
ਸੂਬੇ ਦੀ 43,338 ਹੈਕਟੇਅਰ ਵਾਹੀਯੋਗ ਜ਼ਮੀਨ ਪਾਣੀ ਵਿੱਚ ਡੁੱਬੀ
ਆਸਾਮ ਵਿੱਚ ਭਾਰੀ ਬਾਰਸ਼ ਕਾਰਨ ਨਦੀਆਂ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਹੈ ਅਤੇ ਹੜ੍ਹਾਂ ਕਾਰਨ ਸਥਿਤੀ ਵਿਗੜ ਗਈ ਹੈ। ਹੜ੍ਹ ਕਾਰਨ ਸੂਬੇ ਦੇ 28 ਜ਼ਿਲ੍ਹਿਆਂ ਦੇ 2,930 ਪਿੰਡਾਂ ਵਿੱਚ 18.95 ਲੱਖ ਲੋਕ ਪ੍ਰਭਾਵਿਤ ਹੋਏ ਹਨ। ਇਸ ਸਾਲ ਹੁਣ ਤੱਕ ਸੂਬੇ ਵਿੱਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ 55 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ੁੱਕਰਵਾਰ ਦੇਰ ਰਾਤ ਹੋਜਈ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਡੁੱਬਣ ਕਾਰਨ ਤਿੰਨ ਬੱਚੇ ਲਾਪਤਾ ਹੋ ਗਏ ਜਦਕਿ 21 ਲੋਕਾਂ ਨੂੰ ਬਚਾ ਲਿਆ ਗਿਆ।
ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਨੇ ਕਿਹਾ ਕਿਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਸਾਮ ਵਿੱਚ ਹੜ੍ਹ ਦੀ ਸਥਿਤੀ ਦਾ ਫ਼ੋਨ ਕਰ ਕੇ ਜਾਇਜ਼ਾ ਲਿਆ ਹੈ। ਸ਼ਰਮਾ ਨੇ ਟਵੀਟ ਕੀਤਾ, ''ਉਨ੍ਹਾਂ ਦੇ ਭਰੋਸੇ ਅਤੇ ਉਦਾਰਤਾ ਲਈ ਧੰਨਵਾਦੀ। ਉਨ੍ਹਾਂ ਨੇ ਇਸ ਕੁਦਰਤੀ ਆਫ਼ਤ ਕਾਰਨ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ 'ਤੇ ਚਿੰਤਾ ਪ੍ਰਗਟਾਈ ਅਤੇ ਪ੍ਰਧਾਨ ਮੰਤਰੀ ਨੇ ਸੂਬੇ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।
Assam Floods
ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਸ਼ਨੀਵਾਰ ਨੂੰ ਸੂਬੇ 'ਚ ਯੈਲੋ ਅਲਰਟ ਜਾਰੀ ਕੀਤਾ ਗਿਆ ਸੀ। ਰਾਜ ਵਿੱਚ 373 ਰਾਹਤ ਕੈਂਪਾਂ ਵਿੱਚ ਲਗਭਗ 1.08 ਲੱਖ ਲੋਕ ਸ਼ਰਨ ਲੈ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ, ਦੀਮਾ ਹਸੌ, ਗਵਾਲਪਾੜਾ, ਮੋਰੀਗਾਂਵ, ਕਾਮਰੂਪ ਅਤੇ ਕਾਮਰੂਪ (ਮੈਟਰੋ) ਜ਼ਿਲ੍ਹਿਆਂ ਵਿੱਚ ਜ਼ਮੀਨ ਖਿਸਕਣ ਦੀ ਸੂਚਨਾ ਮਿਲੀ ਹੈ।
ਇਸ ਦੇ ਨਾਲ ਹੀ ਹੇਠਲੇ ਅਸਾਮ ਦੇ ਨਲਬਾੜੀ ਜ਼ਿਲ੍ਹੇ ਵਿੱਚ ਵੀ ਸਥਿਤੀ ਬਦਤਰ ਹੈ। ਇੱਥੇ ਹੜ੍ਹ ਕਾਰਨ 1.23 ਲੱਖ ਲੋਕ ਪ੍ਰਭਾਵਿਤ ਹੋਏ ਹਨ। ਪੱਛਮੀ ਨਲਬਾੜੀ, ਘੋਗਾਪੜ, ਬਾਰਭਾਗ, ਨਲਬਾੜੀ, ਤਿਹੂ, ਬਰਖੇਤਰੀ ਮਾਲ ਸਰਕਲ ਵਿੱਚ 203 ਪਿੰਡ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਏ ਹਨ।
Assam Floods
ਨਦੀਆਂ ਦੇ ਪਾਣੀ ਦਾ ਪੱਧਰ ਲਗਾਤਾਰ ਵਧਣ ਅਤੇ ਹੜ੍ਹ ਦੀ ਸਥਿਤੀ ਨੂੰ ਦੇਖਦੇ ਹੋਏ ਰੇਲਵੇ ਵਿਭਾਗ ਨੇ ਡਿਬਰੂਗੜ੍ਹ ਅਤੇ ਤਿਨਸੁਕੀਆ ਤੋਂ ਚੱਲਣ ਵਾਲੀਆਂ ਟਰੇਨਾਂ ਨੂੰ ਅੰਸ਼ਕ ਤੌਰ 'ਤੇ ਰੱਦ ਕਰ ਦਿੱਤਾ ਹੈ। ਗਜਰਾਜ ਕੋਰ ਨੇ ਵੀਰਵਾਰ ਤੋਂ ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਨਾਲ ਹੜ੍ਹ ਰਾਹਤ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸੈਨਾ ਵੱਲੋਂ ਬਕਸਾ, ਨਲਬਾੜੀ, ਦਰੰਗ, ਤਾਮੂਲਪੁਰ, ਹੋਜਈ ਅਤੇ ਕਾਮਰੂਪ ਵਿੱਚ ਮੁਹਿੰਮ ਚਲਾਈ ਜਾ ਰਹੀ ਹੈ। ਅਸਾਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ASDMA) ਦੇ ਅਨੁਸਾਰ, ਦਾਰੰਗ ਜ਼ਿਲ੍ਹੇ ਦੇ ਸਿਪਾਝਾਰ ਖੇਤਰ ਵਿੱਚ ਹੜ੍ਹ ਕਾਰਨ NH-15 ਪਾਣੀ ਵਿੱਚ ਡੁੱਬ ਗਿਆ ਹੈ।
Assam Floods
ਹਾਈਵੇਅ ’ਤੇ ਆਵਾਜਾਈ ਬੰਦ ਹੋਣ ਕਾਰਨ ਸੈਂਕੜੇ ਟਰੱਕ ਫਸੇ ਹੋਏ ਹਨ। ਸੂਬੇ 'ਚ ਮੀਂਹ ਅਤੇ ਹੜ੍ਹਾਂ ਕਾਰਨ ਹੁਣ ਤੱਕ 13 ਬੰਨ੍ਹ ਟੁੱਟ ਗਏ ਹਨ, ਜਦਕਿ 64 ਸੜਕਾਂ ਅਤੇ ਇਕ ਪੁਲ ਨੁਕਸਾਨਿਆ ਗਿਆ ਹੈ। ਕੇਂਦਰੀ ਜਲ ਕਮਿਸ਼ਨ (CWC) ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਬੁਲੇਟਿਨ 'ਚ ਦੱਸਿਆ ਗਿਆ ਹੈ ਕਿ ਨਗਾਉਂ ਜ਼ਿਲ੍ਹੇ 'ਚ ਕਪਿਲੀ ਨਦੀ 'ਚ ਤੇਜ਼ੀ ਹੈ। ਇਸ ਦੇ ਨਾਲ ਹੀ ਬ੍ਰਹਮਪੁੱਤਰ, ਜੀਆ ਭਰਾਲੀ, ਪੁਠੀਮਾਰੀ, ਮਾਨਸ, ਬੇਕੀ, ਬਰਾਕ ਅਤੇ ਕੁਸ਼ੀਆਰਾ ਨਦੀਆਂ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ। ਸੂਬੇ ਦੀ 43,338 ਹੈਕਟੇਅਰ ਵਾਹੀਯੋਗ ਜ਼ਮੀਨ ਪਾਣੀ ਵਿੱਚ ਡੁੱਬੀ ਹੋਈ ਹੈ।