CM ਚੰਦਰਬਾਬੂ ਨਾਇਡੂ ਨੇ ਲੱਡੂਆਂ ਵਿੱਚ ਸ਼ੁੱਧ ਘਿਓ ਦੀ ਬਜਾਏ ਜਾਨਵਰਾਂ ਦੀ ਚਰਬੀ ਮਿਲਾਉਣ ਦਾ ਲਾਇਆ ਸੀ ਆਰੋਪ
Tirupati Laddu Prasadam Report : ਤਿਰੂਪਤੀ ਮੰਦਿਰ ਦੇ ਪ੍ਰਸ਼ਾਦ ਵਿੱਚ ਮੱਛੀ ਦਾ ਤੇਲ ,ਜਾਨਵਰਾਂ ਦੀ ਚਰਬੀ ਮਿਲਣ ਦੀ ਪੁਸ਼ਟੀ ਹੋਈ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਤਿਰੂਪਤੀ ਮੰਦਰ ਦੇ ਪ੍ਰਸ਼ਾਦ ਯਾਨੀ ਕਿ ਲੱਡੂਆਂ ਵਿੱਚ ਸ਼ੁੱਧ ਘਿਓ ਦੀ ਬਜਾਏ ਜਾਨਵਰਾਂ ਦੀ ਚਰਬੀ ਮਿਲਾਉਣ ਦਾ ਆਰੋਪ ਲਾਇਆ ਸੀ। ਇਸ ਤੋਂ ਬਾਅਦ ਸੈਂਪਲ ਜਾਂਚ ਲਈ ਭੇਜੇ ਗਏ। ਹੁਣ ਜਾਂਚ ਤੋਂ ਬਾਅਦ ਰਿਪੋਰਟ ਸਾਹਮਣੇ ਆਈ ਹੈ, ਜਿਸ 'ਚ ਮੱਛੀ ਦਾ ਤੇਲ ,ਪਸ਼ੂਆਂ ਦੀ ਚਰਬੀ ਅਤੇ ਹੋਰ ਘਟੀਆ ਸਮੱਗਰੀ ਪਾਏ ਜਾਣ ਦੀ ਗੱਲ ਕਹੀ ਗਈ ਹੈ।
ਰਿਪੋਰਟ 'ਚ ਕੀ ਹੋਇਆ ਖੁਲਾਸਾ ?
ਤਿਰੂਪਤੀ ਮੰਦਰ ਨਾਲ ਜੁੜੀ ਇਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਸੀ, ਜਿਸ 'ਚ ਕਿਹਾ ਗਿਆ ਸੀ ਕਿ ਘਿਓ ਦੇ ਨਾਂ 'ਤੇ ਜੋ ਸਮੱਗਰੀ ਵਰਤੀ ਜਾ ਰਹੀ ਹੈ, ਉਸ 'ਚ ਜਾਨਵਰਾਂ ਦੀ ਚਰਬੀ, ਮੱਛੀ ਦੇ ਤੇਲ ਅਤੇ ਪਾਮ ਆਇਲ ਦੇ ਅੰਸ਼ ਮਿਲੇ ਹਨ। ਇਹ ਖੁਲਾਸਾ ਟੀਡੀਪੀ ਨੇਤਾ ਅਨਮ ਵੈਂਕਟ ਰਮਨਾ ਰੈੱਡੀ ਨੇ ਕੀਤਾ, ਜਿਸ ਨੇ ਨੈਸ਼ਨਲ ਐਕ੍ਰੀਡਿਡ ਬੋਰਡ ਫਾਰ ਟੈਸਟਿੰਗ ਐਂਡ ਕੈਲੀਬ੍ਰੇਸ਼ਨ ਲੈਬਾਰਟਰੀ (ਐਨਏਬੀਐਲ) ਦੀ ਜਾਂਚ ਰਿਪੋਰਟ ਦਾ ਹਵਾਲਾ ਦਿੱਤਾ।
ਇਕ ਪ੍ਰੋਗਰਾਮ ਦੌਰਾਨ ਨਾਇਡੂ ਨੇ ਕਿਹਾ ਸੀ ਕਿ ਪ੍ਰਸਾਦ 'ਚ ਘਿਓ ਦੀ ਬਜਾਏ ਜਾਨਵਰਾਂ ਦੀ ਚਰਬੀ ਅਤੇ ਘਟੀਆ ਗੁਣਵੱਤਾ ਵਾਲੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਯਕੀਨੀ ਬਣਾਇਆ ਕਿ ਪ੍ਰਸ਼ਾਦ ਵਿੱਚ ਅਸਲੀ ਘਿਓ, ਸਾਫ਼-ਸਫ਼ਾਈ ਅਤੇ ਚੰਗੀ ਗੁਣਵੱਤਾ ਦਾ ਧਿਆਨ ਰੱਖਿਆ ਜਾਵੇ।
ਜਗਨ ਮੋਹਨ ਰੈਡੀ ਦਾ ਪਲਟਵਾਰ
ਸੀਐਮ ਨਾਇਡੂ ਦੇ ਇਸ ਬਿਆਨ 'ਤੇ ਜਗਨ ਮੋਹਨ ਰੈੱਡੀ ਦੀ ਪਾਰਟੀ ਵਾਈਐਸਆਰਸੀਪੀ ਨੇ ਵੀ ਜਵਾਬ ਦਿੱਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਚੰਦਰਬਾਬੂ ਨਾਇਡੂ ਨੇ ਤਿਰੁਮਾਲਾ ਮੰਦਰ ਦੀ ਪਵਿੱਤਰਤਾ ਅਤੇ ਕਰੋੜਾਂ ਹਿੰਦੂਆਂ ਦੀ ਆਸਥਾ ਨੂੰ ਠੇਸ ਪਹੁੰਚਾ ਕੇ ਬਹੁਤ ਵੱਡਾ ਪਾਪ ਕੀਤਾ ਹੈ। ਚੰਦਰਬਾਬੂ ਨਾਇਡੂ ਵੱਲੋਂ ਤਿਰੁਮਾਲਾ ਪ੍ਰਸਾਦ 'ਤੇ ਕੀਤੀ ਗਈ ਟਿੱਪਣੀ ਬੇਹੱਦ ਘਟੀਆ ਹੈ। ਮਾਨਵ ਜਨਮ 'ਚ ਜਨਮਿਆ ਕੋਈ ਵੀ ਵਿਅਕਤੀ ਅਜਿਹੇ ਸ਼ਬਦ ਨਹੀਂ ਬੋਲਦਾ ਅਤੇ ਨਾ ਹੀ ਅਜਿਹੇ ਆਰੋਪ ਲਗਾਉਂਦਾ ਹੈ। ਉਨ੍ਹਾਂ ਕਿਹਾ ਕਿ ਇੱਕ ਵਾਰ ਫਿਰ ਇਹ ਸਾਬਤ ਹੋ ਗਿਆ ਹੈ ਕਿ ਚੰਦਰਬਾਬੂ ਸਿਆਸਤ ਦੀ ਖ਼ਾਤਰ ਕੁਝ ਵੀ ਗ਼ਲਤ ਕਰਨ ਤੋਂ ਪਿੱਛੇ ਨਹੀਂ ਹਟਣਗੇ।
ਰੈਡੀ ਨੇ ਕਿਹਾ ਕਿ ਸ਼ਰਧਾਲੂਆਂ ਦੀ ਆਸਥਾ ਨੂੰ ਮਜ਼ਬੂਤ ਕਰਨ ਲਈ ਮੈਂ ਅਤੇ ਮੇਰਾ ਪਰਿਵਾਰ ਤਿਰੂਮਾਲਾ ਪ੍ਰਸਾਦ ਦੇ ਮਾਮਲੇ 'ਚ ਸਹੁੰ ਚੁੱਕਣ ਲਈ ਤਿਆਰ ਹਾਂ। ਕੀ ਚੰਦਰਬਾਬੂ ਵੀ ਆਪਣੇ ਪਰਿਵਾਰ ਨਾਲ ਸਹੁੰ ਚੁੱਕਣ ਲਈ ਤਿਆਰ ਹਨ?
ਘਟੀਆ ਸਮੱਗਰੀ ਨਾਲ ਲੱਡੂ ਬਣਾਉਣ ਦਾ ਆਰੋਪ
ਦੱਸ ਦੇਈਏ ਕਿ ਤਿਰੂਪਤੀ ਦੇ ਸ਼੍ਰੀ ਵੈਂਕਟੇਸ਼ਵਰ ਮੰਦਰ ਵਿੱਚ ਤਿਰੂਪਤੀ ਲੱਡੂ ਚੜ੍ਹਾਏ ਜਾਂਦੇ ਹਨ, ਜਿਸ ਦਾ ਸੰਚਾਲਨ ਤਿਰੁਮਾਲਾ ਤਿਰੂਪਤੀ ਦੇਵਸਥਾਨਮ (TTD) ਕਰਦਾ ਹੈ। ਐਨਡੀਏ ਵਿਧਾਇਕ ਦਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਐਮ ਨਾਇਡੂ ਨੇ ਦਾਅਵਾ ਕੀਤਾ ਕਿ ਤਿਰੁਮਾਲਾ ਲੱਡੂ ਵੀ ਘਟੀਆ ਸਮੱਗਰੀ ਨਾਲ ਬਣਾਏ ਜਾਂਦੇ ਸੀ, ਘਿਓ ਦੀ ਬਜਾਏ ਜਾਨਵਰਾਂ ਦੀ ਚਰਬੀ ਦੀ ਵਰਤੋਂ ਕੀਤੀ ਜਾਂਦੀ ਸੀ। ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਹੁਣ ਸ਼ੁੱਧ ਘਿਓ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਮੰਦਰ ਵਿੱਚ ਹਰ ਚੀਜ਼ ਨੂੰ ਸੈਨੀਟਾਈਜ਼ ਕੀਤਾ ਗਿਆ ਹੈ, ਜਿਸ ਨਾਲ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ।