
ਭਰਾ ਨੂੰ ਮੁਸ਼ਕਲ ਘੜੀ ਵਿਚ ਫਸਿਆ ਦੇਖ ਮੁਕੇਸ਼ ਅੰਬਾਨੀ ਦਾ ਦਿਲ ਪਿਘਲ ਗਿਆ ਅਤੇ ਉਨ੍ਹਾਂ ਨੇ ਅਪਣੇ ਭਰਾ ਦਾ 550 ਕਰੋੜ ਰੁਪਏ ਦਾ ਕਰਜ਼ਾ ਖ਼ੁਦ ਅਦਾ ਕਰ ਦਿਤਾ।
ਨਵੀਂ ਦਿੱਲੀ : ਰਿਲਾਇੰਸ ਕਮਿਊਨੀਕੇਸ਼ਨਜ਼ ਦੇ ਮਾਲਕ ਅਨਿਲ ਅੰਬਾਨੀ ਆਖ਼ਰਕਾਰ ਜੇਲ੍ਹ ਜਾਣ ਤੋਂ ਬਚ ਗਏ ਹਨ ਕਿਉਂਕਿ ਉਨ੍ਹਾਂ ਨੇ ਐਰਿਕਸਨ ਕੰਪਨੀ ਨੂੰ 550 ਕਰੋੜ ਰੁਪਏ ਦਾ ਬਕਾਇਆ ਵਿਆਜ਼ ਸਮੇਤ ਵਾਪਸ ਕਰ ਦਿਤਾ ਹੈ ਅਤੇ ਇਹ ਸਭ ਕੁੱਝ ਉਨ੍ਹਾਂ ਦੇ ਵੱਡੇ ਭਰਾ ਮੁਕੇਸ਼ ਅੰਬਾਨੀ ਦੀ ਵਜ੍ਹਾ ਨਾਲ ਸੰਭਵ ਹੋ ਸਕਿਆ ਹੈ।
ਆਖ਼ਰ ਭਰਾ ਨੂੰ ਮੁਸ਼ਕਲ ਘੜੀ ਵਿਚ ਫਸਿਆ ਦੇਖ ਮੁਕੇਸ਼ ਅੰਬਾਨੀ ਦਾ ਦਿਲ ਪਿਘਲ ਗਿਆ ਅਤੇ ਉਨ੍ਹਾਂ ਨੇ ਅਪਣੇ ਭਰਾ ਦਾ 550 ਕਰੋੜ ਰੁਪਏ ਦਾ ਕਰਜ਼ਾ ਖ਼ੁਦ ਅਦਾ ਕਰ ਦਿਤਾ। ਜਿਸ ਨਾਲ ਸੁਪਰੀਮ ਕੋਰਟ ਵਲੋਂ ਉਲੰਘਣਾ ਦੇ ਦੋਸ਼ੀ ਕਰਾਰ ਦਿਤੇ ਜਾ ਚੁੱਕੇ ਅਨਿਲ ਅੰਬਾਨੀ ਜੇਲ੍ਹ ਜਾਣ ਤੋਂ ਬਚ ਗਏ ਹਨ।
ਇਸ ਤੋਂ ਬਾਅਦ ਅਨਿਲ ਅੰਬਾਨੀ ਨੇ ਅਪਣੇ ਵੱਡੇ ਭਰਾ ਮੁਕੇਸ਼ ਅੰਬਾਨੀ ਅਤੇ ਭਾਬੀ ਨੀਤਾ ਅੰਬਾਨੀ ਦਾ ਧੰਨਵਾਦ ਕੀਤਾ। ਅਨਿਲ ਨੇ ਕਿਹਾ ਕਿ ਮੈਂ ਅਪਣੇ ਸਤਿਕਾਰਯੋਗ ਵੱਡੇ ਭਰਾ ਅਤੇ ਭਾਬੀ ਦਾ ਇਸ ਮੁਸ਼ਕਲ ਘੜੀ ਵਿਚ ਮੇਰੇ ਨਾਲ ਖੜ੍ਹਨ 'ਤੇ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਹੁਣ ਅਸੀਂ ਪੁਰਾਣੀਆ ਗੱਲਾਂ ਨੂੰ ਪਿੱਛੇ ਛੱਡ ਕੇ ਅੱਗੇ ਵਧ ਚੁੱਕੇ ਹਾਂ ਅਤੇ ਉਨ੍ਹਾਂ ਦੇ ਇਸ ਵਿਵਹਾਰ ਨੇ ਮੈਨੂੰ ਅੰਦਰ ਤਕ ਪ੍ਰਭਾਵਤ ਕੀਤਾ ਹੈ।
Anil Ambani thanks elder brother Mukesh Ambani
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਸੁਪਰੀਮ ਕੋਰਟ ਨੇ ਰਿਲਾਇੰਸ ਕਮਿਊਨੀਕੇਸ਼ਨਜ਼ ਦੇ ਪ੍ਰਧਾਨ ਅਨਿਲ ਅੰਬਾਨੀ ਨੂੰ ਜਾਣਬੁੱਝ ਕੇ ਉਸ ਦੇ ਆਦੇਸ਼ ਦਾ ਉਲੰਘਣ ਕਰਨ ਅਤੇ ਟੈਲੀਕਾਮ ਉਪਕਰਨ ਬਣਾਉਣ ਵਾਲੀ ਕੰਪਨੀ ਐਰਿਕਸਨ ਨੂੰ ਬਕਾਇਆ ਭੁਗਤਾਨ ਨਾ ਕਰਨ 'ਤੇ ਅਦਾਲਤ ਦੀ ਉਲੰਘਣਾ ਦਾ ਦੋਸ਼ੀ ਕਰਾਰ ਦਿਤਾ ਸੀ। ਅਜਿਹੇ ਵਿਚ ਜੇਕਰ ਉਹ ਇਹ ਭੁਗਤਾਨ ਨਾ ਕਰਦੇ ਤਾਂ ਉਨ੍ਹਾਂ ਦਾ ਜੇਲ੍ਹ ਜਾਣਾ ਤੈਅ ਸੀ, ਪਰ ਹੁਣ ਉਨ੍ਹਾਂ ਨੇ ਅਪਣੇ ਵੱਡੇ ਭਰਾ ਦੀ ਮਦਦ ਨਾਲ ਇਹ ਭੁਗਤਾਨ ਸਮਾਂ ਹੱਦ ਖ਼ਤਮ ਹੋਣ ਤੋਂ ਇਕ ਦਿਨ ਪਹਿਲਾਂ ਹੀ ਕਰ ਦਿਤਾ ਹੈ।
ਐਰਿਕਸਨ ਤੋਂ ਛੁਟਕਾਰਾ ਪਾਉਣ ਵਾਲੇ ਅਨਿਲ ਅੰਬਾਨੀ ਦੀਆਂ ਮੁਸ਼ਕਲਾਂ ਅਜੇ ਖ਼ਤਮ ਨਹੀਂ ਹੋਈਆਂ। ਸਰਕਾਰੀ ਟੈਲੀਕਾਮ ਕੰਪਨੀ ਬੀਐਸਐਨਐਲ ਨੇ ਵੀ ਉਨ੍ਹਾਂ ਵਿਰੁਧ ਐਨਸੀਐਲਟੀ ਜਾਣ ਦੀ ਤਿਆਰੀ ਕਰ ਲਈ ਹੈ। ਨਿਗਮ ਦਾ ਕਹਿਣਾ ਹੈ ਕਿ ਉਹ ਇਸੇ ਹਫ਼ਤੇ ਅਨਿਲ ਅੰਬਾਨੀ ਦੀ ਆਰਕਾਮ 'ਤੇ 700 ਕਰੋੜ ਰੁਪਏ ਦਾ ਬਕਾਇਆ ਵਸੂਲਣ ਲਈ ਕੰਪਨੀ ਟ੍ਰਿਬਿਊਨਲ ਦਾ ਦਰਵਾਜ਼ਾ ਖੜਕਾਏਗਾ।