
ਰਿਸ਼ਵਤ ਦੇਣ ਵਾਲੇ ਲੋਕਾਂ ਸਬੰਧੀ ਰਾਜਾ ਵੜਿੰਗ ਦਾ ਅਰਵਿੰਦ ਕੇਜਰੀਵਾਲ ਨੂੰ ਸਵਾਲ
ਚੰਡੀਗੜ੍ਹ : ਪੰਜਾਬ 'ਚ ਮਾਫੀਆ ਦੇ ਮੁੱਦੇ 'ਤੇ ਕਾਂਗਰਸ ਨੇ ਇਕ ਵਾਰ ਫਿਰ ਸਿੱਧੇ ਤੌਰ 'ਤੇ ਅਰਵਿੰਦ ਕੇਜਰੀਵਾਲ ਨੂੰ ਘੇਰਿਆ ਹੈ। ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਕੇਜਰੀਵਾਲ ਨੂੰ ਕਿਹਾ ਕਿ ਮੁੱਖ ਮੰਤਰੀ ਨੂੰ ਰਿਸ਼ਵਤ ਲੈਣਾ, ਦੇਣਾ ਅਤੇ ਪੇਸ਼ ਕਰਨਾ ਵੀ ਬਹੁਤ ਗੰਭੀਰ ਅਪਰਾਧ ਹੈ।
Raja Warring
ਰਾਜਾ ਵੜਿੰਗ ਨੇ ਇਸ ਬਾਰੇ ਇੱਕ ਟਵੀਟ ਕਰਦਿਆਂ ਲਿਖਿਆ, ''ਰਿਸ਼ਵਤ ਲੈਣਾ ਅਤੇ ਦੇਣਾ ਜਾਂ ਇਸ ਦੀ ਪੇਸ਼ਕਸ਼ ਕਰਨਾ ਉਹ ਵੀ ਸਿੱਧਾ ਮੁੱਖ ਮੰਤਰੀ ਨੂੰ, ਕੇਜਰੀਵਾਲ ਜੀ ਇਹ ਬਹੁਤ ਹੀ ਗੰਭੀਰ ਅਪਰਾਧ ਹੈ। ਹੁਣ ਅਜਿਹੇ ਰਿਸ਼ਵਤ ਦੇਣ ਵਾਲੇ ਮਾਫ਼ੀਆ ਦੇ ਨਾਮ ਜਨਤਕ ਨਾ ਕਰ ਕੇ ਜਾਂ ਉਨ੍ਹਾਂ 'ਤੇ ਕੋਈ ਕਾਰਵਾਈ ਨਾ ਕਰ ਕੇ ਤੁਸੀਂ ਖ਼ੁਦ ਦੀ ਇਸ ਵਿਚ ਸ਼ਮੂਲੀਅਤ ਦਾ ਸਮਰਥਨ ਕਰ ਰਹੇ ਹੋ। ਤਾਂ ਕੀ ਤੁਸੀਂ ਨਾਮ ਜਨਤਕ ਕਰੋਗੇ?''
Arvind Kejriwal
ਇਸ ਮਾਮਲੇ 'ਤੇ 'ਆਪ' ਨੇ ਕਿਹਾ ਕਿ ਸਰਕਾਰ ਕਾਰਵਾਈ ਕਰ ਰਹੀ ਹੈ। ਮਾਫੀਆ ਰਾਤੋ-ਰਾਤ ਖ਼ਤਮ ਨਹੀਂ ਹੋਵੇਗਾ। ਦੱਸ ਦੇਈਏ ਕਿ ਪੰਜਾਬ 'ਚ ਸਰਕਾਰ ਬਣਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਜਦੋਂ ਸੂਬੇ 'ਚ ਉਨ੍ਹਾਂ ਦੀ ਸਰਕਾਰ ਬਣੀ ਤਾਂ ਪੰਜਾਬ ਨੂੰ ਲੁੱਟਣ ਵਾਲਾ ਮਾਫੀਆ ਉਨ੍ਹਾਂ ਕੋਲ ਆਉਣ ਲੱਗਾ। ਇੱਕ ਵੀਡੀਓ ਵਿਚ ਉਨ੍ਹਾਂ ਕਿਹਾ ਕਿ ਮੇਰੇ, ਮੁੱਖ ਮੰਤਰੀ ਭਗਵੰਤ ਮਾਨ, ਮੰਤਰੀਆਂ, ਵਿਧਾਇਕਾਂ ਅਤੇ ਪਾਰਟੀ ਆਗੂਆਂ ਨਾਲ ਕਈ ਲੋਕਾਂ ਨੇ ਸੰਪਰਕ ਕੀਤਾ।
Arvind Kejriwal and Bhagwant Mann
ਮਾਫ਼ੀਆ ਨੇ ਪੁੱਛਿਆ, ਦੱਸੋ, ਤੁਹਾਡੀ ਜਗ੍ਹਾ ਕਿਹੜਾ ਸਿਸਟਮ ਚੱਲ ਰਿਹਾ ਹੈ?, ਪੈਸੇ ਕਿਸ ਨੂੰ ਦੇਣੇ ਹਨ?, ਕਿਵੇਂ ਦੇਣੇ ਹਨ?, ਕੀ ਕਰਨਾ ਹੈ?। ਕੇਜਰੀਵਾਲ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਕਿਹਾ ਕਿ ਇਮਾਨਦਾਰੀ ਨਾਲ ਕੰਮ ਕਰੋ ਨਹੀਂ ਤਾਂ ਸਾਰਿਆਂ ਨੂੰ ਜੇਲ੍ਹ ਭੇਜ ਦੇਵਾਂਗਾ। ਇੱਕ ਮਹੀਨੇ ਵਿੱਚ ਸਭ ਕੁਝ ਠੀਕ ਹੋ ਗਿਆ। ਹੁਣ ਰਾਜਾ ਵੜਿੰਗ ਇਸ ਵੀਡੀਓ ਰਾਹੀਂ ਕੇਜਰੀਵਾਲ 'ਤੇ ਨਿਸ਼ਾਨਾ ਸਾਧ ਰਹੇ ਹਨ।
Raja Warring
ਪੰਜਾਬ ਚੋਣਾਂ 'ਚ ਮਾਫ਼ੀਆ ਦੇ ਮੁੱਦੇ 'ਤੇ ਕਾਫੀ ਸਿਆਸਤ ਹੋਈ। ਸੂਬੇ 'ਚ ਰੇਤ, ਟਰਾਂਸਪੋਰਟ ਅਤੇ ਡਰੱਗ ਮਾਫੀਆ ਦੇ ਨਾਂ 'ਤੇ ਆਗੂਆਂ ਵਿਚਾਲੇ ਕਾਫੀ ਜ਼ੁਬਾਨੀ ਜੰਗ ਵੀ ਹੋਈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਵੀ ਮਾਫ਼ੀਆ ਨੂੰ ਖ਼ਤਮ ਕਰਨ ਲਈ ਪੰਜਾਬ ਮਾਡਲ ਤਿਆਰ ਕੀਤਾ ਹੈ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਵੀ ਮਾਫ਼ੀਆ ਨੂੰ ਖਤਮ ਕਰਨ ਦਾ ਦਾਅਵਾ ਕੀਤਾ ਹੈ। ਜਿਸ 'ਤੇ ਪੰਜਾਬ ਦੇ ਲੋਕਾਂ ਨੇ ਭਰੋਸਾ ਕੀਤਾ। 'ਆਪ' ਨੇ ਪੰਜਾਬ ਚੋਣਾਂ 'ਚ 117 'ਚੋਂ 92 ਸੀਟਾਂ ਜਿੱਤੀਆਂ ਹਨ। ਦੂਜੇ ਪਾਸੇ ਕਾਂਗਰਸ ਸਿਰਫ਼ 18 ਸੀਟਾਂ 'ਤੇ ਹੀ ਸਿਮਟ ਗਈ।
Malwinder Singh Kang
ਇਸ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਕਿਹਾ ਕਿ ਮਾਫੀਆ ਦੀ ਤਹਿ ਤੱਕ ਜਾਣਾ ਪਵੇਗਾ। ਮਾਫੀਆ ਰਾਤੋ-ਰਾਤ ਖਤਮ ਨਹੀਂ ਹੋਵੇਗਾ। ਮਾਫੀਆ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਕਾਂਗਰਸ ਵਿਰੋਧੀ ਪਾਰਟੀ ਹੈ, ਉਨ੍ਹਾਂ ਨੂੰ ਖ਼ਬਰਾਂ ਵਿਚ ਆਉਣ ਲਈ ਕੁਝ ਨਾ ਕੁਝ ਕਰਨਾ ਹੀ ਪੈਂਦਾ ਹੈ। ਹੌਲੀ-ਹੌਲੀ 'ਆਪ' ਸਰਕਾਰ ਸਾਰੇ ਮਾਫ਼ੀਆ ਦੇ ਨਾਮ ਦਾ ਪਰਦਾਫਾਸ਼ ਕਰੇਗੀ।