
ਜੂਨ 2022 ਤੱਕ ਭਾਰਤ ਛੱਡਣ ਵਾਲੇ 1, 89,000 ਪ੍ਰਵਾਸੀਆਂ ’ਚੋਂ ਅੱਧੇ ਤੋਂ ਵੱਧ ਉੱਤਰ ਪ੍ਰਦੇਸ਼ ਅਤੇ ਬਿਹਾਰ ਨਾਲ ਸਬੰਧਤ ਸਨ।
ਨਵੀਂ ਦਿੱਲੀ: ਰੁਜ਼ਗਾਰ ਦੀ ਭਾਲ ਵਿਚ ਦੇਸ਼ ਛੱਡ ਕੇ ਜਾਣ ਵਾਲੇ ਭਾਰਤੀ ਪ੍ਰਵਾਸੀਆਂ ਦੀ ਗਿਣਤੀ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ। ਅੰਕੜਿਆਂ ਅਨੁਸਾਰ ਪਿਛਲੇ 3 ਸਾਲਾਂ ਵਿਚ 13 ਲੱਖ ਤੋਂ ਵੱਧ ਭਾਰਤੀ ਕੰਮ ਲਈ ਵਿਦੇਸ਼ ਗਏ ਹਨ। ਸਾਲ 2020 ਵਿਚ ਦੁਨੀਆ ’ਚ ਭਾਰਤੀ ਪ੍ਰਵਾਸੀਆਂ ਦੀ ਕੁੱਲ ਗਿਣਤੀ 1 ਕਰੋੜ 79 ਲੱਖ ਤੱਕ ਪਹੁੰਚ ਗਈ। ਸੰਯੁਕਤ ਰਾਸ਼ਟਰ ਦੇ ਆਰਥਿਕ ਅਤੇ ਸਮਾਜਿਕ ਮਾਮਲਿਆਂ ਅਨੁਸਾਰ 1990 ’ਚ ਇਹ ਗਿਣਤੀ 66 ਲੱਖ ਸੀ।
ਸਰਕਾਰਾਂ ਨੂੰ ਪ੍ਰਵਾਸ ਨਾਲ ਸਬੰਧਤ ਮਸਲਿਆਂ ’ਤੇ ਸਲਾਹ ਦੇਣ ਵਾਲੀ ਸੰਯੁਕਤ ਰਾਸ਼ਟਰ ਦੀ ਏਜੰਸੀ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ ਦੀ ਤਾਜ਼ਾ ਵਿਸ਼ਵ ਪ੍ਰਵਾਸ ਰਿਪੋਰਟ ’ਚ ਲਿਖਿਆ ਗਿਆ ਹੈ ਕਿ ਜਨਮ ਤੋਂ ਦੇਸ਼ ਦੇ ਬਾਹਰ ਰਹਿਣ ਵਾਲੇ ਲੋਕਾਂ ਦੀ ਗਿਣਤੀ 1990 ’ਚ 152.9 ਮਿਲੀਅਨ ਤੋਂ 2020 ’ਚ ਲਗਭਗ ਦੁੱਗਣੀ ਹੋ ਕੇ 280.5 ਮਿਲੀਅਨ ਤੱਕ ਪਹੁੰਚ ਗਈ ਹੈ। ਇਹ ਅੰਕੜੇ ਦਰਸਾਉਂਦੇ ਹਨ ਕਿ 2020 ’ਚ ਪ੍ਰਵਾਸੀ ਭਾਰਤੀਆਂ ਦੀ ਕੁੱਲ ਗਿਣਤੀ 6.3 ਫ਼ੀਸਦੀ ਸੀ।
ਵਿਦੇਸ਼ ਮੰਤਰਾਲੇ ਵੱਲੋਂ ਲੋਕ ਸਭਾ ਵਿਚ ਦਿੱਤੇ ਗਏ ਇਕ ਜਵਾਬ ਵਿਚ ਕਿਹਾ ਗਿਆ ਸੀ ਕਿ ਰੁਜ਼ਗਾਰ ਲਈ ਦੇਸ਼ ਛੱਡ ਕੇ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਪਿਛਲੇ ਤਿੰਨ ਸਾਲਾਂ ’ਚ ਦੁੱਗਣੀ ਹੋਈ ਹੈ। 27 ਜੁਲਾਈ 2022 ਤੱਕ 13 ਲੱਖ 2 ਹਜ਼ਾਰ ਭਾਰਤੀ ਰੁਜ਼ਗਾਰ ਲਈ ਵਿਦੇਸ਼ ਗਏ ਸਨ। ਇਹ ਵੀ ਪਾਇਆ ਗਿਆ ਕਿ ਇਹਨਾਂ ਵਿਚੋਂ 1,89,206 ਭਾਰਤੀ 2020 ’ਚ ਈਸੀਆਰ ਦੇਸ਼ਾਂ ਲਈ ਰਵਾਨਾ ਹੋਏ ਸਨ, ਜਦਕਿ 2018 ’ਚ ਇਹ ਗਿਣਤੀ 94,145 ਸੀ।
ਈਸੀਆਰ ਪਾਸਪੋਰਟ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ 10ਵੀਂ ਜਮਾਤ ਤੱਕ ਵੀ ਪੜ੍ਹਾਈ ਪੂਰੀ ਨਹੀਂ ਕੀਤੀ ਹੈ ਅਤੇ ਉਹ ਹੁਨਰਮੰਦ, ਅਰਧ-ਕੁਸ਼ਲ ਅਤੇ ਅਕੁਸ਼ਲ ਕਾਮੇ ਹਨ। ਈਸੀਆਰ ਦੇਸ਼ਾਂ ’ਚ ਸੰਯੁਕਤ ਅਰਬ ਅਮੀਰਾਤ, ਬਹਿਰੀਨ, ਸਾਊਦੀ ਅਰਬ, ਮਲੇਸ਼ੀਆ, ਇਰਾਕ, ਜਾਰਡਨ, ਓਮਾਨ, ਕਤਰ ਅਤੇ ਕੁਵੈਤ ਆਦਿ ਦੇਸ਼ ਸ਼ਾਮਲ ਹਨ।
ਜੂਨ 2022 ਤੱਕ ਭਾਰਤ ਛੱਡਣ ਵਾਲੇ 1, 89,000 ਪ੍ਰਵਾਸੀਆਂ ’ਚੋਂ ਅੱਧੇ ਤੋਂ ਵੱਧ ਉੱਤਰ ਪ੍ਰਦੇਸ਼ ਅਤੇ ਬਿਹਾਰ ਨਾਲ ਸਬੰਧਤ ਸਨ। ਹਾਲਾਂਕਿ ਕੋਰੋਨਾ ਮਹਾਂਮਾਰੀ ਕਾਰਨ 2019 ਦੇ ਮੁਕਾਬਲੇ ’ਚ 2020 ’ਚ ਇਹਨਾਂ ਦੇਸ਼ਾਂ ’ਚ ਜਾਣ ਵਾਲੇ ਭਾਰਤੀਆਂ ਦੀ ਗਿਣਤੀ ’ਚ 74.3 ਫ਼ੀਸਦੀ ਦੀ ਕਮੀ ਆਈ ਹੈ।