਮਨਿਵਾਸ ਨੇ ਦਸਿਆ ਕਿ ਪੁਲਿਸ ਟੀਮ ਬੈੱਡ ’ਚ ਰੱਖੀਆਂ ਕੁਝ ਕਿਤਾਬਾਂ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਦਾ ਪਛਾਣ ਪੱਤਰ ਵੀ ਲੈ ਗਈ। ਨੀਲਮ ਇਸ ਸਮੇਂ ਹਰਿਆਣਾ ਲੋਕ ਸੇਵਾ ਕਮਿਸ਼ਨ ਦੀ ਪ੍ਰੀਖਿਆ ਦੀ ਤਿਆਰੀ ਲਈ ਹਿਸਾਰ ਦੇ ਇਕ ਪੀ.ਜੀ. ’ਚ ਰਹਿ ਰਹੀ ਸੀ। ਨੀਲਮ ਦੇ ਪਿਤਾ ਕੋਹਾੜ ਸਿੰਘ ਉਚਾਨਾ ਮੰਡੀ ’ਚ ਹਲਵਾਈ ਦਾ ਕੰਮ ਕਰਦੇ ਹਨ, ਜਦੋਂ ਕਿ ਨੀਲਮ ਦੇ ਪਰਿਵਾਰ ’ਚ ਤਿੰਨ ਭੈਣਾਂ, ਦੋ ਭਰਾ ਅਤੇ ਮਾਪੇ ਹਨ।
ਉਧਰ ਦਿੱਲੀ ਪੁਲਿਸ ਨੇ ਨੀਲਮ ਵਲੋਂ ਦਾਇਰ ਇਕ ਅਰਜ਼ੀ ਦਾ ਅਦਾਲਤ ’ਚ ਵਿਰੋਧ ਕੀਤਾ ਹੈ ਜਿਸ ’ਚ ਨੀਲਮ ਨੇ ਅਪਣੇ ਵਿਰੁਧ ਦਰਜ ਐਫ.ਆਈ.ਆਰ. ਦੀ ਕਾਪੀ ਮੰਗੀ ਸੀ। ਪੁਲਿਸ ਨੇ ਕਿਹਾ ਕਿ ਇਸ ਪੜਾਅ ’ਤੇ ‘ਮਹੱਤਵਪੂਰਨ ਜਾਣਕਾਰੀ’ ਲੀਕ ਹੋਣ ਨਾਲ ਜਾਂਚ ’ਚ ਰੁਕਾਵਟ ਆ ਸਕਦੀ ਹੈ।
ਦਿੱਲੀ ਪੁਲਿਸ ਨੇ ਵਿਸ਼ੇਸ਼ ਜੱਜ ਹਰਦੀਪ ਕੌਰ ਦੇ ਸਾਹਮਣੇ ਇਹ ਦਲੀਲ ਦਿਤੀ, ਜਿਨ੍ਹਾਂ ਨੇ ਨੀਲਮ ਆਜ਼ਾਦ ਵਲੋਂ ਦਾਇਰ ਅਰਜ਼ੀ ’ਤੇ ਫੈਸਲਾ 19 ਦਸੰਬਰ ਲਈ ਰਾਖਵਾਂ ਰੱਖ ਲਿਆ।
ਇਸ ਮਾਮਲੇ ’ਚ ਗ੍ਰਿਫਤਾਰ ਇਕਲੌਤੀ ਔਰਤ ਮੁਲਜ਼ਮ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਐਫ.ਆਈ.ਆਰ. ਦੀ ਕਾਪੀ ਨਾ ਦੇਣਾ ਉਸ ਦੇ ਸੰਵਿਧਾਨਕ ਅਧਿਕਾਰ ਦੀ ਉਲੰਘਣਾ ਹੈ ਕਿਉਂਕਿ ਉਹ ਅਪਣੇ ਵਿਰੁਧ ਲਗਾਏ ਗਏ ਦੋਸ਼ਾਂ ਤੋਂ ਅਣਜਾਣ ਹੈ।