
ਮਾਮਲੇ ਦੀ ਅਗਲੀ ਸੁਣਵਾਈ 3 ਅਗਸਤ ਲਈ ਸੂਚੀਬੱਧ
ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਸ਼ਰਧਾ ਵਾਲਕਰ ਕਤਲ ਮਾਮਲੇ 'ਚ ਸਾਰੇ ਨਿਊਜ਼ ਚੈਨਲਾਂ ਨੂੰ ਚਾਰਜਸ਼ੀਟ ਦੀ ਸਮੱਗਰੀ ਪ੍ਰਸਾਰਿਤ ਕਰਨ ਤੋਂ ਰੋਕ ਦਿੱਤਾ ਹੈ। ਜਸਟਿਸ ਰਜਨੀਸ਼ ਭਟਨਾਗਰ ਨੇ ਕੇਂਦਰ ਨੂੰ ਇਹ ਵੀ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ ਕਿ ਦਿੱਲੀ ਪੁਲਿਸ ਵੱਲੋਂ ਦਾਇਰ ਪਟੀਸ਼ਨ ਦੇ ਨਿਪਟਾਰੇ ਤੱਕ ਕੋਈ ਵੀ ਨਿਊਜ਼ ਚੈਨਲ ਸ਼ਰਧਾ ਵਾਲਕਰ ਕਤਲ ਕੇਸ ਦੀ ਚਾਰਜਸ਼ੀਟ ਨਾ ਦਿਖਾਵੇ।
ਇਹ ਵੀ ਪੜ੍ਹੋ: ਮੀਂਹ ਕਾਰਨ ਡਿੱਗੀ ਮਕਾਨ ਦੀ ਛੱਤ, ਮਲਬੇ ਹੇਠ ਦੱਬ ਕੇ 80 ਸਾਲਾ ਬਜ਼ੁਰਗ ਦੀ ਮੌਤ
ਇਹ ਹੁਕਮ ਦਿੱਲੀ ਪੁਲਿਸ ਦੀ ਇਕ ਪਟੀਸ਼ਨ 'ਤੇ ਪਾਸ ਕੀਤਾ ਗਿਆ ਸੀ, ਜਿਸ ਵਿਚ ਮੀਡੀਆ ਅਦਾਰਿਆਂ ਨੂੰ ਮਾਮਲੇ ਦੀ ਜਾਂਚ ਦੌਰਾਨ ਇਕੱਠੀ ਕੀਤੀ ਚਾਰਜਸ਼ੀਟ ਅਤੇ ਹੋਰ ਸਮੱਗਰੀ ਨਾਲ ਸਬੰਧਤ ਗੁਪਤ ਜਾਣਕਾਰੀ ਪ੍ਰਕਾਸ਼ਿਤ ਕਰਨ, ਛਾਪਣ ਅਤੇ ਪ੍ਰਸਾਰਿਤ ਕਰਨ ਤੋਂ ਰੋਕਣ ਦੀ ਮੰਗ ਕੀਤੀ ਗਈ ਸੀ।
ਵਿਸ਼ੇਸ਼ ਸਰਕਾਰੀ ਵਕੀਲ ਅਮਿਤ ਪ੍ਰਸਾਦ ਨੇ ਅਦਾਲਤ ਨੂੰ ਦੱਸਿਆ ਕਿ ਇਕ ਨਿਊਜ਼ ਚੈਨਲ ਨੂੰ ਮਾਮਲੇ ਦੇ ਮੁਲਜ਼ਮ ਆਫਤਾਬ ਪੂਨਾਵਾਲਾ ਦੇ ਨਾਰਕੋ ਟੈਸਟ ਦੀ ਵੀਡੀਓ ਮਿਲੀ ਹੈ ਅਤੇ ਹੇਠਲੀ ਅਦਾਲਤ ਨੇ ਚੈਨਲ ਨੂੰ ਅਜਿਹੀ ਕਿਸੇ ਵੀ ਸਮੱਗਰੀ ਨੂੰ ਪ੍ਰਸਾਰਿਤ ਕਰਨ ਤੋਂ ਰੋਕ ਦਿੱਤਾ ਹੈ।
ਇਹ ਵੀ ਪੜ੍ਹੋ: ਆਰਥਿਕ ਤੰਗੀ ਵਿਚਾਲੇ ਪਾਕਿਸਤਾਨੀ ਮਹਿਲਾ ਪੱਤਰਕਾਰ ਦਾ ਬਿਆਨ, “ਭਾਰਤੀ ਦੋਸਤ ਵੀ ਨਹੀਂ ਭੇਜ ਪਾ ਰਹੇ ਈਦੀ”
ਹਾਲਾਂਕਿ ਉਨ੍ਹਾਂ ਨੇ ਅੱਗੇ ਕਿਹਾ ਕਿ ਹੋਰ ਸਾਰੇ ਚੈਨਲਾਂ ਨੂੰ ਵੀ ਕੇਸ ਨਾਲ ਸਬੰਧਤ ਗੁਪਤ ਜਾਣਕਾਰੀ ਪ੍ਰਕਾਸ਼ਤ ਕਰਨ ਜਾਂ ਪ੍ਰਸਾਰਿਤ ਕਰਨ ਤੋਂ ਰੋਕਣ ਲਈ ਇਕ ਆਦੇਸ਼ ਪਾਸ ਕਰਨ ਦੀ ਜ਼ਰੂਰਤ ਹੈ ਕਿਉਂਕਿ ਹੋ ਸਕਦਾ ਹੈ ਕਿ ਵੀਡੀਓ ਦੂਜਿਆਂ ਨਾਲ ਸਾਂਝੀ ਕੀਤੀ ਗਈ ਹੋਵੇ ਅਤੇ ਜੇਕਰ ਇਹ ਪ੍ਰਸਾਰਿਤ ਹੁੰਦੀ ਹੈ, ਤਾਂ ਇਸ ਨਾਲ ਕੇਸ 'ਤੇ ਮਾੜਾ ਅਸਰ ਪਵੇਗਾ। ਹਾਈਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ 3 ਅਗਸਤ ਲਈ ਸੂਚੀਬੱਧ ਕੀਤੀ ਹੈ।
ਜ਼ਿਕਰਯੋਗ ਹੈ ਕਿ ਪੂਨਾਵਾਲਾ ਨੇ ਪਿਛਲੇ ਸਾਲ 18 ਮਈ ਨੂੰ ਦਿੱਲੀ ਦੇ ਮਹਿਰੌਲੀ ਇਲਾਕੇ 'ਚ ਆਪਣੀ 'ਲਿਵ-ਇਨ ਪਾਰਟਨਰ' ਸ਼ਰਧਾ ਵਾਲਕਰ ਦੀ ਕਥਿਤ ਤੌਰ 'ਤੇ ਹੱਤਿਆ ਕਰ ਦਿੱਤੀ ਸੀ। ਉਸ ਨੇ ਵਾਲਕਰ ਦੀ ਲਾਸ਼ ਦੇ ਲਗਭਗ 35 ਟੁਕੜੇ ਕੀਤੇ, ਉਨ੍ਹਾਂ ਨੂੰ ਲਗਭਗ ਤਿੰਨ ਹਫ਼ਤਿਆਂ ਤੱਕ 300 ਲੀਟਰ ਦੀ ਸਮਰੱਥਾ ਵਾਲੇ ਫਰਿੱਜ ਵਿਚ ਰੱਖਿਆ ਅਤੇ ਫਿਰ ਉਨ੍ਹਾਂ ਨੂੰ ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿਚ ਸੁੱਟ ਦਿੱਤਾ। ਇਸ ਮਾਮਲੇ ਵਿਚ ਪੁਲਿਸ ਨੇ 24 ਜਨਵਰੀ ਨੂੰ 6,629 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ।