
ਜਿਥੋਂ ਤੱਕ ਉਡਾਣਾਂ ਦਾ ਸਵਾਲ ਹੈ, ਇਥੇ ਕਿਰਾਇਆ 5 ਤੋਂ 6 ਗੁਣਾ ਮਹਿੰਗਾ ਹੋ ਗਿਆ ਹੈ।
Farmers Protest: ਕਿਸਾਨ ਅੰਦੋਲਨ-2 ਕਾਰਨ ਚੰਡੀਗੜ੍ਹ ਤੋਂ ਦਿੱਲੀ ਦਾ ਸਫਰ ਔਖਾ ਹੋਣ ਦੇ ਨਾਲ-ਨਾਲ ਮਹਿੰਗਾ ਵੀ ਹੋ ਗਿਆ ਹੈ। ਚੰਡੀਗੜ੍ਹ ਅਤੇ ਦਿੱਲੀ ਵਿਚਕਾਰ ਵੋਲਵੋ ਬੱਸਾਂ ਬੰਦ ਹਨ। ਆਮ ਬੱਸਾਂ ਚੱਲ ਰਹੀਆਂ ਹਨ, ਪਰ ਉਨ੍ਹਾਂ ਦਾ ਕੋਈ ਸਮਾਂ ਨਹੀਂ ਹੈ। ਜਿਹੜੀਆਂ ਬੱਸਾਂ ਚੱਲ ਰਹੀਆਂ ਹਨ, ਉਹ 55 ਤੋਂ 60 ਕਿਲੋਮੀਟਰ ਦਾ ਵਾਧੂ ਸਫ਼ਰ ਤੈਅ ਕਰ ਰਹੀਆਂ ਹਨ। ਇਸ ਦੇ ਨਾਲ ਹੀ ਚੰਡੀਗੜ੍ਹ-ਦਿੱਲੀ ਵਿਚਾਲੇ ਚੱਲਣ ਵਾਲੀ ਸ਼ਤਾਬਦੀ ਟਰੇਨ ਅਤੇ ਵੰਦੇ ਭਾਰਤ ਐਕਸਪ੍ਰੈੱਸ ਲਈ ਵੀ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਜਿਥੋਂ ਤੱਕ ਉਡਾਣਾਂ ਦਾ ਸਵਾਲ ਹੈ, ਇਥੇ ਕਿਰਾਇਆ 5 ਤੋਂ 6 ਗੁਣਾ ਮਹਿੰਗਾ ਹੋ ਗਿਆ ਹੈ।
ਵੀਕੈਂਡ ਤੋਂ ਬਾਅਦ ਸੋਮਵਾਰ ਨੂੰ ਚੰਡੀਗੜ੍ਹ-ਦਿੱਲੀ ਦਾ ਸਫਰ ਮੁਸ਼ਕਿਲ ਹੋ ਜਾਵੇਗਾ। ਜਿਨ੍ਹਾਂ ਲੋਕਾਂ ਨੇ ਤੁਰੰਤ ਜਾਣਾ ਹੈ, ਉਹ ਆਖਰੀ ਸਮੇਂ 'ਤੇ ਫਲਾਈਟ ਦੀਆਂ ਟਿਕਟਾਂ ਬੁੱਕ ਕਰਵਾ ਰਹੇ ਹਨ, ਤਾਂ ਉਨ੍ਹਾਂ ਨੂੰ 5 ਤੋਂ 6 ਗੁਣਾ ਮਹਿੰਗੀਆਂ ਟਿਕਟਾਂ ਮਿਲ ਰਹੀਆਂ ਹਨ। ਟਰੈਵਲ ਏਜੰਟ ਵਨੀਤ ਸ਼ਰਮਾ ਨੇ ਦਸਿਆ ਕਿ ਐਤਵਾਰ ਸ਼ਾਮ ਨੂੰ ਇੰਡੀਗੋ ਦੀ ਫਲਾਈਟ ਵਿਚ ਕੁੱਝ ਸੋਮਵਾਰ ਦੁਪਹਿਰ ਦੀਆਂ ਸੀਟਾਂ ਉਪਲਬਧ ਸਨ, ਉਸ ਸਮੇਂ ਇਕ ਪਾਸੇ ਦਾ ਕਿਰਾਇਆ ਕਰੀਬ 10,000 ਰੁਪਏ ਸੀ। ਰਾਤ ਤਕ ਇਹ ਸੀਟਾਂ ਵੀ ਬੁੱਕ ਹੋ ਗਈਆਂ। ਅਜਿਹੇ 'ਚ ਸੋਮਵਾਰ ਨੂੰ ਫਲਾਈਟ ਰਾਹੀਂ ਦਿੱਲੀ ਜਾਣ ਦੇ ਬਹੁਤ ਘੱਟ ਵਿਕਲਪ ਹਨ। ਇਕਨਾਮੀ ਕਲਾਸ ਤੋਂ ਇਲਾਵਾ ਪ੍ਰੀਮੀਅਮ ਅਤੇ ਉੱਚ ਸ਼੍ਰੇਣੀ ਦੇ ਬਿਜ਼ਨਸ ਕਲਾਸ ਵਿਚ ਸੀਮਤ ਗਿਣਤੀ ਵਿਚ ਸੀਟਾਂ ਹਨ, ਪਰ ਇਨ੍ਹਾਂ ਵਿਚ ਟਿਕਟਾਂ ਇੰਨੀਆਂ ਮਹਿੰਗੀਆਂ ਹਨ ਕਿ ਉਹ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹਨ।
ਮੰਗਲਵਾਰ ਸਵੇਰੇ ਚੰਡੀਗੜ੍ਹ ਦਿੱਲੀ ਫਲਾਈਟ ਦਾ ਕਿਰਾਇਆ 17000 ਰੁਪਏ ਹੈ। ਜਦਕਿ ਆਮ ਦਿਨਾਂ ਵਿਚ ਚੰਡੀਗੜ੍ਹ ਤੋਂ ਦਿੱਲੀ ਦਾ ਕਿਰਾਇਆ 2500 ਤੋਂ 3000 ਰੁਪਏ ਤਕ ਹੈ। ਇਨ੍ਹੀਂ ਦਿਨੀਂ ਮੰਗ ਜ਼ਿਆਦਾ ਹੋਣ ਕਾਰਨ ਏਅਰਲਾਈਨਜ਼ ਨੇ ਕਿਰਾਏ ਵਧਾ ਦਿਤੇ ਹਨ। ਇਸ ਦੇ ਨਾਲ ਹੀ ਮੰਗਲਵਾਰ ਦੁਪਹਿਰ ਨੂੰ ਵਿਸਤਾਰਾ ਏਅਰਲਾਈਨਜ਼ ਦਾ ਚੰਡੀਗੜ੍ਹ-ਦਿੱਲੀ ਬਿਜ਼ਨਸ ਕਲਾਸ ਦਾ ਕਿਰਾਇਆ 37,496 ਰੁਪਏ ਆ ਰਿਹਾ ਹੈ। ਜਦਕਿ ਆਮ ਦਿਨਾਂ 'ਤੇ ਬਿਜ਼ਨਸ ਕਲਾਸ ਦਾ ਕਿਰਾਇਆ 12 ਹਜ਼ਾਰ ਰੁਪਏ ਤੋਂ ਸ਼ੁਰੂ ਹੁੰਦਾ ਹੈ।
ਸ਼ਤਾਬਦੀ ਐਕਸਪ੍ਰੈਸ ਦੀਆਂ ਸੀਟਾਂ ਵੀ ਬੁੱਕ
ਉੱਤਰੀ ਅੰਬਾਲਾ ਡਿਵੀਜ਼ਨ ਦੇ ਡੀਆਰਐਮ ਐਮਐਸ ਭਾਟੀਆ ਨੇ ਦਸਿਆ ਕਿ ਚੰਡੀਗੜ੍ਹ ਤੋਂ ਚੱਲਣ ਵਾਲੀਆਂ ਤਿੰਨੋਂ ਸ਼ਤਾਬਦੀਆਂ ਪੂਰੀ ਤਰ੍ਹਾਂ ਬੁੱਕ ਚੱਲ ਰਹੀਆਂ ਹਨ। ਉਡੀਕ ਅੰਕੜਾ ਵੀ 100 ਤੋਂ ਉਪਰ ਚੱਲ ਰਿਹਾ ਹੈ। ਤਤਕਾਲ ਕੋਟੇ ਵਿਚ ਵੀ ਕੋਈ ਸੀਟਾਂ ਉਪਲਬਧ ਨਹੀਂ ਹਨ। ਦਰਅਸਲ ਚੰਡੀਗੜ੍ਹ ਅਤੇ ਦਿੱਲੀ ਵਿਚਕਾਰ ਤਿੰਨ ਸ਼ਤਾਬਦੀ ਐਕਸਪ੍ਰੈਸ ਚੱਲਦੀਆਂ ਹਨ ਪਰ ਦੋ ਸ਼ਤਾਬਦੀਆਂ ਦਿੱਲੀ ਡਿਵੀਜ਼ਨ ਦੇ ਦਾਇਰੇ ਵਿਚ ਆਉਂਦੀਆਂ ਹਨ। ਇਨ੍ਹਾਂ 'ਚ ਵਾਧੂ ਕੋਚ ਲਗਾਉਣ ਦਾ ਫੈਸਲਾ ਦਿੱਲੀ ਡਿਵੀਜ਼ਨ ਨੇ ਲੈਣਾ ਹੈ। ਚੰਡੀਗੜ੍ਹ-ਦਿੱਲੀ ਵਿਚਾਲੇ ਚੱਲਣ ਵਾਲੀ ਸ਼ਤਾਬਦੀ ਐਕਸਪ੍ਰੈਸ ਜੋ ਅੰਬਾਲਾ ਡਿਵੀਜ਼ਨ ਵਿਚ ਆਉਂਦੀ ਹੈ, ਭਾਰੀ ਭੀੜ ਨੂੰ ਦੇਖਦੇ ਹੋਏ ਇਸ ਸ਼ਤਾਬਦੀ ਐਕਸਪ੍ਰੈਸ ਵਿਚ ਚੇਅਰ ਕਾਰ ਵਿਚ ਦੋ ਵਾਧੂ ਕੋਚ ਲਗਾਏ ਗਏ ਹਨ ਪਰ ਬਹੁਤ ਜ਼ਿਆਦਾ ਭੀੜ ਹੈ, ਇਸ ਲਈ ਉਡੀਕ ਚੱਲ ਰਹੀ ਹੈ।
ਬੱਸਾਂ ਦਾ ਕੋਈ ਤੈਅ ਸਮਾਂ ਨਹੀਂ
ਹਰਿਆਣਾ ਰੋਡਵੇਜ਼ ਦੇ ਇਕ ਅਧਿਕਾਰੀ ਨੇ ਦਸਿਆ ਕਿ ਚੰਡੀਗੜ੍ਹ ਅਤੇ ਦਿੱਲੀ ਵਿਚਾਲੇ ਸਾਰੇ ਵੋਲਵੋ ਰੂਟ ਬੰਦ ਹਨ। ਆਮ ਬੱਸਾਂ ਦਾ ਸਮਾਂ ਵੀ ਤੈਅ ਨਹੀਂ ਹੈ। ਫਿਲਹਾਲ ਬੱਸਾਂ ਦਿੱਲੀ ਬਾਰਡਰ 'ਤੇ ਸਥਿਤ ਬਹਾਲਪੁਰ ਜਾ ਰਹੀਆਂ ਹਨ। ਉਥੋਂ ਦਿੱਲੀ ਪਹੁੰਚਣ ਲਈ 30 ਕਿਲੋਮੀਟਰ ਹੋਰ ਦੂਰ ਜਾਣਾ ਪੈਂਦਾ ਹੈ। ਇਸ ਤੋਂ ਇਲਾਵਾ ਯਮੁਨਾਨਗਰ, ਸ਼ਾਹਬਾਦ ਰਾਹੀਂ ਬੱਸਾਂ ਚੱਲ ਰਹੀਆਂ ਹਨ। ਇਸ ਬਦਲੇ ਹੋਏ ਰੂਟ ’ਤੇ ਬੱਸਾਂ ਚੱਲਣ ਕਾਰਨ 15-20 ਕਿਲੋਮੀਟਰ ਦਾ ਫਰਕ ਹੈ। ਅਜਿਹੇ 'ਚ ਦਿੱਲੀ ਪਹੁੰਚਣ ਲਈ 55 ਤੋਂ 60 ਕਿਲੋਮੀਟਰ ਦਾ ਹੋਰ ਸਫਰ ਤੈਅ ਕਰਨਾ ਪੈਂਦਾ ਹੈ। ਰਸਤੇ ਵਿਚ ਕਈ ਥਾਵਾਂ ’ਤੇ ਟ੍ਰੈਫਿਕ ਜਾਮ ਹੋਣ ਕਾਰਨ ਇਕ ਤੋਂ ਡੇਢ ਘੰਟਾ ਵਾਧੂ ਸਫ਼ਰ ਕਰਨਾ ਪੈਂਦਾ ਹੈ।
ਮੰਗ ਦੇ ਨਾਲ ਹੀ ਏਅਰਲਾਈਨਜ਼ ਵੱਲੋਂ ਉਡਾਣਾਂ ਦੇ ਕਿਰਾਏ ਵਿਚ ਕੀਤਾ ਜਾਂਦਾ ਹੈ ਵਾਧਾ
ਏਅਰਪੋਰਟ ਅਥਾਰਟੀ ਆਫ਼ ਇੰਡੀਆ ਅਤੇ ਡੀਜੀਸੀਏ ਦੇ ਸੀਨੀਅਰ ਅਧਿਕਾਰੀਆਂ ਨਾਲ ਜਦੋਂ ਏਅਰਲਾਈਨਜ਼ ਵੱਲੋਂ ਉਡਾਣਾਂ ਦੇ ਕਿਰਾਏ ਵਿਚ ਵਾਧੇ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਬਾਰੇ ਦਸਿਆ ਪਰ ਸਾਰੇ ਅਧਿਕਾਰੀਆਂ ਨੇ ਅਪਣਾ ਨਾਂ ਦੱਸਣ ਤੋਂ ਇਨਕਾਰ ਕਰ ਦਿਤਾ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜਦੋਂ ਵੀ ਮੰਗ ਜ਼ਿਆਦਾ ਹੁੰਦੀ ਹੈ ਤਾਂ ਏਅਰਲਾਈਨਜ਼ ਅਪਣੀ ਇੱਛਾ ਮੁਤਾਬਕ ਕਿਰਾਏ ਵਧਾ ਦਿੰਦੀਆਂ ਹਨ। ਹਾਲਾਂਕਿ, ਇਹ ਡਾਇਰੈਕਟਰ ਜਨਰਲ ਸਿਵਲ ਐਵੀਏਸ਼ਨ (ਡੀਜੀਸੀਏ) ਦੇ ਨਿਯੰਤਰਣ ਅਧੀਨ ਹੋਣਾ ਚਾਹੀਦਾ ਹੈ। ਸਾਰੀਆਂ ਏਅਰਲਾਈਨਾਂ ਮਿਲ ਕੇ ਹਵਾਈ ਕਿਰਾਇਆ ਵਧਾਉਂਦੀਆਂ ਹਨ। ਇਥੇ ਇਕ ਏਅਰਪੋਰਟ ਆਰਥਿਕ ਰੈਗੂਲੇਸ਼ਨ ਅਥਾਰਟੀ ਹੈ, ਪਰ ਇਹ ਸਿਰਫ ਏਅਰਪੋਰਟ ਏਅਰਕ੍ਰਾਫਟ ਦੇ ਲੈਂਡਿੰਗ ਅਤੇ ਪਾਰਕਿੰਗ ਖਰਚਿਆਂ ਵਿਚ ਦਖਲ ਦਿੰਦੀ ਹੈ।
ਇਸ ਵੱਲ ਕੋਈ ਧਿਆਨ ਨਹੀਂ ਦਿੰਦਾ ਕਿ ਯਾਤਰੀ ਕਿਰਾਇਆ ਕਿੰਨਾ ਵਧ ਰਿਹਾ ਹੈ। ਇਹੀ ਕਾਰਨ ਹੈ ਕਿ ਸਵਾਰੀਆਂ ਨੂੰ ਵੱਧ ਕਿਰਾਇਆ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜੇਕਰ ਮੰਗ ਜ਼ਿਆਦਾ ਹੈ ਤਾਂ ਏਅਰਕ੍ਰਾਫਟ ਨੂੰ ਵਧਾਇਆ ਜਾਣਾ ਚਾਹੀਦਾ ਹੈ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਦੇ ਸੀਈਓ ਰਾਕੇਸ਼ ਰੰਜਨ ਸਹਾਏ ਨੇ ਕਿਹਾ ਕਿ ਦਿੱਲੀ ਜਾਣ ਵਾਲੇ ਯਾਤਰੀਆਂ ਦੀ ਜ਼ਿਆਦਾ ਗਿਣਤੀ ਦੇ ਕਾਰਨ, ਏਅਰ ਇੰਡੀਆ ਐਕਸਪ੍ਰੈਸ ਨੇ 13 ਤੋਂ 17 ਫਰਵਰੀ ਤਕ 75 ਸੀਟਰ ਏ.ਟੀ.ਆਰ. ਚਲਾਇਆ ਸੀ। ਪਰ ਏਅਰਲਾਈਨਜ਼ ਨੇ 17 ਤੋਂ ਬਾਅਦ ਹੋਰ ਸੰਚਾਲਨ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਹੈ।
(For more Punjabi news apart from Farmers Protest: journey from Chandigarh to Delhi became difficult as well as expensive, stay tuned to Rozana Spokesman)