
ਈਡੀ ਨੇ ਅਗਸਤਾਵੈਸਟਲੈਂਡ ਵੀਵੀਆਈਪੀ ਹੈਲੀਕਾਪਟਰ ਰਿਸ਼ਵਤਖ਼ੋਰੀ ਘੁਟਾਲੇ ਵਿਚ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਐਸ ਪੀ ਤਿਆਗੀ, ਉਨ੍ਹਾਂ ਦੇ ਦੋ ਚਚੇਰੇ ...
ਨਵੀਂ ਦਿੱਲੀ, ਈਡੀ ਨੇ ਅਗਸਤਾਵੈਸਟਲੈਂਡ ਵੀਵੀਆਈਪੀ ਹੈਲੀਕਾਪਟਰ ਰਿਸ਼ਵਤਖ਼ੋਰੀ ਘੁਟਾਲੇ ਵਿਚ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਐਸ ਪੀ ਤਿਆਗੀ, ਉਨ੍ਹਾਂ ਦੇ ਦੋ ਚਚੇਰੇ ਭਰਾਵਾਂ, ਵਕੀਲ ਗੌਤਮ ਖੇਤਾਨ, ਦੋ ਇਤਾਲਵੀ ਵਿਚੋਲਿਆਂ ਅਤੇ ਫ਼ਿਨਮੇਕੇਨਿਕਾ ਕੰਪਨੀ ਵਿਰੁਧ ਪੂਰਕ ਦੋਸ਼ਪੱਤਰ ਦਾਖ਼ਲ ਕੀਤਾ ਹੈ।
ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਦੀ ਅਦਾਲਤ ਵਿਚ ਦੋਸ਼ਪੱਤਰ ਦਾਖ਼ਲ ਕੀਤਾ ਗਿਆ ਜਿਸ 'ਤੇ ਜੱਜ 20 ਜੁਲਾਈ ਨੂੰ ਵਿਚਾਰ ਕਰਨਗੇ।
ਵਿਸ਼ੇਸ਼ ਸਰਕਾਰੀ ਵਕੀਲ ਜ਼ਰੀਏ ਦਾਖ਼ਲ ਕੀਤੇ ਗਏ ਦੋਸ਼ਪੱਤਰ ਵਿਚ ਐਸ ਪੀ ਤਿਆਗੀ ਸਮੇਤ ਤਿਆਗੀ ਭਰਾਵਾਂ, ਖੇਤਾਨ, ਇਤਲਾਵੀ ਵਿਚੋਲਿਆਂ ਕਾਰਲਾ ਗੇਰੋਸਾ ਅਤੇ ਹੈਸ਼ਕੇ ਅਤੇ ਅਗਸਤਾਵੇਸਟਲੈਂਡ ਦੀ ਮੂਲ ਕੰਪਨੀ ਫ਼ਿਨਮਮੇਕੇਨਿਕਾ ਨੂੰ ਨਾਮਜ਼ਦ ਮੁਲਜ਼ਮ ਬਣਾਇਆ ਗਿਆ ਹੈ। ਦੋਸ਼ਪੱਤਰ ਵਿਚ ਉਨ੍ਹਾਂ ਵਿਰੁਧ ਕਰੀਬ 2.8 ਕਰੋੜ ਯੂਰੋ ਦੇ ਕਾਲੇ ਧਨ ਨੂੰ ਸਫ਼ੈਦ ਕਰਨ ਦਾ ਦੋਸ਼ ਹੈ। ਈਡੀ ਨੇ ਕਿਹਾ ਕਿ ਕਈ ਵਿਦੇਸ਼ੀ ਕੰਪਨੀਆਂ ਜ਼ਰੀਏ ਕਾਲੇ ਧਨ ਨੂੰ ਸਫ਼ੈਦ ਕੀਤਾ ਗਿਆ ਜਿਨ੍ਹਾਂ ਦੀ ਵਰਤੋਂ ਕਥਿਤ ਕਮਿਸ਼ਨ ਰੱਖਣ ਲਈ ਮੁਖੌਟੇ ਵਜੋਂ ਕੀਤਾ ਗਈ।
ਅਦਾਲਤ 3600 ਕਰੋੜ ਰੁਪਏ ਦੇ ਵੀਵੀਆਈਪੀ ਹੈਲੀਕਾਪਟਰ ਕਰਾਰ ਨਾਲ ਜੁੜੇ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਹੈ। ਇਕ ਜਨਵਰੀ 2014 ਨੂੰ ਭਾਰਤ ਨੇ ਹਵਾਈ ਫ਼ੌਜ ਨੂੰ 12 ਏਡਬਲਿਊ-101 ਵੀਵੀਆਈਪੀ ਹੈਲੀਕਾਪਟਰਾਂ ਦੀ ਸਪਲਾਈ ਲਈ ਉਕਤ ਕੰਪਨੀ ਨਾਲ ਕੀਤਾ ਸਮਝੌਤਾ ਰੱਦ ਕਰ ਦਿਤਾ ਸੀ। ਦੋਸ਼ ਸੀ ਕਿ ਕਮਿਸ਼ਨ ਵਜੋਂ 423 ਕਰੋੜ ਰੁਪਏ ਲਿਆ ਗਿਆ। ਇਸੇ ਕਾਰਨ ਕਰਾਰ ਰੱਦ ਕਰ ਦਿਤਾ ਗਿਆ। (ਏਜੰਸੀ)