ਮ੍ਰਿਤਕ ਦੀ 33 ਸਾਲ ਦੇ ਸੰਦੀਪ ਕੁਮਾਰ ਵਜੋਂ ਹੋਈ ਪਛਾਣ
ਸ਼ਾਹਕੋਟ : ਜਲੰਧਰ ਦੇ ਸ਼ਾਹਕੋਟ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਲਗਭਗ 7 ਵਜੇ ਕਬਾੜੀ ਦੀ ਦੁਕਾਨ ਤੇ ਕੰਮ ਕਰਨ ਵਾਲੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ 33 ਸਾਲ ਦੇ ਸੰਦੀਪ ਕੁਮਾਰ ਵਾਸੀ ਮੋਹੱਲਾ ਧੋੜੀਆਂ ਸ਼ਾਹਕੋਟ ਵਜੋਂ ਹੋਈ ਹੈ। ਮ੍ਰਿਤਕ ਸੰਦੀਪ ਦੋ ਬੱਚਿਆਂ ਦਾ ਪਿਤਾ ਅਤੇ ਉਸ ਨੇ ਪਹਿਲੀ ਪਤਨੀ ਤੋਂ ਤਲਾਕ ਲੈਣ ਤੋਂ ਬਾਅਦ 10 ਦਿਨ ਪਹਿਲਾਂ ਹੀ ਦੂਜਾ ਵਿਆਹ ਕਰਵਾਇਆ ਸੀ। ਮ੍ਰਿਤਕ ਸੰਦੀਪ ਕੁਮਾਰ ਪਿਛਲੇ ਕਈ ਸਾਲਾਂ ਤੋਂ ਜਿੰਦਰ ਕਬਾੜੀਏ ਦੀ ਦੁਕਾਨ ’ਤੇ ਕੰਮ ਕਰਦਾ ਸੀ । ਸੰਦੀਪ ਰੋਜ਼ਾਨਾ ਵਾਂਗ ਸ਼ਾਮ ਨੂੰ ਦੁਕਾਨ ਤੇ ਕੰਮ ਕਰ ਰਿਹਾ ਸੀ ਅਤੇ ਉਹ ਦੁਕਾਨ ਤੋਂ ਬਾਹਰ ਪੇਸ਼ਾਬ ਕਰਨ ਲਈ ਗਿਆ ਤਾਂ ਉਸ ਕੋਲ ਆਏ ਅਣਪਛਾਤੇ ਵਿਅਕਤੀ ਨੇ ਉਸ ’ਤੇ ਗੋਲੀ ਚਲਾ ਦਿੱਤੀ।
ਗੋਲੀ ਨੇੜੇ ਤੋਂ ਚਲਾਉਣ ਕਾਰਨ ਗਰਦਨ ਤੋਂ ਆਰ-ਪਾਰ ਹੋ ਗਈ ਅਤੇ ਗੋਲੀ ਚਲਾਉਣ ਵਾਲਾ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਸੜਕ ਵਿਚਕਾਰ ਘਰ ਡਿੱਗੇ ਜ਼ਖ਼ਮੀ ਹਾਲਤ ਵਿੱਚ ਸੰਦੀਪ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਸ਼ਾਹਕੋਟ ਵਿੱਚ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਗੋਲੀ ਚੱਲਣ ਦੀ ਸੂਚਨਾ ਮਿਲਣ ’ਤੇ ਡੀ.ਐਸ.ਪੀ. ਸ਼ਾਹਕੋਟ ਸੁਖਪਾਲ ਸਿੰਘ ਅਤੇ ਥਾਣਾ ਇੰਚਾਰਜ ਬਲਵਿੰਦਰ ਸਿੰਘ ਭੁੱਲਰ ਪੁਲਿਸ ਟੀਮ ਨਾਲ ਮੌਕੇ ਤੇ ਪਹੁੰਚੇ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਜਾਂਚ ਵਿੱਚ ਜੁੱਟੀ ਹੋਈ ਹੈ ਅਤੇ ਉਹ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲੈਣਗੇ।
