
ਸਾਲ 2011 ਦੌਰਾਨ ਜਿੱਥੇ 26.94 ਫ਼ੀਸਦੀ ਵਿਦਿਆਰਥੀਆਂ ਨੇ ਇਸ ਇਮਤਿਹਾਨ ਵਿਚ ਸਫ਼ਲਤਾ ਹਾਸਲ ਕੀਤੀ ਸੀ, ਉੱਥੇ ਹੀ 2016 ਦੌਰਾਨ ਸਫ਼ਲਤਾ ਦੀ ਪ੍ਰਤੀਸ਼ਤਤਾ ਘਟ ਕੇ 9.44 ਫ਼ੀ ਸਦੀ ਰਹਿ ਗਈ।
ਨਵੀਂਂ ਦਿੱਲੀ:ਵਿਦੇਸ਼ ਤੋਂ ਐੱਮਬੀਬੀਐੱਸ ਕਰਨ ਵਾਲੇ ਵਿਦਿਆਰਥੀਆਂ ਨੂੰ ਦੇਸ਼ ਵਿਚ ਮਾਨਤਾ ਦੇਣ ਲਈ ਹੋਣ ਵਾਲੇ ਸਕ੍ਰੀਨਿੰਗ ਟੈਸਟ ‘ਫ਼ਾਰੇਨ ਮੈਡੀਕਲ ਗ੍ਰੈਜੂਏਟ ਐਗਜ਼ਾਮੀਨੇਸ਼ਨ’ (FMGE) ਵਿਚ ਪਾਸ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਹਰ ਸਾਲ ਗਿਰਾਵਟ ਆ ਰਹੀ ਹੈ।
ਸਾਲ 2011 ਦੌਰਾਨ ਜਿੱਥੇ 26.94 ਫ਼ੀਸਦੀ ਵਿਦਿਆਰਥੀਆਂ ਨੇ ਇਸ ਇਮਤਿਹਾਨ ਵਿਚ ਸਫ਼ਲਤਾ ਹਾਸਲ ਕੀਤੀ ਸੀ, ਉੱਥੇ ਹੀ 2016 ਦੌਰਾਨ ਸਫ਼ਲਤਾ ਦੀ ਪ੍ਰਤੀਸ਼ਤਤਾ ਘਟ ਕੇ 9.44 ਫ਼ੀ ਸਦੀ ਰਹਿ ਗਈ। ਜੁਲਾਈ 2018 ਵਿਚ ਹੋਏ FMGE ਵਿਚ ਕੁਝ ਸੁਧਾਰ ਵੇਖਿਆ ਗਿਆ ਪਰ ਦਸੰਬਰ 2018 ’ਚ ਸਫ਼ਲਤਾ ਦੀ ਇਹ ਦਰ ਘਟ ਕੇ 11 ਫ਼ੀ ਸਦੀ ਰਹਿ ਗਈ।
Doctor
ਵਿਦੇਸ਼ਾਂ ਤੋਂ ਐੱਮਬੀਬੀਐੱਸ ਕਰਨ ਵਾਲੇ ਵਿਦਿਆਰਥੀਆਂ ਦੀ ਯੋਗਤਾ ਪਰਖਣ ਲਈ ਰਾਸ਼ਟਰੀ ਪ੍ਰੀਖਿਆ ਬੋਰਡ (NBE) ਸਾਲ ਵਿਚ ਦੋ ਵਾਰ ਸਕ੍ਰੀਨਿੰਗ ਟੈਸਟ ਕਰਵਾਉਂਦਾ ਹੈ। ਇਸ ਵਿਚ ਹਰ ਸਾਲ ਲਗਭਗ 12,000 ਉਮੀਦਵਾਰ ਬੈਠਦੇ ਹਨ। ਭਾਰਤ ਵਿਚ ਮਾਨਤਾ ਹਾਸਲ ਕਰਨ ਲਈ ਇਹ ਪ੍ਰੀਖਿਆ ਪਾਸ ਕਰਨੀ ਲਾਜ਼ਮੀ ਹੁੰਦੀ ਹੈ।
ਮੈਡੀਕਲ ਸਿੱਖਿਆ ਕਾਰਕੁੰਨ ਵਿਵੇਕ ਤਿਵਾਰੀ ਵੱਲੋਂ ਸੂਚਨਾ ਦੇ ਅਧਿਕਾਰ ਅਧੀਨ ਮੰਗੇ ਗਏ ਜਵਾਬ ਵਿਚ MCI ਭਾਵ ਭਾਰਤੀ ਮੈਡੀਕਲ ਕੌਂਸਲ ਨੇ ਇਹ ਜਾਣਕਾਰੀ ਦਿੱਤੀ ਕਿ ਸਾਲ 2011 ਤੋਂ ਲੈ ਕੇ 2016 ਤੱਕ FMGE ਪਾਸ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਲਗਾਤਾਰ ਕਮੀ ਆਈ। ਸਾਲ 2011 ਵਿਚ 26.94 ਫ਼ੀਸਦੀ ਵਿਦਿਆਰਥੀਆਂ ਨੇ ਸਫ਼ਲਤਾ ਹਾਸਲ ਕੀਤੀ ਸੀ, 2012 ਵਿਚ ਇਹ ਅੰਕੜਾ ਘਟ ਕੇ 24.57 ਫ਼ੀਸਦੀ, 2013 ਵਿਚ 22.80 ਫ਼ੀਸਦੀ, 2014 ਵਿਚ 13.09 ਫ਼ੀਸਦੀ, 2015 ਵਿਚ 11.33 ਫ਼ੀਸਦੀ ਤੇ 2016 ਵਿਚ ਹੋਰ ਘਟ ਕੇ 9.44 ਫ਼ੀਸਦੀ ਰਹਿ ਗਈ।
Doctor
ਸਾਲ 2017 ਵਿਚ ਇਸ ’ਚ ਮਾਮੂਲੀ ਇਜ਼ਾਫ਼ਾ ਹੋਇਆ ਤੇ ਇਹ 11.17 ਫ਼ੀਸਦੀ ਹੋ ਗਿਆ। ਜੁਲਾਈ 2018 ਦੀ ਪ੍ਰੀਖਿਆ ਵੇਲੇ ਇਸ ਵਿਚ ਵਧੀਆ ਸੁਧਾਰ ਵੇਖਿਆ ਗਿਆ ਤੇ ਸਫ਼ਲਤਾ ਦੀ ਦਰ ਵਧ ਕੇ 20 ਫ਼ੀਸਦੀ ’ਤੇ ਪੁੱਜ ਗਈ। ਇਸ ਤੋਂ ਬਾਅਦ ਦਸੰਬਰ 2018 ਵਿਚ ਇਸ ਵਿਚ ਇੱਕ ਵਾਰ ਮੁੜ ਗਿਰਾਵਟ ਆਈ ਤੇ ਸਫ਼ਲਤਾ ਦੀ ਦਰ ਘਟ ਕੇ 11 ਫ਼ੀਸਦੀ ਦੇ ਲਗਭਗ ਰਹਿ ਗਈ।
FMGE ਦੀ ਸਫ਼ਲਤਾ ਦਰ ਵਿਚ ਤੇਜ਼ ਗਿਰਾਵਟ ਉੱਤੇ ਸਵਾਲੀਆ ਨਿਸ਼ਾਨ ਲਗਾਉਂਦਿਆਂ ਜਨ–ਸਿਹਤ ਮਾਮਲਿਆਂ ਦੇ ਮਾਹਿਰ ਅਨੰਤ ਭਾਨ ਕਹਿੰਦੇ ਹਨ ਕਿ ਅਸੀਂ ਕਹਿ ਸਕਦੇ ਹਾਂ ਕਿ ਵਿਦੇਸ਼ਾਂ ਤੋਂ ਐੱਮਬੀਬੀਐੱਸ ਕਰਨ ਵਾਲੇ ਜ਼ਿਆਦਾਤਰ ਵਿਦਿਆਰਥੀ ਭਾਰਤੀ ਵਿਦਿਆਰਥੀਆਂ ਜਿੰਨੇ ਯੋਗ ਨਹੀਂ ਹਨ। ਫਿਰ ਵੀ FMGE ਦੀ ਸਫ਼ਲਤਾ ਦਰ ਵਿਚ ਜਿਸ ਤੇਜ਼ੀ ਨਾਲ ਗਿਰਾਵਟ ਦਿਸ ਰਹੀ ਹੈ, ਉਸ ਨੂੰ ਵਾਜਬ ਨਹੀਂ ਠਹਿਰਾਇਆ ਜਾ ਸਕਦਾ।
ਬਿਹਤਰ ਹੋਵੇਗਾ ਕਿ ਭਾਰਤ ਵਿਚ ਪੜ੍ਹਨ ਵਾਲੇ ਤੇ ਵਿਦੇਸ਼ ਵਿਚ ਐੱਮਬੀਬੀਐੱਸ ਕਰਨ ਵਾਲੇ ਸਾਰੇ ਵਿਦਿਆਰਥੀਆਂ ਲਈ ਕਾਮਨ ਸਕ੍ਰੀਨਿੰਗ ਟੈਸਟ ਕਰਵਾਇਆ ਜਾਵੇ। ਵਿਦੇਸ਼ਾਂ ਤੋਂ ਐੱਮਬੀਬੀਐੱਸ ਕਰਨ ਵਾਲੇ ਵਿਦਿਆਰਥੀ/ਉਮੀਦਵਾਰ ਅਕਸਰ ਇਹੋ ਦੋਸ਼ ਲਾਉਂਦੇ ਹਲ ਕਿ NBE ਜਾਣ ਬੁੱਝ ਕੇ FMGE ਦਾ ਪੇਪਰ ਬਹੁਤ ਔਖਾ ਬਣਾਉਂਦਾ ਹੈ, ਤਾਂ ਜੋ ਘੱਟ ਤੋਂ ਘੱਟ ਵਿਦਿਆਰਥੀ ਇਹ ਪ੍ਰੀਖਿਆ ਪਾਸ ਕਰ ਸਕਣ।
ਵਿਦਿਆਰਥੀਆਂ ਦਾ ਦੋਸ਼ ਹੈ ਕਿ ਉੱਚੀਆਂ ਫ਼ੀਸਾਂ ਵਸੂਲਣ ਵਾਲੇ ਨਿਜੀ ਮੈਡੀਕਲ ਕਾਲਜਾਂ ਨੂੰ ਲਾਭ ਪਹੁੰਚਾਉਣ ਲਈ ਅਜਿਹਾ ਕੀਤਾ ਜਾਂਦਾ ਹੈ। FMGE ਵਿਚ ਫ਼ੇਲ੍ਹ ਹੋਣ ਨਾਲ ਵਿਦੇਸ਼ਾਂ ਤੋਂ MBBS ਕਰਨ ਵਾਲੇ ਵਿਦਿਆਰਥੀ ਨਿਰਾਸ਼ ਹੋਣਗੇ ਤੇ ਮਜਬੂਰਨ ਉਨ੍ਹਾਂ ਨੂੰ ਮਹਿੰਗੇ ਨਿਜੀ ਮੈਡੀਕਲ ਕਾਲਜਾਂ ਵਿਚ ਦਾਖ਼ਲੇ ਲੈਣੇ ਪੈਣਗੇ।