
ਦਿੱਲੀ ਹਾਈਕੋਰਟ ਵਿਚ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪ੍ਰਵਾਨ ਕੀਤਾ ਹੈ ਕਿ ਭਾਵੇਂ ਕਿ ਕਰੋਨਾ ਕਾਲ ਕਰ
ਨਵੀਂ ਦਿੱਲੀ, 18 ਜੁਲਾਈ (ਅਮਨਦੀਪ ਸਿੰਘ) : ਦਿੱਲੀ ਹਾਈਕੋਰਟ ਵਿਚ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪ੍ਰਵਾਨ ਕੀਤਾ ਹੈ ਕਿ ਭਾਵੇਂ ਕਿ ਕਰੋਨਾ ਕਾਲ ਕਰ ਕੇ, ਮੌਜੂਦਾ ਮਾਲੀ ਸੰਕਟ ਬਹੁਤ ਵੱਡਾ ਹੈ, ਬਾਵਜੂਦ ਇਸਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਅਧਿਆਪਕਾਂ ਤੇ ਹੋਰ ਸਟਾਫ਼ ਨੂੰ 60 ਫ਼ੀ ਸਦੀ ਤਨਖ਼ਾਹਾਂ ਜਾਰੀ ਕਰਨ ਦਾ ਫ਼ੈਸਲਾ ਲਿਆ ਜਾ ਚੁਕਾ ਹੈ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਸਟਾਫ਼ ਵੈੱਲਫੇਅਰ ਐਸੋਸੀਏਸ਼ਨ (ਰਜਿ) ਵਲੋਂ 49 ਮਾਸਟਰਾਨੀਆਂ ਨੂੰ ਤਨਖ਼ਾਹਾਂ ਨਾ ਦਿਤੇ ਜਾਣ ਬਾਰੇ ਦਿੱਲੀ ਗੁਰਦਵਾਰਾ ਕਮੇਟੀ, ਦਿੱਲੀ ਸਰਕਾਰ ਤੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵਿਰੁਧ ਦਾਖ਼ਲ ਕੀਤੀ ਗਈ ਪਟੀਸ਼ਨ ’ਤੇ ਦਿੱਲੀ ਹਾਈਕੋਰਟ ਦੀ ਜੱਜ ਜੋਤੀ ਸਿੰਘ ਨੇ ਸ਼ੁਕਰਵਾਰ ਨੂੰ ਵੀਡੀਉ ਕਾਨਫ਼ਰੰਸਿੰਗ ਰਾਹੀਂ ਸੁਣਵਾਈ ਕੀਤੀ।
ਸੁਣਵਾਈ ਦੌਰਾਨ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ.ਮਨਜਿੰਦਰ ਸਿੰਘ ਸਿਰਸਾ ਨੇ ਕਿਹਾ, ‘ਮੌਜੂਦਾ ਵੱਡੇ ਮਾਲੀ ਸੰਕਟ ਦੇ ਬਾਵਜੂਦ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀਆਂ ਮਾਸਟਰਾਨੀਆਂ ਤੇ ਹੋਰਨਾਂ ਮੁਲਾਜ਼ਮਾਂ ਨੂੰ ਅਪ੍ਰੈਲ ਮਹੀਨੇ ਦੀ 60 ਫ਼ੀ ਸਦੀ ਤਨਖ਼ਾਹਾਂ ਹੁਣੇ ਜਾਰੀ ਕਰਨ ਦਾ ਫ਼ੈਸਲਾ ਲਿਆ ਜਾ ਚੁਕਾ ਹੈ। ਇਸੇ ਤਰ੍ਹਾਂ ਸਾਰੇ ਜੀਐਚਪੀਐਸ ਸਕੂਲਾਂ ( 11 ਬ੍ਰਾਂਚਾਂ) ਦੇ ਮਾਸਟਰਾਂ ਤੇ ਹੋਰ ਸਟਾਫ਼ ਨੂੰ ਮਈ ਮਹੀਨੇ ਦੀਆਂ 60 ਫ਼ੀ ਸਦੀ ਤਨਖ਼ਾਹਾਂ 21 ਜੁਲਾਈ ਤੋਂ ਜਾਰੀ ਕੀਤੀਆਂ ਜਾਣਗੀਆਂ । ਇਹ ਫ਼ੈਸਲਾ ਸਿਰਫ਼ ਪਟੀਸ਼ਨਰ ਕਰ ਕੇ ਨਹੀਂ, ਸਗੋਂ ਸਮੁੱਚੇ ਮੁਲਾਜ਼ਮਾਂ ਦੇ ਵੱਡੇ ਹਿੱਤ ਨੂੰ ਧਿਆਨ ਵਿਚ ਰੱਖ ਕੇ ਲਿਆ ਗਿਆ ਹੈ।’