
ਡੇਰਾ ਸੌਦਾ ਸਾਧ ਨੂੰ ਅਦਾਲਤ ਵਲੋਂ ਦੋਸ਼ੀ ਕਰਾਰ ਦੇਣ ਤੋਂ ਬਾਅਦ ਪੰਜਾਬ ਨੂੰ ਹਿੰਸਾ ਦੀ ਭੱਠੀ 'ਚ ਝੋਕਣ ਲਈ ਡੇਰੇ ਦੇ ਪ੍ਰਬੰਧਕਾਂ ਵਲੋਂ ਬਾਕਾਇਦਾ ਸੱਤ ਮੈਂਬਰੀ ਕਮੇਟੀ
ਬਠਿੰਡਾ, 27 ਅਗੱਸਤ (ਸੁਖਜਿੰਦਰ ਮਾਨ) : ਡੇਰਾ ਸੌਦਾ ਸਾਧ ਨੂੰ ਅਦਾਲਤ ਵਲੋਂ ਦੋਸ਼ੀ ਕਰਾਰ ਦੇਣ ਤੋਂ ਬਾਅਦ ਪੰਜਾਬ ਨੂੰ ਹਿੰਸਾ ਦੀ ਭੱਠੀ 'ਚ ਝੋਕਣ ਲਈ ਡੇਰੇ ਦੇ ਪ੍ਰਬੰਧਕਾਂ ਵਲੋਂ ਬਾਕਾਇਦਾ ਸੱਤ ਮੈਂਬਰੀ ਕਮੇਟੀ ਬਣਾ ਕੇ ਹੇਠਲੇ ਪੱਧਰ 'ਤੇ ਡੇਰੇ ਨਾਲ ਸਬੰਧਤ ਯੂਥ ਬ੍ਰਿਗੇਡ ਨੂੰ ਨਿਰਦੇਸ਼ ਦਿੱਤੇ ਗਏ ਸਨ। ਇਸ ਗੱਲ ਦਾ ਪ੍ਰਗਟਾਵਾ ਪੁਲਿਸ ਵਲੋਂ ਬੀਤੇ ਦੋ ਦਿਨਾਂ 'ਚ ਗ੍ਰਿਫਤਾਰ ਕੀਤੇ ਗਏ ਡੇਰਾ ਪ੍ਰਬੰਧਕਾਂ ਨੇ ਪੁਲਿਸ ਕੋਲ ਪੁਛਗਿਛ ਦੌਰਾਨ ਕੀਤਾ ਹੈ।
ਪੁਲਿਸ ਸੂਤਰਾਂ ਦੇ ਦਾਅਵੇ ਮੁਤਾਬਕ ਪੰਜਾਬ 'ਚ ਹਿੰਸਾ ਫੈਲਾਉਣ ਲਈ ਇਸ ਸੱਤ ਮੈਂਬਰੀ ਕਮੇਟੀ ਦਾ ਗਠਨ ਡੇਰਾ ਸਿਰਸਾ 'ਚ 21 ਅਗੱਸਤ ਨੂੰ ਹੋਇਆ ਸੀ। ਜਿਸ ਤੋਂ ਬਾਅਦ 23 ਅਗੱਸਤ ਨੂੰ ਬਠਿੰਡਾ 'ਚ ਇਸ ਕਮੇਟੀ ਦੇ ਇਕ ਮੈਂਬਰ ਹਰਵਿੰਦਰ ਸਿੰਘ ਰੰਧਾਵਾ ਅਤੇ 25 ਅਗੱਸਤ ਨੂੰ ਸੌਦਾ ਸਾਧ ਨੂੰ ਦੋਸ਼ੀ ਕਰਾਰ ਦੇਣ ਵੇਲੇ ਰਣਜੀਤ ਸਿੰਘ ਦੇ ਘਰ ਮੀਟਿੰਗ ਹੋਈ ਸੀ। ਇਸ ਕਮੇਟੀ ਵਿਚ ਦੋ ਦਿਨ ਪਹਿਲਾਂ ਸਦਰ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ 45 ਮੈਂਬਰੀ ਕਮੇਟੀ ਦੇ ਮੈਂਬਰ ਗੁਰਦੇਵ ਸਿੰਘ ਤੋਂ ਇਲਾਵਾ ਬਲਜਿੰਦਰ ਸਿੰਘ ਬਾਡੀ, ਮਹਿੰਦਰ ਸਿੰਘ ਕੋਟਕਪੂਰਾ, ਰਵੀ ਕੁਮਾਰ ਮੁਕਤਸਰ, ਜਤਿੰਦਰ ਕੁਮਾਰ ਮੁਕਤਸਰ, ਮੇਜਰ ਸਿੰਘ ਮਾਨਸਾ ਅਤੇ ਹਰਵਿੰਦਰ ਸਿੰਘ ਨੋਨਾ ਸ਼ਾਮਲ ਸਨ।
ਪੁਲਿਸ ਸੂਤਰਾਂ ਮੁਤਾਬਕ ਕਮੇਟੀ ਵਲੋਂ ਡੇਰਾ ਮੁਖੀ ਨੂੰ ਸਜ਼²ਾ ਹੋਣ ਦੀ ਸੂਰਤ 'ਚ ਕਥਿਤ ਤੌਰ 'ਤੇ ਪੰਜਾਬ ਵਿਚ ਵੱਡੇ ਪੱਧਰ 'ਤੇ ਹਿੰਸਾ ਫੈਲਾਉਣ ਦਾ ਫੈਸਲਾ ਕੀਤਾ ਗਿਆ ਸੀ। ਸੂਤਰਾਂ ਅਨੁਸਾਰ ਫ਼ੈਸਲੇ ਮੁਤਾਬਕ ਸਰਕਾਰੀ ਇਮਾਰਤਾਂ ਤੇ ਹੋਰ ਵਾਹਨਾਂ ਦੀ ਭੰਨਤੋੜ ਤੇ ਉਨ੍ਹਾਂ ਨੂੰ ਅੱਗ ਲਗਾਉਣਾ ਸੀ। ਇਸ ਦੇ ਲਈ ਬਾਕਾਇਦਾ ਕੋਡ ਵੀ ਰੱਖਿਆ ਗਿਆ ਸੀ, ਜਿਸ ਤਹਿਤ ਜਦ ਉਕਤ ਸੱਤ ਮੈਂਬਰੀ ਕਮੇਟੀ ਨੇ ਹੇਠਲੇ ਪੱਧਰ 'ਤੇ ਬਲਾਕ ਯੂਥ ਬ੍ਰਿਗੇਡ ਦੇ ਆਗੂਆਂ ਨੂੰ ਹਿੰਸਾ ਸ਼ੁਰੂ ਕਰਨ ਦੇ ਨਿਰਦੇਸ਼ ਦੇਣਾ ਸੀ ਤਾਂ ਉਸ ਦਾ ਕੋਡ ਵਰਡ ਟਮਾਟਰ ਭੰਨ ਦਿਉ ਸੀ।
ਉਧਰ ਪੁਲਿਸ ਵਲੋਂ ਇਸ ਸੱਤ ਮੈਂਬਰੀ ਕਮੇਟੀ ਵਿਚੋਂ ਚਾਰ ਮੈਂਬਰ ਗੁਰਦੇਵ ਸਿੰਘ, ਹਰਵਿੰਦਰ ਸਿੰਘ ਰੰਧਾਵਾ, ਪਿਆਰਾ ਸਿੰਘ ਤੇ ਬਲਜਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਡੇਰੇ ਦੀ ਸਰਬਉਚ 45 ਕਮੇਟੀ ਮੈਂਬਰਾਂ 'ਚ ਸ਼ਾਮਲ ਪੰਜਾਬ ਦੇ 10 ਆਗੂਆਂ ਸਹਿਤ ਕੁਲ 25 ਡੇਰਾ ਆਗੂਆਂ ਵਿਰੁਧ ਸਥਾਨਕ ਸੀ.ਆਈ.ਏ ਸਟਾਫ਼ ਵਲੋਂ ਕੇਸ ਦਰਜ ਕਰ ਕੇ ਉਨ੍ਹਾਂ ਵਿਚੋਂ ਕਈਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਦਸ ਮੈਂਬਰਾਂ ਵਿਚ ਗੁਰਦੇਵ ਸਿੰਘ, ਗੁਰਮੇਲ ਸਿੰਘ, ਪਿਆਰਾ ਸਿੰਘ, ਜਸਵੰਤ ਸਿੰਘ, ਸਮਰਜੀਤ ਸਿੰਘ, ਸਿੰਦਰਪਾਲ ਸਿੰਘ, ਗੁਰਸੇਵਕ ਸਿੰਘ, ਸੰਤੋਖ ਸਿੰਘ ਤੇ ਗੁਰਵਿੰਦਰ ਸਿੰਘ ਸ਼ਾਮਲ ਹਨ।
ਪੁਲਿਸ ਅਧਿਕਾਰੀਆਂ ਨੇ ਡੇਰੇ ਦੇ ਉਚ ਪ੍ਰਬੰਧਕਾਂ ਦਾ ਹਿੰਸਾ ਵਿਚ ਹੱਥ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵਲੋਂ ਇਨ੍ਹਾਂ ਆਗੂਆਂ ਵਿਰੁਧ ਪਰਚੇ ਦਰਜ ਕਰਨ ਤੇ ਗ੍ਰਿਫ਼ਤਾਰ ਕਰਨ ਦੀ ਮੁਹਿੰਮ ਅੱਜ ਦੂਜੇ ਦਿਨ ਵੀ ਜਾਰੀ ਰਹੀ। ਸੂਤਰਾਂ ਅਨੁਸਾਰ ਬੀਤੇ ਕਲ 45 ਮੈਂਬਰੀ ਕਮੇਟੀ ਦੇ ਆਗੂ ਗੁਰਦੇਵ ਸਿੰਘ ਵਿਰੁਧ ਦੋ ਪਰਚੇ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਵਲੋਂ ਕੀਤੇ ਪ੍ਰਗਟਾਵਿਆਂ ਦੇ ਆਧਾਰ 'ਤੇ ਇਸ ਕਮੇਟੀ ਦੇ ਇਕ ਹੋਰ ਆਗੂ ਸ਼ਿੰਦਰਪਾਲ ਸਿੰਘ ਪੱਕਾ ਵਿਰੁਧ ਵੀ ਦੋ ਪਰਚੇ ਦਰਜ਼ ਕਰ ਲਏ ਹਨ। ਇਸਦੇ ਇਲਾਵਾ ਤਲਵੰਡੀ ਸਾਬੋ ਪੁਲਿਸ ਵਲੋਂ ਭੰਨਤੋੜ 'ਚ ਗ੍ਰਿਫਤਾਰ ਕੀਤੇ ਗਏ ਤਿੰਨ ਪ੍ਰੇਮੀਆਂ ਦੇ ਦੋ ਹੋਰ ਸਾਥੀਆਂ ਨੂੰ ਕੁਬੂ ਕੀਤੇ ਜਾਣ ਦੀ ਸੂਚਨਾ ਹੈ। ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ 'ਚ ਇਸ ਕੇਸ ਵਿਚ ਹੋਰ ਵੀ ਪ੍ਰਗਟਾਵੇ ਹੋਣ ਦੀ ਉਮੀਦ ਹੈ।
ਉਨ੍ਹਾਂ ਕਿਹਾ ਕਿ ਪਰਚੇ ਸਿਰਫ਼ ਉਨ੍ਹਾਂ ਵਿਰੁਧ ਹੀ ਦਰਜ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਹਿੰਸਾ ਫ਼ਲਾਉਣ 'ਚ ਕੋਈ ਹੱਥ ਹੋਣ ਦਾ ਪਤਾ ਲੱਗ ਰਿਹਾ ਹੈ।