
ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਚੋਣਾਂ ਤੋਂ ‘ਭੇਤਭਰੀ’ ਦੂਰੀ ਬਣਾਈ
ਨਵੀਂ ਦਿੱਲੀ (ਅਮਨਦੀਪ ਸਿੰਘ): ਪੰਜਾਬ ਵਿਧਾਨ ਸਭਾ ਚੋਣਾਂ ਤੇ ਫਿਰ ਲੋਕ ਸਭਾ ਚੋਣਾਂ ਵਿਚ ਕਰਾਰੀ ਹਾਰ ਪਿਛੋਂ ਹੁਣ ਜਦੋਂ ਕੇਂਦਰ ਸਰਕਾਰ ਵਿਚ ਭਾਜਪਾ ਨਾਲੋਂ ਤੋੜ ਵਿਛੋੜੇ ਪਿਛੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਮੁੜ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜਿੱਤ ਲਈ ਜ਼ੋਰ ਅਜ਼ਮਾਈ ਕਰ ਰਿਹਾ ਹੈ, ਉਦੋਂ 25 ਅਪ੍ਰੈਲ ਨੂੰ ਹੋ ਰਹੀਆਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਤੋਂ ਬਾਦਲ ਪਰਵਾਰ ਨੇ ‘ਭੇਤਭਰੀ ਦੂਰੀ’ ਬਣਾ ਕੇ ਰੱਖੀ ਹੋਈ ਹੈ। ਦਿੱਲੀ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਮੌਜੂਦਾ ਦਿੱਲੀ ਗੁਰਦਵਾਰਾ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਚਿਹਰੇ ’ਤੇ ਚੋਣ ਲੜ ਰਿਹਾ ਹੈ ਜਦੋਂ ਕਿ ਪਿਛਲੀਆਂ ਚੋਣਾਂ ਵਿਚ ਉਦੋਂ ਦੇ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ ਕੇ ਪਾਰਟੀ ਦਾ ‘ਮੁੱਖ ਚਿਹਰਾ’ ਸਨ।
Parkash Badal And Sukhbir Badal
ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਰਗਾੜੀ (ਕੋਟਕਪੂਰਾ) ਗੋਲੀ ਕਾਂਡ ਅਤੇ ਸੌਦਾ ਸਾਧ ਤੋਂ ਹਮਾਇਤ ਲੈਣ ਕਰ ਕੇ ਅੱਜ ਵੀ ਦਿੱਲੀ ਚੋਣਾਂ ਵਿਚ ਖ਼ਮਿਆਜ਼ਾ ਭੁਗਤ ਰਿਹੈ ਬਾਦਲ ਦਲ : ਭਾਵੇਂ ਕਿ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਕੋਟਕਪੂਰਾ ਗੋਲੀ ਕਾਂਡ ਬਾਰੇ ਆਈ ਪੀ ਐਸ ਅਫ਼ਸਰ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਹੇਠਲੀ ਐਸ ਆਈ ਟੀ ਨੂੰ ਰੱਦ ਕਰਨ ਦੇ ਦਿਤੇ ਗਏ ਫ਼ੈਸਲੇੇ ਨਾਲ ਅਕਾਲੀਆਂ ਵਿਚ ਖ਼ੁਸ਼ੀ ਦਾ ਮਾਹੌਲ ਹੈ ਕਿਉਂਕਿ ਇਸ ਪੁਲਿਸ ਅਫ਼ਸਰ ਦੀ ਜਾਂਚ ਰੀਪੋਰਟ ਵਿਚ ਗੋਲੀ ਕਾਂਡ ਨੂੰ ਲੈ ਕੇ ਹੋਰਨਾਂ ਪੁਲਿਸ ਅਫ਼ਸਰਾਂ ਦੇ ਨਾਲ ਸੁਖਬੀਰ ਸਿੰਘ ਬਾਦਲ, ਜੋ ਉਦੋਂ ਸੂਬੇ ਦੇ ਗ੍ਰਹਿ ਮੰਤਰੀ ਸਨ, ’ਤੇ ਵੀ ਸਨਸਨੀਖੇਜ਼ ਦੋਸ਼ ਲਾਏ ਗਏ ਹਨ ਪਰ 2015 ਵਿਚ ਬਾਦਲ ਸਰਕਾਰ ਹੁੰਦੇ ਹੋਏ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬੇਅਦਬੀ ਵਿਰੁਧ ਰੋਸ ਪ੍ਰਗਟਾਅ ਰਹੇ ਸਿੱਖਾਂ ’ਤੇ ਗੋਲੀ ਚਲਾਉਣ, (ਜਿਸ ਵਿਚ ਦੋ ਸਿੱਖ ਮਾਰੇ ਗਏ ਸਨ) ਦੀਆਂ ਘਟਨਾਵਾਂ ਕਰ ਕੇ ਸਿੱਖਾਂ ਦੇ ਨਿਸ਼ਾਨੇ ’ਤੇ ਆਉਣ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਸੌਦਾ ਸਾਧ ਤੋਂ ਹਮਾਇਤ ਲੈਣ ਕਰ ਕੇ, ਸਿੱਖਾਂ ਵਿਚ ਬਾਦਲਾਂ ਦਾ ਵਿਰੋਧ ਤਿੱਖਾ ਹੋ ਗਿਆ ਸੀ।
Bargari kand
ਇਸ ਦੇ ਚਲਦਿਆਂ ਬਾਦਲਾਂ ਨੇ ਦਿੱਲੀ ਚੋਣਾਂ ਤੋਂ ਦੂਰੀ ਬਣਾਉਣ ਦੀ ਨੀਤੀ ਅਪਣਾ ਕੇ, 2017 ਦੀਆਂ ਚੋਣਾਂ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਚਿਹਰੇ ’ਤੇ ਲੜੀਆਂ ਸਨ ਅਤੇ 46 ਵਿਚੋਂ 35 ਸੀਟਾਂ ’ਤੇ ਹੂੰਝਾ ਫੇਰ ਜਿੱਤ ਹਾਸਲ ਕਰ ਕੇ ਮੁੜ ਦਿੱਲੀ ਗੁਰਦਵਾਰਾ ਚੋਣਾਂ ਵਿਚ ਅਪਣੀ ਸਰਦਾਰੀ ਕਾਇਮ ਰੱਖ ਕੇ, ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਬੰਧ ’ਤੇ ਗ਼ਲਬਾ ਜਮਾਉਣ ਵਿਚ ਕਾਮਯਾਬੀ ਹਾਸਲ ਕੀਤੀ ਸੀ। ਦਿੱਲੀ ਗੁਰਦਵਾਰਾ ਕਮੇਟੀ ’ਤੇ ਗ਼ਲਬੇ ਦੇ ਬਾਦਲਾਂ ਦੇ 8 ਸਾਲ, ਪਰ ਪ੍ਰਚਾਰ ਸਿਰਫ਼ ਸਿਰਸਾ ਦੇ 2 ਸਾਲ ਦੇ ਕੰਮਾਂ ਦਾ ਹੀ ਕਿਉਂ?
Manjit singh Gk
: ਦਿਲਚਸਪ ਗੱਲ ਇਹ ਵੀ ਹੈ ਕਿ 2013 ਤੋਂ ਲੈ ਕੇ ਹੁਣ 2021 ਤਕ ਦਿੱਲੀ ਗੁਰਦਵਾਰਾ ਕਮੇਟੀ ’ਤੇ ਗ਼ਲਬੇ ਦੇ ਬਾਦਲਾਂ ਦੇ ਪੂਰੇ 8 ਸਾਲ ਹੋ ਚੁਕੇ ਹਨ ਪਰ ਮਨਜੀਤ ਸਿੰਘ ਜੀ ਕੇ ’ਤੇ ਗੋਲਕ ਵਿਚੋਂ ਹੇਰਾਫੇਰੀ ਦੇ ਦੋਸ਼ਾਂ ਦੇ ਅਦਾਲਤੀ ਹੁਕਮ ਉਤੇ ਤਿੰਨ ਐਫ਼ ਆਈ ਆਰ ਦਰਜ ਹੋਣ ਪਿਛੋਂ ਸੁਖਬੀਰ ਸਿੰਘ ਬਾਦਲ ਵਲੋਂ ਜੀ ਕੇ ਦਾ ਅਸਤੀਫ਼ਾ ਲੈਣ ਦੀ ਖੇਡੀ ਗਈ ਚਾਲ ਤੇ ਮਨਜਿੰਦਰ ਸਿੰਘ ਸਿਰਸਾ ਨੂੰ ਕਮੇਟੀ ਦਾ ਪ੍ਰਧਾਨ ਬਣਾਉਣ ਲਈ ਵਰਤੇ ਗਏ ਪੈਂਤੜੇ ਮਗਰੋਂ ਜੀ ਕੇ ਅਪਣੀ ਪੰਥਕ ਹੋਂਦ ਦੇ ਭਵਿੱਖ ਨੂੰ ਬਚਾਉਣ ਲਈ ਅਪਣੀ ‘ਜਾਗੋ’ ਪਾਰਟੀ ਬਣਾ ਕੇ, ਬਾਦਲਾਂ ਦੇ ਧੁਰ ਵਿਰੋਧੀ ਬਣ ਗਏ। ਦੋ ਸਾਲ ਪ੍ਰਧਾਨਗੀ ਦਾ ਅਨੰਦ ਮਾਣਨ ਕਰ ਕੇ ਸਿਰਸਾ ਹੁਣ ਸਮੁੱਚੇ ਚੋਣ ਪ੍ਰਚਾਰ ਵਿਚ ਤੇ ਅਪਣੇ ਬੋਰਡਾਂ ’ਤੇ ‘‘ਕੇਵਲ 2 ਸਾਲ, ਕੰਮ ਬੇਮਿਸਾਲ, ਦੁਨੀਆਂ ਵਿਚ ਦਿੱਲੀ ਕਮੇਟੀ ਦੀ ਹੋਈ ਜੈ ਜੈ ਕਾਰ’’ ਦੇ ਨਾਂਅ ’ਤੇ ਅਪਣੇ ਕੀਤੇ ਕੰਮਾਂ ਨੂੰ ਉਭਾਰ ਕੇ ਮੁੜ ਪ੍ਰਧਾਨਗੀ ਦੀ ਦੌੜ ਵਿਚ ਹਨ। ਭਾਵੇਂ ਕਿ ਜੀ ਕੇ ਵਾਂਗ ਹੀ ਸਿਰਸਾ ’ਤੇ ਵੀ ਗੋਲਕ ਵਿਚ ਹੇਰਾਫੇਰੀ ਦੇ ਦੋਸ਼ਾਂ ਹੇਠ 2 ਐਫ਼ ਆਈ ਆਰਾਂ ਦਰਜ ਹੋ ਚੁਕੀਆਂ ਹਨ। ਸਿੱਖਾਂ ਵਿਚ ਸਵਾਲ ਇਹ ਉਠ ਰਹੇ ਹਨ ਕਿ ਬਾਦਲ ਦਲ ਦੀ ਕਮੇਟੀ 8 ਸਾਲ ਸੀ ਜਾਂ ਸਿਰਫ਼ 2 ਸਾਲ ਸਿਰਸਾ ਵਾਲੀ ਕਮੇਟੀ?
Manjider Singh Sirsa
ਪੌਂਟੀ ਚੱਢਾ ਦੀ ਮੌਤ, ਸ਼ੀਲਾ ਦੀਕਸ਼ਤ ਤੇ ਮਨਮੋਹਨ ਸਿੰਘ ਸਰਕਾਰ ਦੀ ਵਿਦਾਇਗੀ ਪਿਛੋਂ ਸਰਨਾ ਭਰਾਵਾਂ ਦਾ ਵੀ ਪੰਥਕ ਸਿਆਸਤ ਵਿਚ ਅੰਤ: ਉਦੋਂ ( 2013 ) ਤੋਂ ਲੈ ਕੇ ਹੁਣ ਤਕ ਤੀਜੀ ਵਾਰ ਸਰਨਾ ਭਰਾ ਮੁੜ ਬਾਦਲਾਂ, ਅਸਲ ਵਿਚ ਸਿਰਸਾ ਨੂੰ ਟੱਕਰ ਦੇ ਰਹੇ ਹਨ। ਸਿਰਸਾ ਨੂੰ ਢਾਹੁਣ ਦੀ ਨੀਤੀ ਅਧੀਨ ਹੀ ਇਸ ਵਾਰ ਪਰਮਜੀਤ ਸਿੰਘ ਸਰਨਾ ਦੀ ਬਜਾਏ ਉਨ੍ਹਾਂ ਦੇ ਛੋਟੇ ਭਰਾ ਹਰਵਿੰਦਰ ਸਿੰਘ ਸਰਨਾ ਪੰਜਾਬੀ ਬਾਗ਼ ਸੀਟ ਤੋਂ ਮਨਜਿੰਦਰ ਸਿੰਘ ਸਿਰਸਾ ਵਿਰੁਧ ਚੋਣ ਲੜ ਰਹੇ ਹਨ। ਇਸ ਨੂੰ ਸਰਨਾ ਭਰਾਵਾਂ ਦਾ ਦੁਖਾਂਤ ਮੰਨ ਲਿਆ ਜਾਵੇ ਤਾਂ ਕੋਈ ਹੈਰਾਨੀ ਨਹੀਂ ਹੋਵੇਗੀ ਕਿ ਪੌਂਟੀ ਚੱਢਾ (ਜੋ ਅਪਣੇ ਦਾਬੇ ਨਾਲ ਸੁਖਬੀਰ ਸਿੰਘ ਬਾਦਲ ਨਾਲ ਗੁਪਤ ਸਮਝੌਤਾ ਕਰਵਾ ਦਿੰਦੇ ਸਨ, ਜਿਸ ਕਾਰਨ ਵੀ ਬਾਦਲ ਦਿੱਲੀ ਕਮੇਟੀ ਤੋਂ ਦੂਰ ਰਹਿੰਦੇ ਸਨ) ਦੀ ਦੁੱਖਦਾਈ ਮੌਤ (2012 ਵਿਚ), ਦਿੱਲੀ ਵਿਚ ਸ਼ੀਲਾ ਦੀਕਸ਼ਤ ਤੇ ਕੇਂਦਰ ਸਰਕਾਰ ਵਿਚ ਮਨਮੋਹਨ ਸਿੰਘ ਸਰਕਾਰ ਦੀ ਵਿਦਾਇਗੀ ਹੋਣ ਪਿਛੋਂ ਦਿੱਲੀ ਦੀ ਪੰਥਕ ਰਾਜਨੀਤੀ ਵਿਚੋਂ ਸਰਨਿਆਂ ਦਾ ਵੀ ਅਖੌਤੀ ਅੰਤ ਹੋ ਕੇ ਰਹਿ ਗਿਆ।
Manjider Singh Sirsa
ਸਿੱਖ ਪਾਰਟੀਆਂ ਤੇ ਚੋਣਾਂ ਵਿਚ ਕਿਸਾਨ ਜ਼ਮਾਨਤਾਂ ਦਾ ਮੁੱਦਾ ਭਾਰੂ: ਚੋਣਾਂ ਵਿਚ ਇਸ ਵਾਰ 7 ਪਾਰਟੀਆਂ, ਸੁਖਬੀਰ ਸਿੰਘ ਬਾਦਲ ਵਾਲਾ ਸ਼੍ਰੋਮਣੀ ਅਕਾਲੀ ਦਲ (ਬਾਦਲ), ਪਰਮਜੀਤ ਸਿੰਘ ਸਰਨਾ ਦੀ ਅਗਵਾਲੀ ਵਾਲਾ ਸ਼੍ਰੋਮਣੀ ਅਕਾਲੀ ਦਲ (ਦਿੱਲੀ), ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਪੰਥਕ ਅਕਾਲੀ ਲਹਿਰ, ਮਨਜੀਤ ਸਿੰਘ ਜੀ ਕੇ ਦੀ ‘ਜਾਗੋ’ ਜਗ ਆਸਰਾ ਗੁਰੂ ਓਟ (ਜਥੇਦਾਰ ਸੰਤੋਖ ਸਿੰਘ), ਗੁਰਵਿੰਦਰ ਸਿੰਘ ਸੈਣੀ ਦਾ ਆਮ ਅਕਾਲੀ ਦਲ, ਭਾਈ ਬਲਦੇਵ ਸਿੰਘ ਵਡਾਲਾ ਦਾ ਸਿੱਖ ਸਦਭਾਵਨਾ ਦਲ ਤੇ ਪੰਥਕ ਸੇਵਾ ਦਲ ਚੋਣ ਮੈਦਾਨ ਵਿਚ ਹਨ ਪਰ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਬਾਦਲ, ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਜਾਗੋ ਪਾਰਟੀ ਵਿਚਕਾਰ ਹੀ ਹੈ। ਭਾਈ ਰਣਜੀਤ ਸਿੰਘ ਪਹਿਲਾਂ ਹੀ ਸਰਨਾ ਧੜੇ ਨਾਲ ਰਲੇਵਾਂ ਕਰ ਕੇ 8 ਸੀਟਾਂ ’ਤੇ ਚੋਣ ਲੜ ਰਹੇ ਹਨ। ਕਰੀਬ 150 ਕਰੋੜ ਰੁਪਏ ਦੇ ਸਾਲਾਨਾ ਬਜਟ ਵਾਲੀ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਿਚੋਂ ਸੰਗਤ ਦੀ ਚੜ੍ਹਤ (ਗੁਰਦਵਾਰਾ ਗੋਲਕ) ਵਿਚ ਹੇਰਾਫੇਰੀ ਨਾ ਕਰਨ ਦੇਣਾ ਮੁੱਖ ਮੁੱਦਾ ਹੈ।
Sukhbir singh badal
ਨਾਲ ਹੀ ਦਿੱਲੀ ਦੇ ਸਿੱਖਾਂ ਦੇ ਬੱਚਿਆਂ ਦੀ ਪੜ੍ਹਾਈ, ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਨਿਘਾਰ, ਗ਼ਰੀਬ ਸਿੱਖਾਂ ਦੇ ਸਿਹਤ ਬੀਮੇ ਕਰਵਾਉਣ, ਬਾਲਾ ਸਾਹਿਬ ਹਸਪਤਾਲ ਬਨਾਉਣ ਆਦਿ ਵਰਗੇ ਮੁੱਖ ਮੁਦੇ ਹਨ ਪਰ ਕਿਸਾਨੀ ਮਸਲੇ ‘ਤੇ ਕੀਤੀ ਗਈ ਪਹਿਲ ਕਦਮੀ ਕਰ ਕੇ ਮਨਜਿੰਦਰ ਸਿੰਘ ਸਿਰਸਾ ਨੇ ਚੋਣਾਂ ਵਿਚ ਕਿਸਾਨਾਂ (ਸਿੱਖ ਕਿਸਾਨਾਂ) ਦੀਆਂ ਜ਼ਮਾਨਤਾਂ ਦੇ ਮੁੱਦੇ ਉਤੇ ਜਜ਼ਬਾਤੀ ਲਹਿਰ ਚਲਾ ਕੇ, ਇਸ ਨੂੰ ਚੋਣਾਂ ਵਿਚ ਉਭਾਰ ਕੇ ਰੱਖ ਦਿਤਾ ਹੈ, ਭਾਵੇਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਵਲੋਂ ਇਸ ਬਾਰੇ ਸਿਰਸਾ ਦੀ ਕੀਤੀ ਆਲੋਚਨਾ ਕਰ ਕੇ ਕੁੱਝ ਹੱਦ ਤਕ ਸਿਰਸਾ ਦਾ ਗ੍ਰਾਫ਼ ਹੇਠਾਂ ਡਿਗਿਆ ਹੈ ਪਰ ਅਜੇ ਵੀ ਇਹ ਇਕ ਜਜ਼ਬਾਤੀ ਮੁੱਦਾ ਬਣਿਆ ਹੋਇਆ ਹੈ ਜਿਸ ਕਰ ਕੇ ਸਿਰਸਾ 40 ਤੋਂ ਵੱਧ ਸੀਟਾਂ ਉਤੇ ਜਿੱਤ ਲਈ ਆਸਵੰਦ ਹਨ। 28 ਅਪ੍ਰੈਲ ਨੂੰ ਵੋਟਾਂ ਦੀ ਗਿਣਤੀ ਪਿਛੋਂ ਹੀ ਪਤਾ ਲੱਗੇਗਾ ਕਿ ਕਿਸ ਪਾਰਟੀ ਦੇ ਹੱਥ ਦਿੱਲੀ ਗੁਰਦਵਾਰਾ ਕਮੇਟੀ ਦੀ ਕਮਾਨ ਆਵੇਗੀ।
Manjinder Singh Sirsa
ਦਿੱਲੀ ਗੁਰਦਵਾਰਾ ਚੋਣ ਪ੍ਰਚਾਰ ਵਿਚ ਬਾਦਲ ਪਿਉ-ਪੁੱਤਰ ਦੀਆਂ ਫ਼ੋਟੋਆਂ ਵੀ ਗ਼ਾਇਬ
ਇਹ ਅਕਾਲੀ ਦਲ ਦੀ ਤ੍ਰਾਸਦੀ ਹੀ ਮੰਨੀ ਜਾਵੇਗੀ ਕਿ ਪਿਛੇ ਜਹੇ ਹੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਕਾਇਮੀ ਦੀ ਸ਼ਤਾਬਦੀ ਦੇ ਜਸ਼ਨ ਮਨਾਉਂਦੇ ਹੋਏ, ਅਪਣੇ ਆਪ ਨੂੰ ਸਿੱਖਾਂ ਦੇ ਹੱਕਾਂ ਦੀ ਸੱਭ ਤੋਂ ਪੁਰਾਣੀ ਪਾਰਟੀ ਐਲਾਨਿਆ ਸੀ ਪਰ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਸੌਦਾ ਸਾਧ ਤੋਂ ਵਿਧਾਨ ਸਭਾ ਚੋਣਾਂ ਵਿਚ ਹਮਾਇਤ ਲੈਣ ਦਾ ਪ੍ਰੇਤ ਹੁਣ ਵੀ ਬਾਦਲਾਂ ਦਾ ਪਿੱਛਾ ਨਹੀਂ ਛੱਡ ਰਿਹਾ ਜਿਸ ਕਰ ਕੇ ਇਹ ਨੌਬਤ ਆ ਚੁਕੀ ਹੈ ਕਿ ‘ਪੰਥਕ ਹੱਕਾਂ ਦੀ ਪੁਰਾਣੀ ਪਾਰਟੀ’ ਦੇ ਸਰਪ੍ਰਸਤ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਿੱਲੀ ਗੁਰਦਵਾਰਾ ਚੋਣਾਂ ਦੇ ਪ੍ਰਚਾਰ ਤੋਂ ਪੂਰੀ ਤਰ੍ਹਾਂ ਦੂਰ ਹਨ।
Parkash Singh Badal And Sukhbir Singh Badal
ਇਥੋਂ ਤਕ ਕਿ ਦੋਹਾਂ ਬਾਦਲ ਪਿਉ ਪੁੱਤਰ ਦੀਆਂ ਫ਼ੋਟੋਆਂ ਤਕ ਇਸ਼ਤਿਹਾਰਾਂ ਵਿਚੋਂ ਗ਼ਾਇਬ ਹਨ। ਪੰਜਾਬੀ ਬਾਗ਼ ਹਲਕੇ ਵਿਚ ਮਨਜਿੰਦਰ ਸਿੰਘ ਸਿਰਸਾ ਦੀਆਂ ਫ਼ੋੋਟੋਆਂ ਵਾਲੇ ਹੋਰਡਿੰਗਾਂ ਤੇ ਪੋਸਟਰਾਂ ਦੀ ਭਰਮਾਰ ਹੈ, ਪਰ ਕਿਸੇ ਵੀ ਪੋਸਟਰ ਆਦਿ ’ਤੇ ਬਾਦਲ ਪਿਉ ਪੁੱਤਰ ਦੀ ਫ਼ੋਟੋ ਨਹੀਂ ਲਾਈ ਗਈ। ਚੋਣ ਪ੍ਰਚਾਰ ਦੇ ਵੀਡੀਉਜ਼ ਤੋਂ ਵੀ ਬਾਦਲਾਂ ਦੀ ਕੋਈ ਫ਼ੋੋਟੋ ਜਾਂ ਜ਼ਿਕਰ ਨਹੀਂ।
Parkash Singh Badal And Sukhbir Singh Badal
ਕੋਰੋਨਾ ਦੇ ਵਧਦੇ ਕਹਿਰ ਕਰ ਕੇ ਵੋਟਿੰਗ ਘੱਟ ਹੋਣ ਦੇ ਖ਼ਦਸ਼ਿਆਂ ਨੇ ਸਿੱਖ ਪਾਰਟੀਆਂ ਦੇ ਸਾਹ ਸੁਕਾਏ
ਦਿੱਲੀ ਵਿਚ ਕਰੋਨਾ ਦੇ ਵਧਦੇ ਕਹਿਰ ਵਿਚਕਾਰ ਦਿੱਲੀ ਦੇ ਸਿੱਖ ਵੀ ਚਿੰਤਤ ਹਨ ਤੇ ਕਈ ਥਾਵਾਂ ਤੋਂ ਕਰੋਨਾ ਨਾਲ ਇਕਾ ਦੁੱਕਾ ਸਿੱਖ ਨੌਜਵਾਨਾਂ ਦੀ ਮੌਤ ਹੋ ਚੁਕੀ ਹੈ। ਕਈ ਸਿੱਖਾਂ ਦੇ ਕੋਰੋਨਾ ਨਾਲ ਪੀੜਤ ਹੋਣ ਦਾ ਵੀ ਪਤਾ ਲੱਗਾ ਹੈ। ਦਿੱਲੀ ਗੁਰਦਵਾਰਾ ਚੋਣਾਂ ਲੜ ਰਹੇ 310 ਉਮੀਦਵਾਰਾਂ ਵਿਚੋਂ 4 ਉਮੀਦਵਾਰ ਕੋਰੋਨਾ ਨਾਲ ਪੀੜਤ ਹਨ ਤੇ ਇਨ੍ਹਾਂ ਵਿਚੋਂ 2 ਉਮੀਦਵਾਰ ਹਸਪਤਾਲ ਦਾਖ਼ਲ ਹਨ। ਅਜਿਹੇ ਵਿਚ ਜੇ 25 ਅਪ੍ਰੈਲ ਨੂੰ ਦਿੱਲੀ ਗੁਰਦਵਾਰਾ ਕਮੇਟੀ ਦੀਆਂ ਚੋਣਾਂ ਹੋ ਵੀ ਜਾਂਦੀਆਂ ਹਨ ਤਾਂ ਵੋਟਿੰਗ ਬਹੁਤ ਘੱਟ ਰਹਿਣ ਦਾ ਖ਼ਦਸ਼ਾ ਹੈ।
ਇਸ ਕਰ ਕੇ ਦਿੱਲੀ ਦੀਆਂ ਸਿੱਖ ਪਾਰਟੀਆਂ ਦੀਆਂ ਚਿੰਤਾ ਵੱਧ ਗਈ ਹੈ ਪਰ ਕਿਸੇ ਵੀ ਪਾਰਟੀ ਨੇ ਕੇਜਰੀਵਾਲ ਸਰਕਾਰ ਜਾਂ ਉਪ ਰਾਜਪਾਲ ਕੋਲ ਚੋਣਾਂ ਅੱਗੇ ਟਾਲਣ ਦੀ ਬੇਨਤੀ ਨਹੀਂ ਕੀਤੀ, ਕਿਉਂਕਿ ਥੋੜੇ੍ਹ ਬਹੁਤੇ ਫ਼ਰਕ ਨਾਲ ਸਾਰੀਆਂ ਪਾਰਟੀਆਂ ਘੱਟ ਵੋਟਾਂ ਨਾਲ, ਆਪੋ ਅਪਣੀ ਜਿੱਤ ਦੀ ਰਣਨੀਤੀ ਵਿਚ ਲੱਗੀਆਂ ਹੋਈਆਂ ਹਨ।