
ਉੁਂਜ ਤਾਂ ਹਰਿਆਣਾ ਕੁੱਝ ਪਿੰਡਾਂ ਦੀਆਂ ਖਾਪ ਪੰਚਾਇਤਾਂ ਕਰ ਕੇ ਅਕਸਰ ਚਰਚਾ ਵਿਚ ਰਹਿੰਦਾ ਹੈ ਕਿਉਂਕਿ ਕਿਸੇ ਥਾਂ ਇਕ ਗੋਤ ਵਿਚ ਸ਼ਾਦੀ ਹੋ ਸਕਦੀ ਹੈ ਅਤੇ ਕਿਤੇ ...
ਚੰਡੀਗੜ੍ਹ, ਉੁਂਜ ਤਾਂ ਹਰਿਆਣਾ ਕੁੱਝ ਪਿੰਡਾਂ ਦੀਆਂ ਖਾਪ ਪੰਚਾਇਤਾਂ ਕਰ ਕੇ ਅਕਸਰ ਚਰਚਾ ਵਿਚ ਰਹਿੰਦਾ ਹੈ ਕਿਉਂਕਿ ਕਿਸੇ ਥਾਂ ਇਕ ਗੋਤ ਵਿਚ ਸ਼ਾਦੀ ਹੋ ਸਕਦੀ ਹੈ ਅਤੇ ਕਿਤੇ ਤਿੰਨ ਗੋਤਾਂ ਵਿਚ ਵੀ ਨਹੀਂ ਪਰ ਇਥੋਂ ਦਾ ਪਿੰਡ ਹੈ ਹਲਵਾਣਾ ਜਿਥੋਂ ਦੇ ਲੜਕੇ-ਲੜਕੀਆਂ ਦੀ ਸ਼ਾਦੀ ਆਪੋ ਵਿਚ ਹੋ ਜਾਂਦੀ ਹੈ ਭਾਵੇਂ ਉਹ ਮੁੰਡਾ-ਕੁੜੀ ਆਂਢ-ਗੁਆਂਢ ਦੇ ਹੀ ਕਿਉਂ ਨਾ ਹੋਣ। ਇਹ ਪਿੰਡ ਕਰਨ ਜ਼ਿਲ੍ਹੇ ਵਿਚ ਪੈਂਦਾ ਹੈ ਅਤੇ ਬਹੁਤ ਪਛੜਿਆ ਹੋਇਆ ਹੈ। ਇਸ ਦੇ ਬਹੁਤੇ ਲੋਕ ਅਨਪੜ੍ਹ ਹਨ ਅਤੇ ਵਧੇਰੇ ਕਰ ਕੇ ਝੁੱਗੀਆਂ ਝੌਪੜੀਆਂ ਵਿਚ ਰਹਿੰਦੇ ਹਨ। ਉਹ ਛੋਟੇ ਛੋਟੇ ਕੰਮ ਕਰ ਕੇ ਅਪਣਾ ਜੀਵਨ ਬਸਰ ਕਰਦੇ ਹਨ।
ਦਸਿਆ ਗਿਆ ਹੈ ਕਿ ਇਸ ਸ਼ਾਦੀ ਲਈ ਸਿਰਫ਼ ਦੋਹਾਂ ਧਿਰਾਂ ਦੇ ਮਾਂ-ਬਾਪ ਦੀ ਸਹਿਮਤੀ ਜ਼ਰੂਰੀ ਹੈ ਅਤੇ ਵਿਆਹ 'ਤੇ ਕੋਈ ਲੱਖਾਂ ਰੁਪਏ ਖ਼ਰਚ ਨਹੀਂ ਹੁੰਦੇ ਸਿਰਫ਼ ਦੋ-ਤਿੰਨ ਹਜ਼ਾਰ ਰੁਪਏ ਵਿਚ ਵਿਆਹ ਹੋ ਜਾਂਦਾ ਹੈ। ਬਰਾਤ ਨੂੰ ਬਸ ਸਾਦੀ ਰੋਟੀ ਖੁਆਈ ਜਾਂਦੀ ਹੈ ਅਤੇ ਕੁੱਝ ਦੇਣ-ਲੈਣ ਦਾ ਕੋਈ ਪ੍ਰਚਲਨ ਨਹੀਂ ਸਗੋਂ ਕਾਨੂੰਨ ਵਜੋਂ ਅਪਰਾਧ ਸਮਝਿਆ ਜਾਂਦਾ ਹੈ।
ਇਕ ਹੋਰ ਮਹੱਤਵਪੂਰਨ ਪਹਿਲੂ ਇਸ ਪਿੰਡ 'ਚ ਇਹ ਉਭਰ ਕੇ ਸਾਹਮਣੇ ਆਇਆ ਹੈ ਕਿ ਪਿੰਡ ਵਿਚ ਜਿਸ ਦੇ ਘਰ ਲੜਕੀ ਪੈਦਾ ਹੁੰਦੀ ਹੈ, ਉਥੇ ਹੀ ਨਹੀਂ ਸਗੋਂ ਸਾਰੇ ਪਿੰਡ ਵਿਚ ਖ਼ੁਸ਼ੀ ਮਨਾਈ ਜਾਂਦੀ ਹੈ ਅਤੇ ਲੜਕੀ ਦੀ ਪੈਦਾਇਸ਼ ਨੂੰ ਲੱਛਮੀ ਆਈ ਕਹਿ ਕੇ ਸਵੀਕਾਰਿਆ ਜਾਂਦਾ ਹੈ। ਸ਼ਾਇਦ ਇਹੋ ਵਜ੍ਹਾ ਹੈ ਕਿ ਇਹ ਪਿੰਡ ਹਰਿਆਣਾ ਦਾ ਹੀ ਹੋਵੇ ਸਗੋਂ ਪੂਰੇ ਦੇਸ਼ ਵਿਚ ਕੋਈ ਅਜਿਹਾ ਪਿੰਡ ਨਹੀਂ ਜਿਥੇ ਲੜਕੀਆਂ ਦੀ ਗਿਣਤੀ 1000 ਲੜਕਿਆਂ ਪਿਛੇ 1400 ਹੈ। ਇਸ ਦੇ ਬਾਵਜੂਦ ਸੱਭ ਲੋਕ ਖ਼ੁਸ਼ੀ ਖ਼ੁਸ਼ੀ ਇਥੇ ਵਸਦੇ ਹਨ। ਦਸਿਆ ਗਿਆ ਹੈ ਕਿ ਇਸ ਪਿੰਡ ਦਾ ਇਹ ਰਿਵਾਜ ਬਹੁਤ ਪੁਰਾਣਾ ਹੈ।
ਵਿਆਹ ਵੀ ਬੜਾ ਸਾਧਾਰਣ ਰੂਪ ਹੈ। ਸਿਰਫ਼ ਲੜਕਾ ਤੇ ਲੜਕੀ ਇਕ-ਦੂਜੇ ਦੇ ਵਰਮਾਲਾ ਪਾ ਕੇ ਵਿਆਹ ਬੰਧਨ ਵਿਚ ਬੱਝ ਜਾਂਦੇ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ਵਿਆਹ ਸਿਰਫ਼ ਜੂਨ-ਜੁਲਾਈ ਦੇ ਮਹੀਨੇ ਹੀ ਹੁੰਦੇ ਹਨ ਕਿਉਂਕਿ ਸਾਲ ਦੇ ਬਾਕੀ ਦਸ ਮਹੀਨੇ ਪਿੰਡ ਦੇ ਲੋਕ ਅਪਣੀ ਰੋਜ਼ੀ ਰੋਟੀ ਲਈ ਦੂਜੇ ਪਿੰਡਾਂ ਵਿਚ ਜਾ ਕੇ ਕੰਮ ਕਰਦੇ ਹਨ ਅਤੇ ਇਨ੍ਹਾਂ ਦੋਹਾਂ ਮਹੀਨਿਆਂ ਵਿਚ ਵਾਪਸ ਪਰਤ ਆਉਂਦੇ ਹਨ। ਅੱਜਕਲ ਪੂਰੇ ਸਮਾਜ ਵਿਚ ਵਿਆਹ ਸ਼ਾਦੀਆਂ 'ਤੇ ਲੱਖਾਂ ਰੁਪਏ ਖ਼ਰਚ ਕਰਨ ਦੀ ਪ੍ਰਥਾ ਬਣ ਗਈ ਹੈ ਤਾਂ ਮਾਪਿਆਂ ਨੂੰ ਘੱਟੋ-ਘੱਟ ਇਸ ਪਿੰਡ ਵਿਚ ਹੋ ਰਹੇ ਅਤਿ ਸਾਧਾਰਣ ਵਿਆਹਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।