
ਰੇਲਵੇ ਮੁਲਾਜ਼ਮਾਂ ਨੇ ਜੱਚਾ-ਬੱਚਾ ਨੂੰ ਸੁਰੱਖਿਅਤ ਹਸਪਤਾਲ ਪਹੁੰਚਾਇਆ
ਅੰਬਾਲਾ : ਦਿੱਲੀ-ਹੁਸ਼ਿਆਰਪੁਰ ਐਕਸਪ੍ਰੈਸ 'ਚ ਉਸ ਵੇਲੇ ਕਿਲਕਾਰੀਆਂ ਗੂੰਜੀਆਂ ਜਦੋਂ ਚਲਦੀ ਰੇਲਗੱਡੀ ਵਿਚ ਔਰਤ ਨੇ ਇਕ ਬੱਚੀ ਨੂੰ ਜਨਮ ਦਿਤਾ। ਜਾਣਕਾਰੀ ਅਨੁਸਾਰ ਰੇਲਗੱਡੀ ਨੰਬਰ 14011 ਦਿੱਲੀ-ਹੁਸ਼ਿਆਰਪੁਰ ਐਕਸਪ੍ਰੈਸ ਸੋਮਵਾਰ ਰਾਤ ਹਰਿਆਣਾ ਦੇ ਅੰਬਾਲਾ ਵਿਖੇ ਸੀ। ਪਾਣੀਪਤ ਤੋਂ ਜਲੰਧਰ ਜਾ ਰਹੀ ਇੱਕ ਔਰਤ ਨੇ ਚਲਦੀ ਰੇਲਗੱਡੀ ਵਿੱਚ ਬੱਚੀ ਨੂੰ ਜਨਮ ਦਿਤਾ।
ਇਹ ਵੀ ਪੜ੍ਹੋ: ਏਸ਼ੀਆਈ ਖੇਡਾਂ 'ਚ ਬਜਰੰਗ-ਵਿਨੇਸ਼ ਦੀ ਸਿੱਧੀ ਐਂਟਰੀ, ਐਡਹਾਕ ਕਮੇਟੀ ਨੇ ਦਿਤੀ ਟਰਾਇਲ ਤੋਂ ਛੋਟ
ਜਿਵੇਂ ਹੀ ਰੇਲਗੱਡੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਛੇ 'ਤੇ ਪਹੁੰਚੀ ਤਾਂ ਆਰ.ਪੀ.ਐਫ਼. ਕਰਮਚਾਰੀ ਜਤਿੰਦਰ ਰਾਣਾ ਨੇ ਆਰ.ਪੀ.ਐਫ਼. ਇੰਚਾਰਜ ਜਾਵੇਦ ਖਾਨ ਨੂੰ ਸੂਚਨਾ ਦਿਤੀ। ਆਰ.ਪੀ.ਐਫ਼. ਦੇ ਇੰਚਾਰਜ ਏ.ਐਸ.ਆਈ. ਵਿਪਨ ਕੁਮਾਰ, ਕਾਂਸਟੇਬਲ ਜਸਵੀਰ ਸਿੰਘ ਅਤੇ ਸਟੇਸ਼ਨ ਮਾਸਟਰ ਤੁਰਤ ਪਲੇਟਫਾਰਮ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਔਰਤ ਦੀ ਮਦਦ ਕੀਤੀ।
ਇਸ ਦੌਰਾਨ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਆਰ.ਪੀ.ਐਫ਼. ਇੰਚਾਰਜ ਨੇ ਸਿਵਲ ਹਸਪਤਾਲ 'ਚ ਇਸ ਬਾਰੇ ਸੂਚਨਾ ਦਿਤੀ ਅਤੇ ਕੁੱਝ ਹੀ ਸਮੇਂ ਵਿਚ ਐਂਬੂਲੈਂਸ ਵੀ ਰੇਲਵੇ ਸਟੇਸ਼ਨ ’ਤੇ ਪਹੁੰਚ ਗਈ। ਈ.ਐਮ.ਟੀ. ਰਾਮ ਅਵਤਾਰ ਨੇ ਬੱਚੀ ਨਾੜੂ ਨੂੰ ਕੱਟਿਆ ਅਤੇ ਹੋਰ ਮੁਲਾਜ਼ਮਾਂ ਦੀ ਮਦਦ ਨਾਲ ਜੱਚਾ-ਬੱਚਾ ਨੂੰ ਸੁਰੱਖਿਅਤ ਹਸਪਤਾਲ ਪਹੁੰਚਾਇਆ ਗਿਆ। ਔਰਤ ਦੇ ਪਤੀ ਬਬਲੂ ਨੇ ਦਸਿਆ ਕਿ ਡਿਲੀਵਰੀ 'ਚ ਕਰੀਬ 10 ਦਿਨ ਦਾ ਸਮਾਂ ਬਾਕੀ ਸੀ। ਉਹ ਸੋਮਵਾਰ ਰਾਤ ਅਪਣੀ ਪਤਨੀ ਨਾਲ ਜਲੰਧਰ ਜਾ ਰਿਹਾ ਸੀ।