
ਹਰਿਆਣਾ ਸਮੇਤ ਕੁੱਝ ਰਾਜਾਂ ਵਿਚ ਵਾਪਰੀਆਂ ਤਾਜ਼ਾ ਹਿੰਸਕ ਘਟਨਾਵਾਂ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ.....
ਨਵੀਂ ਦਿੱਲੀ, 27 ਅਗੱਸਤ : ਹਰਿਆਣਾ ਸਮੇਤ ਕੁੱਝ ਰਾਜਾਂ ਵਿਚ ਵਾਪਰੀਆਂ ਤਾਜ਼ਾ ਹਿੰਸਕ ਘਟਨਾਵਾਂ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਪਣੇ 'ਮਨ ਕੀ ਬਾਤ' ਪ੍ਰੋਗਰਾਮ ਵਿਚ ਕਿਹਾ ਕਿ ਕਾਨੂੰਨ ਹੱਥ ਵਿਚ ਲੈਣ ਵਾਲੇ, ਹਿੰਸਾ ਦੇ ਰਾਹ 'ਤੇ ਚੱਲਣ ਵਾਲੇ ਕਿਸੇ ਵੀ ਵਿਅਕਤੀ ਜਾਂ ਸਮੂਹ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਤਹਿਤ ਦੋਸ਼ੀਆਂ ਨੂੰ ਸਜ਼ਾ ਮਿਲੇਗੀ।
ਮੋਦੀ ਨੇ ਕਿਹਾ, 'ਕਾਨੂੰਨ ਸੱਭ ਲਈ ਬਰਾਬਰ ਹੈ। ਕਾਨੂੰਨ ਅੱਗੇ ਹਰ ਕਿਸੇ ਨੂੰ ਝੁਕਣਾ ਪਵੇਗਾ। ਸ਼ਰਧਾ ਦੇ ਨਾਮ 'ਤੇ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕਾਨੂੰਨ ਸਜ਼ਾ ਦੇਵੇਗਾ।' ਉਨ੍ਹਾਂ ਕਿਹਾ ਕਿ ਜਿਥੇ ਦੇਸ਼ ਇਕ ਪਾਸੇ ਤਿਉਹਾਰਾਂ ਵਿਚ ਡੁਬਿਆ ਹੋਇਆ ਹੈ, ਦੂਜੇ ਪਾਸੇ ਹਿੰਸਾ ਦੀਆਂ ਖ਼ਬਰਾਂ ਆ ਰਹੀਆਂ ਹਨ ਤਾਂ ਚਿੰਤਾ ਹੋਣੀ ਸੁਭਾਵਕ ਹੈ। ਉਨ੍ਹਾਂ ਕਿਹਾ, 'ਸਾਡਾ ਦੇਸ਼ ਬੁੱਧ ਅਤੇ ਗਾਂਧੀ ਦਾ ਦੇਸ਼ ਹੈ। ਦੇਸ਼ ਦੀ ਏਕਤਾ ਲਈ ਜੱਦੋਜਹਿਦ ਕਰਨ ਵਾਲੇ ਸਰਦਾਰ ਪਟੇਲ ਦਾ ਦੇਸ਼ ਹੈ।
ਸਦੀਆਂ ਤੋਂ ਸਾਡੇ ਪੁਰਖਿਆਂ ਨੇ ਜੀਵਨ ਦੀਆਂ ਕਦਰਾਂ-ਕੀਮਤਾਂ ਅਤੇ ਅਹਿੰਸਾ ਨੂੰ ਗਲ ਨਾਲ ਲਾਇਆ ਹੈ।'
ਉਨ੍ਹਾਂ ਕਿਹਾ, 'ਮੈਂ ਲਾਲ ਕਿਲ੍ਹੇ ਤੋਂ ਪਹਿਲਾਂ ਵੀ ਕਿਹਾ ਸੀ ਕਿ ਸ਼ਰਧਾ ਦੇ ਨਾਮ 'ਤੇ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਚਾਹੇ ਉਹ ਫ਼ਿਰਕੂ ਹਿੰਸਾ ਹੋਵੇ, ਚਾਹੇ ਰਾਜਨੀਤਕ ਵਿਚਾਰਾਂ ਪ੍ਰਤੀ ਸ਼ਰਧਾ ਹੋਵੇ, ਚਾਹੇ ਵਿਅਕਤੀ ਪ੍ਰਤੀ ਸ਼ਰਧਾ ਹੋਵੇ, ਚਾਹੇ ਰਵਾਇਤਾਂ ਪ੍ਰਤੀ ਸ਼ਰਧਾ ਹੋਵੇ, ਕਾਨੂੰਨ ਹੱਥ ਵਿਚ ਲੈਣ ਦਾ ਕਿਸੇ ਨੂੰ ਅਧਿਕਾਰ ਨਹੀਂ।' (ਏਜੰਸੀ)