ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ’ਚ 102 ਸੀਟਾਂ ’ਤੇ 61 ਫ਼ੀ ਸਦੀ ਵੋਟਿੰਗ, ਪਛਮੀ ਬੰਗਾਲ ਅਤੇ ਮਨੀਪੁਰ ’ਚ ਕੁਝ ਥਾਵਾਂ ’ਤੇ ਹਿੰਸਾ
Published : Apr 19, 2024, 9:33 pm IST
Updated : Apr 19, 2024, 9:54 pm IST
SHARE ARTICLE
Representative Image.
Representative Image.

ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ’ਚ ਵੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਪਈਆਂ

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ’ਚ 21 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ ’ਤੇ ਸ਼ੁਕਰਵਾਰ ਸ਼ਾਮ 7 ਵਜੇ ਤਕ ਕਰੀਬ 60.3 ਫੀ ਸਦੀ ਵੋਟਿੰਗ ਹੋਈ। ਪਛਮੀ ਬੰਗਾਲ ’ਚ ਹਿੰਸਾ ਦੀਆਂ ਕੁੱਝ ਘਟਨਾਵਾਂ ਸਾਹਮਣੇ ਆਈਆਂ ਹਨ, ਜਦਕਿ ਛੱਤੀਸਗੜ੍ਹ ’ਚ ਗ੍ਰੇਨੇਡ ਲਾਂਚਰ ਦਾ ਗੋਲਾ ਅਚਾਨਕ ਫਟਣ ਨਾਲ ਸੀ.ਆਰ.ਪੀ.ਐਫ. ਦਾ ਇਕ ਜਵਾਨ ਸ਼ਹੀਦ ਹੋ ਗਿਆ। ਮਿਜ਼ੋਰਮ ’ਚ ਚੋਣ ਡਿਊਟੀ ’ਤੇ ਤੈਨਾਤ ਇਕ ਸਿਕਿਉਰਿਟੀ ਗਾਰਡ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਲੋਕ ਸਭਾ ਚੋਣਾਂ ਦੇ ਨਾਲ ਹੀ ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ’ਚ ਵੀ ਸ਼ੁਕਰਵਾਰ ਨੂੰ ਵਿਧਾਨ ਸਭਾ ਚੋਣਾਂ ਲਈ ਵੀ ਵੋਟਾਂ ਪਈਆਂ। 

ਚੋਣ ਕਮਿਸ਼ਨ ਦੇ ਇਕ ਬੁਲਾਰੇ ਨੇ ਕਿਹਾ ਕਿ ਵੋਟਿੰਗ ਦਾ ਅੰਕੜਾ ਅਜੇ ਸਿਰਫ਼ ਅੰਦਾਜ਼ੇ ’ਤੇ ਅਧਾਰਤ ਹੈ ਅਤੇ ਵੋਟਿੰਗ ਸ਼ਾਂਤਮਈ ਅਤੇ ਬੇਰੋਕ ਤਰੀਕੇ ਨਾਲ ਹੋਈ। ਕਮਿਸ਼ਨ ਨੇ ਕਿਹਾ, ‘‘ਇਹ ਅੰਕੜੇ ਵੋਟਿੰਗ ਖਤਮ ਹੋਣ ਤੋਂ ਬਾਅਦ ਜਾਰੀ ਕੀਤੇ ਗਏ, ਜਦਕਿ  ਸ਼ਾਮ 6 ਵਜੇ ਤਕ  ਕਤਾਰਾਂ ’ਚ ਖੜ੍ਹੇ ਲੋਕਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਦਿਤੀ  ਗਈ।’’ ਕਮਿਸ਼ਨ ਨੇ ਕਿਹਾ ਕਿ ਸਾਰੇ ਪੋਲਿੰਗ ਸਟੇਸ਼ਨਾਂ ਤੋਂ ਰੀਪੋਰਟ  ਮਿਲਣ ਤੋਂ ਬਾਅਦ ਵੋਟਿੰਗ ਫ਼ੀ ਸਦੀ  ਵਧਣ ਦੀ ਸੰਭਾਵਨਾ ਹੈ ਕਿਉਂਕਿ ਕਈ ਹਲਕਿਆਂ ’ਚ ਵੋਟਿੰਗ ਸ਼ਾਮ 6 ਵਜੇ ਤਕ  ਹੋਣੀ ਸੀ। ਅੰਤਿਮ ਅੰਕੜੇ ਸਨਿਚਰਵਾਰ  ਨੂੰ ਫਾਰਮ 17ਏ ਦੀ ਪੜਤਾਲ ਤੋਂ ਬਾਅਦ ਪਤਾ ਲੱਗਣਗੇ।’’ 

ਵੱਖ-ਵੱਖ ਪੋਲਿੰਗ ਸਟੇਸ਼ਨਾਂ ’ਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਕਈ ਨਵਵਿਆਹੇ ਜੋੜੇ, ਦਿਵਿਆਂਗ ਲੋਕ ਅਤੇ ਸਟਰੈਚਰ ਅਤੇ ਵ੍ਹੀਲਚੇਅਰ ’ਤੇ ਬੈਠੇ ਕੁੱਝ ਬਜ਼ੁਰਗ ਲੋਕ ਸ਼ਾਮਲ ਸਨ। ਤਾਮਿਲਨਾਡੂ, ਅਰੁਣਾਚਲ ਪ੍ਰਦੇਸ਼, ਅੰਡੇਮਾਨ ਅਤੇ ਨਿਕੋਬਾਰ ਟਾਪੂ ਅਤੇ ਅਸਾਮ ਦੇ ਕੁੱਝ ਬੂਥਾਂ ’ਤੇ ਇਲੈਕਟਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ’ਚ ਮਾਮੂਲੀ ਗੜਬੜੀ ਦੀ ਰੀਪੋਰਟ ਕੀਤੀ ਗਈ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਤਕ ਜਾਰੀ ਰਹੀ। ਹਾਲਾਂਕਿ ਕਈ ਥਾਵਾਂ ’ਤੇ ਦੇਰ ਰਾਤ ਤਕ ਕਤਾਰਾਂ ਲਗੀਆਂ ਰਹੀਆਂ। ਪਿਛਲੀਆਂ ਲੋਕ ਸਭਾ ਚੋਣਾਂ (2019) ’ਚ ਪਹਿਲੇ ਪੜਾਅ ’ਚ 69.43 ਫੀ ਸਦੀ  ਵੋਟਿੰਗ ਹੋਈ ਸੀ। ਉਦੋਂ ਕੁੱਝ  ਲੋਕ ਸਭਾ ਹਲਕੇ ਇਸ ਵਾਰ ਨਾਲੋਂ ਵੱਖਰੇ ਸਨ ਅਤੇ ਫਿਰ ਪਹਿਲੇ ਪੜਾਅ ’ਚ ਕੁਲ  91 ਸੰਸਦੀ ਸੀਟਾਂ ’ਤੇ  ਵੋਟਿੰਗ ਹੋਈ ਸੀ। 

ਪਛਮੀ ਬੰਗਾਲ ’ਚ ਕੂਚਬਿਹਾਰ ਸੀਟ ’ਤੇ ਹਿੰਸਾ ਕਾਰਨ ਵੋਟਿੰਗ ਪ੍ਰਭਾਵਤ ਹੋਈ। ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਦੇ ਸੂਤਰਾਂ ਨੇ ਦਸਿਆ ਕਿ ਦੋਹਾਂ ਪਾਰਟੀਆਂ ਦੇ ਵਰਕਰਾਂ ਨੇ ਵੋਟਿੰਗ ਦੇ ਪਹਿਲੇ ਕੁੱਝ ਘੰਟਿਆਂ ’ਚ ਚੋਣ ਹਿੰਸਾ, ਵੋਟਰਾਂ ਨੂੰ ਧਮਕਾਉਣ ਅਤੇ ਚੋਣ ਏਜੰਟਾਂ ’ਤੇ ਹਮਲਿਆਂ ਦੀਆਂ ਲੜੀਵਾਰ 80 ਅਤੇ 39 ਸ਼ਿਕਾਇਤਾਂ ਦਰਜ ਕਰਵਾਈਆਂ। ਇਥੇ 77.57 ਫ਼ੀ ਸਦੀ ਵੋਟਿੰਗ ਦਰਜ ਕੀਤੀ ਗਈ। 

ਹਿੰਸਾ ਪ੍ਰਭਾਵਤ ਮਨੀਪੁਰ ’ਚ ਸ਼ਾਮ ਪੰਜ ਵਜੇ ਤਕ ਲਗਭਗ 68 ਫ਼ੀ ਸਦੀ ਵੋਟਿੰਗ ਹੋਈ। ਅੰਦਰੂਨੀ ਮਨੀਪੁਰ ਲੋਕ ਸਭਾ ਹਲਕੇ ਦੇ ਅਧੀਨ ਆਉਣ ਵਾਲੇ ਥੋਂਗਜੂ ਵਿਧਾਨ ਸਭਾ ਹਲਕੇ ’ਚ ਸਥਾਨਕ ਲੋਕਾਂ ਅਤੇ ਅਣਪਛਾਤੇ ਵਿਅਕਤੀਆਂ ਵਿਚਕਾਰ ਝਗੜਾ ਹੋ ਗਿਆ। ਸੰਘਰਸ਼ ਪ੍ਰਭਾਵਿਤ ਮਣੀਪੁਰ ’ਚ ਕੁਝ ਪੋਲਿੰਗ ਬੂਥਾਂ ’ਤੇ ਗੋਲੀਬਾਰੀ, ਧਮਕਾਉਣ, ਈ.ਵੀ.ਐਮ. ਨੂੰ ਨਸ਼ਟ ਕਰਨ ਅਤੇ ਬੂਥ ਕੈਪਚਰਿੰਗ ਦੇ ਦੋਸ਼ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ।    ਭਾਜਪਾ ਅਤੇ ਕਾਂਗਰਸ ਦੋਵਾਂ ਨੇ ਇਕ ਦੂਜੇ ’ਤੇ ਹਿੰਸਾ ਫੈਲਾਉਣ ਅਤੇ ਚੋਣ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ। ਇਥੇ ਦੋ ਲੋਕ ਸਭਾ ਹਲਕਿਆਂ, ਅੰਦਰੂਨੀ ਮਨੀਪੁਰ ਅਤੇ ਬਾਹਰੀ ਮਨੀਪੁਰ ’ਚ ਵੋਟਿੰਗ ਹੋਈ। 

ਛੱਤੀਸਗੜ੍ਹ ’ਚ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ’ਚ ਮਾਉਵਾਦੀ ਪ੍ਰਭਾਵਤ ਬਸਤਰ ਲੋਕ ਸਭਾ ਸੀਟ ’ਤੇ ਸ਼ਾਮ 5 ਵਜੇ ਤਕ 63.41 ਫੀ ਸਦੀ ਤੋਂ ਵੱਧ ਵੋਟਰਾਂ ਨੇ ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਬੀਜਾਪੁਰ ਜ਼ਿਲ੍ਹੇ ’ਚ ਨਕਸਲੀਆਂ ਵਲੋਂ ਲਗਾਏ ਗਏ ਆਈ.ਈ.ਡੀ. ਧਮਾਕੇ ’ਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀ.ਆਰ.ਪੀ.ਐੱਫ.) ਦਾ ਇਕ ਜਵਾਨ ਜ਼ਖਮੀ ਹੋ ਗਿਆ। 

ਅਸਾਮ ’ਚ ਲਖੀਮਪੁਰ ਦੇ ਬਿਹੂਪੁਰੀਆ ’ਚ ਹੋਜੇਈ ਕਾਲੀਆਬੋਰ, ਬੋਕਾਖਾਟ ਅਤੇ ਡਿਬਰੂਗੜ੍ਹ ਦੇ ਨਾਹਰਕਟੀਆ ’ਚ ਇਕ-ਇਕ ਪੋਲਿੰਗ ਸਟੇਸ਼ਨ ’ਤੇ ਈ.ਵੀ.ਐਮ. ਖਰਾਬ ਹੋ ਗਈ। ਇਨ੍ਹਾਂ ਕਮੀਆਂ ਨੂੰ ਬਾਅਦ ’ਚ ਠੀਕ ਕਰ ਲਿਆ ਗਿਆ। ਲਖੀਮਪੁਰ ਇਲਾਕੇ ’ਚ ਨਦੀ ’ਚ ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਇਕ ਗੱਡੀ ਲੈ ਕੇ ਜਾ ਰਹੀ ਇਕ ਕਿਸ਼ਤੀ ਵਹਿ ਗਈ, ਜਿਸ ਕਾਰਨ ਗੱਡੀ ’ਚ ਰੱਖੀ ਇਲੈਕਟਰਾਨਿਕ ਵੋਟਿੰਗ ਮਸ਼ੀਨ ਅੰਸ਼ਕ ਤੌਰ ’ਤੇ ਪਾਣੀ ’ਚ ਡੁੱਬ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਇਕ ਅਧਿਕਾਰੀ ਨੇ ਦਸਿਆ ਕਿ ਗੱਡੀ ’ਚ ਪਾਣੀ ਦਾਖਲ ਹੋਣ ਤੋਂ ਪਹਿਲਾਂ ਹੀ ਗੱਡੀ ਦਾ ਡਰਾਈਵਰ ਅਤੇ ਉਸ ’ਚ ਸਵਾਰ ਪੋਲਿੰਗ ਅਧਿਕਾਰੀ ਨਿਕਲ ਗਏ। 

ਬਿਹਾਰ ਦੀਆਂ ਚਾਰ ਲੋਕ ਸਭਾ ਸੀਟਾਂ ’ਤੇ 75 ਲੱਖ ਵੋਟਰਾਂ ’ਚੋਂ ਕਰੀਬ 46.32 ਫੀ ਸਦੀ ਵੋਟਰਾਂ ਨੇ ਸ਼ਾਮ 5 ਵਜੇ ਤਕ ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। 
ਰਾਜਸਥਾਨ ਦੀਆਂ 12 ਸੀਟਾਂ ’ਤੇ 54 ਫ਼ੀ ਸਦੀ ਵੋਟਿੰਗ ਦਰਜ ਕੀਤੀ ਗਈ। ਉੱਤਰ ਪ੍ਰਦੇਸ਼ ਦੀਆਂ 8 ਸੀਟਾਂ ’ਤੇ 57.90 ਫ਼ੀ ਸਦੀ ਵੋਟਿੰਗ ਦਰਜ ਕੀਤੀ ਗਈ। ਬਿਹਾਰ ਦੀਆਂ ਚਾਰ ਸੀਟਾਂ ’ਤੇ ਸਿਰਫ਼ 48.23 ਫ਼ੀ ਸਦੀ ਵੋਟਿੰਗ ਦਰਜ ਕੀਤੀ ਗਈ। 

ਚੋਣ ਕਮਿਸ਼ਨ ਨੇ ਪਹਿਲੇ ਪੜਾਅ ਦੀ ਵੋਟਿੰਗ ਲਈ 1.87 ਲੱਖ ਪੋਲਿੰਗ ਸਟੇਸ਼ਨਾਂ ’ਤੇ 18 ਲੱਖ ਤੋਂ ਵੱਧ ਪੋਲਿੰਗ ਕਰਮਚਾਰੀ ਤਾਇਨਾਤ ਕੀਤੇ। ਇਨ੍ਹਾਂ ਪੋਲਿੰਗ ਸਟੇਸ਼ਨਾਂ ’ਤੇ 16.63 ਕਰੋੜ ਤੋਂ ਵੱਧ ਵੋਟਰ ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੇ ਯੋਗ ਸਨ। ਇਨ੍ਹਾਂ ’ਚੋਂ 8.4 ਕਰੋੜ ਪੁਰਸ਼, 8.23 ਕਰੋੜ ਔਰਤਾਂ ਅਤੇ 11,371 ਲੋਕ ਤੀਜੀ ਸ਼੍ਰੇਣੀ ਨਾਲ ਸਬੰਧਤ ਹਨ। 35.67 ਲੱਖ ਲੋਕ ਪਹਿਲੀ ਵਾਰ ਵੋਟ ਪਾਉਣ ਵਾਲੇ ਬਣੇ ਹਨ। 20 ਤੋਂ 29 ਸਾਲ ਦੀ ਉਮਰ ਦੇ 3.51 ਕਰੋੜ ਨੌਜੁਆਨ ਵੋਟਰ ਹਨ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। 

ਪਹਿਲੇ ਪੜਾਅ ’ਚ ਤਾਮਿਲਨਾਡੂ ’ਚ 39, ਉਤਰਾਖੰਡ ’ਚ 5, ਅਰੁਣਾਚਲ ਪ੍ਰਦੇਸ਼ ’ਚ 2, ਮੇਘਾਲਿਆ ’ਚ 2, ਅੰਡੇਮਾਨ ਤੇ ਨਿਕੋਬਾਰ ਟਾਪੂ ’ਚ 1, ਮਿਜ਼ੋਰਮ ’ਚ 1, ਨਾਗਾਲੈਂਡ ’ਚ 1, ਪੁਡੂਚੇਰੀ ’ਚ 1, ਸਿੱਕਮ ’ਚ 1 ਅਤੇ ਲਕਸ਼ਦੀਪ ’ਚ 1 ਸੀਟਾਂ ’ਤੇ ਵੋਟਿੰਗ ਹੋਈ। ਇਸ ਤੋਂ ਇਲਾਵਾ ਰਾਜਸਥਾਨ ਦੀਆਂ 12, ਉੱਤਰ ਪ੍ਰਦੇਸ਼ ਦੀਆਂ 8, ਮੱਧ ਪ੍ਰਦੇਸ਼ ਦੀਆਂ 6, ਅਸਾਮ ਅਤੇ ਮਹਾਰਾਸ਼ਟਰ ਦੀਆਂ 5-5, ਬਿਹਾਰ ਦੀਆਂ 4, ਪਛਮੀ ਬੰਗਾਲ ਦੀਆਂ 3, ਮਨੀਪੁਰ ਦੀਆਂ 2 ਅਤੇ ਤ੍ਰਿਪੁਰਾ, ਜੰਮੂ-ਕਸ਼ਮੀਰ ਅਤੇ ਛੱਤੀਸਗੜ੍ਹ ਦੀਆਂ 1-1 ਸੀਟਾਂ ’ਤੇ ਵੋਟਿੰਗ ਹੋਈ। ਇਸ ਪੜਾਅ ’ਚ ਅਰੁਣਾਚਲ ਪ੍ਰਦੇਸ਼ ਦੀਆਂ 60 ਅਤੇ ਸਿੱਕਮ ਦੀਆਂ 32 ਸੀਟਾਂ ’ਤੇ ਇਕੋ ਸਮੇਂ ਵੋਟਿੰਗ ਹੋਈ।

ਅਸਾਮ ’ਚ ਗੜਬੜੀ ਕਾਰਨ 150 ਈ.ਵੀ.ਐਮ. ਬਦਲੀਆਂ ਗਈਆਂ : ਰਿਟਰਨਿੰਗ ਅਧਿਕਾਰੀ 

ਗੁਹਾਟੀ: ਅਸਾਮ ਦੀਆਂ ਪੰਜ ਲੋਕ ਸਭਾ ਸੀਟਾਂ ’ਤੇ ਕੁਲ 150 ਪੂਰੀ ਤਰ੍ਹਾਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਖਰਾਬ ਹੋਣ ਕਾਰਨ ਬਦਲ ਦਿਤੀਆਂ ਗਈਆਂ ਹਨ। ਇਨ੍ਹਾਂ ਸੀਟਾਂ ’ਤੇ ਸ਼ੁਕਰਵਾਰ ਨੂੰ ਵੋਟਿੰਗ ਹੋ ਰਹੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਇਸ ਤੋਂ ਇਲਾਵਾ ਵੱਖ-ਵੱਖ ਈ.ਵੀ.ਐਮ. ਦੀਆਂ ਵੀ.ਵੀ.ਪੈਟ. ਅਤੇ ਬੈਲਟ ਯੂਨਿਟਾਂ ਨੂੰ ਵੀ ਖਰਾਬੀ ਕਾਰਨ ਬਦਲ ਦਿਤਾ ਗਿਆ।  ਚੋਣ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਅਸਲ ਵੋਟਿੰਗ ਸ਼ੁਰੂ ਹੋਣ ਤੋਂ 90 ਮਿੰਟ ਪਹਿਲਾਂ ਸ਼ੁਰੂ ਹੋਈ ਮੌਕ ਪੋਲਿੰਗ ਦੌਰਾਨ ਜ਼ਿਆਦਾਤਰ ਗੜਬੜੀਆਂ ਵੇਖੀਆਂ ਗਈਆਂ ਅਤੇ ਇਸ ਤੋਂ ਬਾਅਦ ਮਸ਼ੀਨਾਂ ਬਦਲ ਦਿਤੀਆਂ ਗਈਆਂ। 

ਉਨ੍ਹਾਂ ਕਿਹਾ, ‘‘ਅਸਲ ਵੋਟਿੰਗ ਸ਼ੁਰੂ ਹੋਣ ਤੋਂ ਬਾਅਦ 6 ਈ.ਵੀ.ਐਮ. ਬਦਲੀਆਂ ਗਈਆਂ। ਇਸ ਤੋਂ ਇਲਾਵਾ ਵੱਖ-ਵੱਖ ਪੋਲਿੰਗ ਸਟੇਸ਼ਨਾਂ ’ਤੇ 40 ਹੋਰ ਵੀਵੀਪੈਟ ਬਦਲੇ ਗਏ ਹਨ।’’ ਈ.ਵੀ.ਐਮ. ’ਚ ਤਿੰਨ ਹਿੱਸੇ ਹੁੰਦੇ ਹਨ- ਕੰਟਰੋਲ ਯੂਨਿਟ (ਸੀ.ਯੂ.), ਵੋਟਰ ਵੈਰੀਫਿਏਬਲ ਪੇਪਰ ਆਡਿਟ ਟ੍ਰੇਲ (ਵੀ.ਵੀ.ਪੀ.ਏ.ਟੀ.) ਅਤੇ ਬੈਲਟ ਯੂਨਿਟ (ਬੀ.ਯੂ.)। ਹਾਲਾਂਕਿ, ਅਧਿਕਾਰੀ ਨੇ ਇਹ ਦੱਸਣ ਤੋਂ ਇਨਕਾਰ ਕਰ ਦਿਤਾ ਕਿ ਕਿਸ ਹਲਕੇ ’ਚ ਕਿੰਨੀਆਂ ਈ.ਵੀ.ਐਮ. ਖਰਾਬ ਹੋਈਆਂ।  ਇਕ ਹੋਰ ਅਧਿਕਾਰੀ ਨੇ ਦਸਿਆ ਕਿ ਲਖੀਮਪੁਰ ਦੇ ਬਿਹਪੁਰੀਆ ’ਚ ਘੱਟੋ-ਘੱਟ ਤਿੰਨ ਪੋਲਿੰਗ ਸਟੇਸ਼ਨਾਂ, ਹੋਜਾਈ, ਕਾਲਿਆਬੋਰ ਅਤੇ ਬੋਕਾਖਾਟ ’ਚ ਇਕ-ਇਕ ਅਤੇ ਡਿਬਰੂਗੜ੍ਹ ਦੇ ਨਾਹਰਕਟੀਆ ’ਚ ਇਕ ਪੋਲਿੰਗ ਸਟੇਸ਼ਨ ਤੋਂ ਈ.ਵੀ.ਐਮ. ’ਚ ਖਰਾਬੀ ਦੀਆਂ ਰੀਪੋਰਟਾਂ ਮਿਲੀਆਂ ਹਨ।

ਤੁਹਾਡੀ ਵੋਟ ਸੁਰੱਖਿਅਤ ਹੈ, ਵੱਡੀ ਗਿਣਤੀ ’ਚ ਵੋਟ ਪਾਓ: ਮੁੱਖ ਚੋਣ ਕਮਿਸ਼ਨਰ 

ਨਵੀਂ ਦਿੱਲੀ: ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਸ਼ੁਕਰਵਾਰ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਨੂੰ ਲੈ ਕੇ ਸ਼ੰਕਿਆਂ ਨੂੰ ਦੂਰ ਕੀਤਾ ਅਤੇ ਲੋਕਾਂ ਨੂੰ ਭਰੋਸਾ ਦਿਤਾ ਕਿ ਉਨ੍ਹਾਂ ਦੀ ਵੋਟ ਸੁਰੱਖਿਅਤ ਹੈ। ਰਾਜੀਵ ਕੁਮਾਰ ਨੇ ਕਿਹਾ ਕਿ ਈ.ਵੀ.ਐਮ. 100 ਫੀ ਸਦੀ ਸੁਰੱਖਿਅਤ ਹਨ ਕਿਉਂਕਿ ਇਸ ਵਿਚ ਕਈ ਤਕਨੀਕੀ, ਪ੍ਰਸ਼ਾਸਕੀ ਅਤੇ ਪ੍ਰਕਿਰਿਆ-ਮੁਖੀ ਸੁਰੱਖਿਆ ਉਪਾਅ ਹਨ। ਈ.ਵੀ.ਐਮ. ’ਤੇ ਸ਼ੱਕ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ’ਚ ਉਨ੍ਹਾਂ ਕਿਹਾ, ‘‘ਇਹ ਹੁਣ ਕੋਈ ਮੁੱਦਾ ਨਹੀਂ ਹੈ। ਇਹ 100٪ ਸੁਰੱਖਿਅਤ ਹੈ। ਇਹ ਮਾਮਲਾ ਅਦਾਲਤ ’ਚ ਵੀ ਉਠਾਇਆ ਗਿਆ ਸੀ। ਅਸੀਂ ਫੈਸਲੇ ਦੀ ਉਡੀਕ ਕਰ ਰਹੇ ਹਾਂ, ਮਸ਼ੀਨਾਂ ਨੂੰ ਕੁੱਝ ਨਹੀਂ ਹੋ ਸਕਦਾ। ਹਰ ਪੜਾਅ ’ਚ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਉਮੀਦਵਾਰ ਸ਼ਾਮਲ ਹੁੰਦੇ ਹਨ।’’ ਉਨ੍ਹਾਂ ਕਿਹਾ, ‘‘ਕਈ ਤਕਨੀਕੀ, ਪ੍ਰਸ਼ਾਸਕੀ ਅਤੇ ਪ੍ਰਕਿਰਿਆਤਮਕ ਸੁਰੱਖਿਆ ਉਪਾਅ ਹਨ। ਬੱਸ ਵੋਟ ਪਾਉਣ ਦਾ ਅਨੰਦ ਲਉ। ਇਹ ਵੋਟ ਪਾਉਣ ਦਾ ਅਨੰਦ ਲੈਣ ਦਾ ਸਮਾਂ ਹੈ, ਕਿਸੇ ਵੀ ਚੀਜ਼ ’ਤੇ ਸ਼ੱਕ ਕਰਨ ਦਾ ਨਹੀਂ। ਕੁਮਾਰ ਨੇ ਕਿਹਾ, ‘‘ਵੋਟ ਪਾਉਣ ਦਾ ਅਨੰਦ ਲਉ, ਤੁਹਾਡੀ ਵੋਟ ਸੁਰੱਖਿਅਤ ਹੈ ਅਤੇ ਜਿਸ ਵਿਅਕਤੀ ਨੂੰ ਤੁਸੀਂ ਵੋਟ ਦਿੰਦੇ ਹੋ ਉਸ ਨੂੰ ਰੀਕਾਰਡ ਕੀਤਾ ਜਾਵੇਗਾ।’’ ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਬਿਹਤਰ ਵੋਟਿੰਗ ਨੂੰ ਯਕੀਨੀ ਬਣਾਉਣ ਲਈ ਤਕਨਾਲੋਜੀ ਦੀ ਕਾਫ਼ੀ ਹੱਦ ਤਕ ਵਰਤੋਂ ਕੀਤੀ ਹੈ। (ਪੀਟੀਆਈ)

SHARE ARTICLE

ਏਜੰਸੀ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement