
ਭਾਰਤੀ ਮੂਲ ਦੇ ਲੋਕਾਂ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਦੇ ਵਿਰੋਧ ਵਿਚ ਸ਼ਨੀਵਾਰ ਨੂੰ ਆਸਟਰੇਲੀਆ ਵਿਚ ਵਿਕਟੋਰੀਅਨ ਸੰਸਦ ਦੇ ਬਾਹਰ ਪ੍ਰਦਰਸ਼ਨ.......
ਮੈਲਬੌਰਨ : ਭਾਰਤੀ ਮੂਲ ਦੇ ਲੋਕਾਂ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਦੇ ਵਿਰੋਧ ਵਿਚ ਸ਼ਨੀਵਾਰ ਨੂੰ ਆਸਟਰੇਲੀਆ ਵਿਚ ਵਿਕਟੋਰੀਅਨ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਅਤਿਵਾਦੀ ਹਮਲੇ ਵਿਚ ਸੀ.ਆਰ.ਪੀ.ਐੱਫ. ਦੇ 40 ਜਵਾਨ ਸ਼ਹੀਦ ਹੋ ਗਏ। ਇਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਵਿਚ ਸਰਗਰਮ ਅਤਿਵਾਦੀ ਸਮੂਹ ਜੈਸ਼-ਏ-ਮੁਹੰਮਦ ਨੇ ਲਈ ਹੈ। ਪ੍ਰਦਰਸ਼ਨਕਾਰੀਆਂ ਨੇ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਲਗਾਏ। ਉਨ੍ਹਾਂ ਦੇ ਹੱਥਾਂ ਵਿਚ ਬੈਨਰ ਸਨ, ਜਿਨ੍ਹਾਂ 'ਤੇ 'ਅਤਿਵਾਦ ਨੂੰ ਨਾ ਕਹੋ' ਅਤੇ 'ਪਾਕਿਸਤਾਨ ਦਾ ਸਮਰਥਨ ਕਰਨਾ ਬੰਦ ਕਰੋ' ਲਿਖਿਆ ਸੀ।
ਸਥਾਨਕ ਕੌਂਸਲਰ ਇੰਤਾਜ਼ ਖਾਨ ਨੇ ਕਿਹਾ ਕਿ ਪਾਕਿਸਤਾਨ ਨੂੰ ਅਤਿਵਾਦ ਦਾ ਸਮਰਥਨ ਕਰਨਾ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਹਮਲੇ ਵਿਚ ਮਾਰੇ ਗਏ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕੀਤੀ। ਸਥਾਨਕ ਵਸਨੀਕ ਕਾਰਤਿਕ ਅਰਾਸੂ ਨੇ ਕਿਹਾ ਕਿ ਇਹ ਇਕ ਸ਼ਾਂਤੀਪੂਰਣ ਪ੍ਰਦਰਸ਼ਨ ਸੀ ਕਿਉਂਕਿ ਭਾਰਤ ਹਮੇਸ਼ਾ ਪਿਆਰ ਅਤੇ ਸ਼ਾਂਤੀ ਲਈ ਖੜ੍ਹਾ ਹੈ। ਹਿੰਦੂ ਕੌਂਸਲ ਆਫ਼ ਆਸਟਰੇਲੀਅਨ ਨੇ ਵੀ ਅਤਿਵਾਦੀ ਹਮਲੇ ਦੀ ਨਿੰਦਾ ਕੀਤੀ। ਉਸ ਨੇ ਇਕ ਬਿਆਨ ਵਿਚ ਕਿਹਾ,''ਹਿੰਦੂ ਕੌਂਸਲ ਆਫ਼ ਆਸਟਰੇਲੀਆ ਜੰਮੂ-ਕਸ਼ਮੀਰ ਵਿਚ ਸੀ.ਆਰ.ਪੀ.ਐੱਫ. ਦੇ ਜਵਾਨਾਂ 'ਤੇ ਹੋਏ
ਅਤਿਵਾਦੀ ਹਮਲੇ ਦੀ ਅੰਤਰਰਾਸ਼ਟਰੀ ਭਾਈਚਾਰੇ ਦੇ ਨਾਲ ਸਖ਼ਤ ਨਿੰਦਾ ਕਰਦਾ ਹੈ। ਸ਼ਹੀਦਾਂ ਦੇ ਪਰਿਵਾਰਾਂ ਵਾਲਿਆਂ ਨਾਲ ਸਾਡੀ ਡੂੰਘੀ ਹਮਦਰਦੀ ਹੈ।'' ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਮੰਗਲਵਾਰ ਨੂੰ ਸਿਡਨੀ ਦੇ ਹੈਰਿਸ ਪਾਰਕ ਵਿਚ ਇਕ ਸਭਾ ਦਾ ਆਯੋਜਨ ਕੀਤਾ ਜਾਵੇਗਾ। ਲੇਬਰ ਪਾਰਟੀ ਦੇ ਨੇਤਾ ਬਿਲ ਸ਼ਾਟੇਨ ਨੇ ਵੀ ਇਸ ਹਮਲੇ ਦੀ ਨਿੰਦਾ ਕੀਤੀ ਅਤੇ ਜਵਾਨਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ। ਉਨ੍ਹਾਂ ਨੇ ਕਿਹਾ,''ਅਸੀਂ ਹਰ ਤਰ੍ਹਾਂ ਦੇ ਅਤਿਵਾਦ ਵਿਰੁਧ ਲੜਾਈ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੇ ਲੋਕਾਂ ਨਾਲ ਖੜ੍ਹੇ ਹਾਂ।'' (ਪੀਟੀਆਈ)