
2011 'ਚ ਉਸ ਵੇਲੇ ਸੁਰਖ਼ੀਆਂ 'ਚ ਆਈ ਸੀ ਜਦੋਂ ਉਸ ਦੇ ਪੰਚਕੂਲਾ ਵਾਸੀ ਪਤੀ, ਜਿਹੜਾ ਡੇਰਾ ਸ਼ਰਧਾਲੂ ਵੀ ਸੀ, ਨੇ ਹਾਈ ਕੋਰਟ 'ਚ ਪਹੁੰਚ ਕਰ ਕੇ ਸੌਦਾ ਸਾਧ ਉਤੇ ਦੋਸ਼ ਲਾਇਆ ..
ਚੰਡੀਗੜ੍ਹ, 27 ਅਗੱਸਤ : ਹਨੀਪ੍ਰੀਤ 2011 'ਚ ਉਸ ਵੇਲੇ ਸੁਰਖ਼ੀਆਂ 'ਚ ਆਈ ਸੀ ਜਦੋਂ ਉਸ ਦੇ ਪੰਚਕੂਲਾ ਵਾਸੀ ਪਤੀ, ਜਿਹੜਾ ਡੇਰਾ ਸ਼ਰਧਾਲੂ ਵੀ ਸੀ, ਨੇ ਹਾਈ ਕੋਰਟ 'ਚ ਪਹੁੰਚ ਕਰ ਕੇ ਸੌਦਾ ਸਾਧ ਉਤੇ ਦੋਸ਼ ਲਾਇਆ ਸੀ ਕਿ ਉਸ ਦੀ ਪਤਨੀ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ। ਬਾਅਦ 'ਚ ਉਸ ਨੇ ਅਦਾਲਤ ਤੋਂ ਬਾਹਰ ਸਮਝੌਤਾ ਹੋਣ ਕਰ ਕੇ ਅਪਣੀ ਅਪੀਲ ਵਾਪਸ ਲੈ ਲਈ ਸੀ। ਹਨੀਪ੍ਰੀਤ ਦੇ ਪਤੀ ਵਿਸ਼ਵਾਸ ਗੁਪਤਾ ਨੇ ਦਾਅਵਾ ਕੀਤਾ ਸੀ ਕਿ ਸੌਦਾ ਸਾਧ ਦੇ ਅਪਣੀ ਹੀ ਗੋਦ ਲਈ ਬੇਟੀ ਹਨੀਪ੍ਰੀਤ ਨਾਲ ਸਰੀਰਕ ਸਬੰਧ ਸਨ।
ਗੁਪਤਾ ਨੇ ਦੋਸ਼ ਲਾਇਆ ਕਿ ਉਸ ਨਾਲ ਵਿਆਹ ਤੋਂ ਪਹਿਲਾਂ ਹੀ ਸੌਦਾ ਸਾਧ ਦੇ ਹਨੀਪ੍ਰੀਤ ਨਾਲ ਸਬੰਧ ਸਨ, ਇਸ ਲਈ ਉਸ ਨੇ ਸਾਰਿਆਂ ਸਾਹਮਣੇ ਉਸ ਨੂੰ ਮੂੰਹਬੋਲੀ ਬੇਟੀ ਕਰਾਰ ਦਿਤਾ ਸੀ ਤਾਕਿ ਉਹ ਅਪਣੇ ਪਾਪ ਨੂੰ ਲੁਕਾ ਸਕੇ। ਵਿਸ਼ਵਾਸ ਗੁਪਤਾ ਨੇ ਇਹ ਦੋਸ਼ ਟੀਵੀ ਚੈਨਲ ਨੂੰ ਦਿਤੀ ਇੰਟਰਵਿਊ ਵਿਚ ਲਗਾਏ ਸਨ।
ਵਿਸ਼ਵਾਸ ਗੁਪਤਾ ਨੇ 2011 ਵਿਚ ਟੀਵੀ ਚੈਨਲ ਨੂੰ ਦਸਿਆ ਸੀ ਕਿ ਮਈ 2011 ਨੂੰ ਰਾਤ ਸਮੇਂ ਜਦ ਉਹ ਡੇਰੇ ਦੀ ਗੁਫ਼ਾ ਵਲ ਗਿਆ ਤਾਂ ਜੋ ਵੇਖਣ ਨੂੰ ਮਿਲਿਆ, ਉਹ ਹੈਰਾਨੀਜਨਕ ਸੀ। ਬਾਬੇ ਦੇ ਕਮਰੇ ਦਾ ਦਰਵਾਜ਼ਾ ਗ਼ਲਤੀ ਨਾਲ ਖੁਲ੍ਹਾ ਰਹਿ ਗਿਆ ਸੀ। ਉਸ ਨੇ ਅੰਦਰ ਝਾਕਿਆ ਤਾਂ ਵੇਖਿਆ ਕਿ ਉਹ ਉਸ ਦੀ ਪਤਨੀ ਅਤੇ ਅਪਣੀ ਗੋਦ ਲਈ ਬੇਟੀ ਹਨੀਪ੍ਰੀਤ ਨਾਲ ਇਤਰਾਜ਼ਯੋਗ ਹਾਲਤ ਵਿਚ ਸੀ।
ਗੁਪਤਾ ਮੁਤਾਬਕ ਜਦ ਸੌਦਾ ਸਾਧ ਹੋਟਲਾਂ ਵਿਚ ਜਾਂਦਾ ਸੀ ਤਾਂ ਹਨੀਪ੍ਰੀਤ ਉਸ ਦੇ ਕਮਰੇ ਵਿਚ ਰਹਿੰਦੀ ਸੀ ਤੇ ਉਸ ਨੂੰ ਨਾਲ ਵਾਲੇ ਕਮਰੇ ਵਿਚ ਰਖਿਆ ਜਾਂਦਾ ਸੀ। ਗੁਪਤਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਮੁਕੱਦਮਾ ਪਾ ਕੇ ਉਸ ਦੀ ਪਤਨੀ ਨੂੰ ਸੌਦਾ ਸਾਧ ਤੋਂ ਮੁਕਤ ਕਰਾਉਣ ਦੀ ਮੰਗ ਵੀ ਕੀਤੀ ਸੀ। ਬਾਅਦ ਵਿਚ ਸਮਝੌਤਾ ਹੋ ਗਿਆ ਤੇ ਹਨੀਪ੍ਰੀਤ ਨੇ ਵਿਸ਼ਵਾਸ ਤੋਂ ਤਲਾਕ ਲੈ ਲਿਆ। (ਏਜੰਸੀ)