
ਅਫ਼ਸਰਾਂ ਨੇ ਕੀਤਾ ਡਾਂਸ, ਹੈੱਡ ਗ੍ਰੰਥੀ ਵੀ ਪਾਰਟੀ 'ਚ ਪਹੁੰਚੇ
Islamabaad: ਪਾਕਿਸਤਾਨ ਦੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਕੰਪਲੈਕਸ ਵਿਚ ਬੀਤੀ ਰਾਤ ਇੱਕ ਪਾਰਟੀ ਹੋਈ। ਜਿਸ ਵਿਚ ਨਾਨ ਵੈਜ ਵੀ ਪਰੋਸਿਆ ਗਿਆ। ਇਸ ਪਾਰਟੀ ਤੋਂ ਬਾਅਦ ਪਾਕਿਸਤਾਨ ਦੀ ਪ੍ਰੋਜੈਕਟ ਮੈਨੇਜਮੈਂਟ ਯੂਨਿਟ (PMU) ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਮੁਹੰਮਦ ਅਬੂ ਬਕਰ ਆਫ਼ਤਾਬ ਕੁਰੈਸ਼ੀ ਵਿਵਾਦਾਂ ਵਿਚ ਆ ਗਏ ਹਨ। ਇਹ ਪਾਰਟੀ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰ ਤੋਂ ਵੀਹ ਫੁੱਟ ਦੀ ਦੂਰੀ 'ਤੇ ਆਯੋਜਿਤ ਕੀਤੀ ਗਈ ਸੀ।
ਸੂਤਰਾਂ ਮੁਤਾਬਕ ਇਹ ਪਾਰਟੀ 18 ਨਵੰਬਰ ਦਿਨ ਐਤਵਾਰ ਨੂੰ ਰਾਤ 8 ਵਜੇ ਸ਼ੁਰੂ ਹੋਈ। ਜਿਸ ਵਿੱਚ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਦੇ ਡੀਸੀ ਮੁਹੰਮਦ ਸ਼ਾਰੁਖ, ਪੁਲਿਸ ਅਧਿਕਾਰੀਆਂ ਸਮੇਤ ਵੱਖ-ਵੱਖ ਭਾਈਚਾਰਿਆਂ ਦੇ 80 ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਪਾਰਟੀ ਵਿੱਚ ਸ਼ਰਾਬ ਅਤੇ ਮੀਟ ਦਾ ਸੇਵਨ ਬਹੁਤ ਜ਼ਿਆਦਾ ਹੋਇਆ। ਅਧਿਕਾਰੀ ਵੀ ਸ਼ਰਾਬ ਦੇ ਨਸ਼ੇ 'ਚ ਨੱਚਦੇ ਨਜ਼ਰ ਆਏ। ਇਸ ਪਾਰਟੀ ਤੋਂ ਬਾਅਦ ਪਾਕਿਸਤਾਨ ਸਿੱਖ ਭਾਈਚਾਰੇ 'ਚ ਗੁੱਸਾ ਹੈ ਅਤੇ ਇਸ ਦਾ ਵਿਰੋਧ ਵੀ ਦਰਜ ਕਰਵਾਇਆ ਗਿਆ ਹੈ।
ਖਾਸ ਗੱਲ ਇਹ ਸੀ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੋਬਿੰਦ ਸਿੰਘ ਵੀ ਇਸ ਪਾਰਟੀ ਵਿਚ ਸ਼ਾਮਲ ਹੋਏ ਅਤੇ ਲੰਮਾ ਸਮਾਂ ਪਾਰਟੀ ਵਿਚ ਰਹੇ। ਉਸ ਦੀ ਮੌਜੂਦਗੀ ਵਿਚ ਇਹ ਸਭ ਵਾਪਰਨ ਤੋਂ ਬਾਅਦ ਸਿੱਖ ਕੌਮ ਵਿਚ ਰੋਸ ਹੈ। ਇੰਨਾ ਹੀ ਨਹੀਂ ਇਸ ਪਾਰਟੀ ਵਿਚ ਕਰਤਾਰਪੁਰ ਲਾਂਘੇ ਦੇ ਰਾਜਦੂਤ ਰਹੇ ਰਮੇਸ਼ ਸਿੰਘ ਅਰੋੜਾ ਵੀ ਮੌਜੂਦ ਸਨ।
ਇਸ ਦੌਰਾਨ ਮਹਿਮਾਨ ਅਤੇ ਮੇਜ਼ਬਾਨ ਸਈਅਦ ਅਬੂ ਬਕਰ ਕੁਰੈਸ਼ੀ ਪਹਿਲੀ ਕਤਾਰ ਵਿਚ ਡਾਂਸ ਦਾ ਆਨੰਦ ਲੈਂਦੇ ਨਜ਼ਰ ਆਏ। ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿਚ ਰਾਵੀ ਦਰਿਆ ਦੇ ਨੇੜੇ ਸਥਿਤ ਹੈ। ਇਸ ਦਾ ਇਤਿਹਾਸ 500 ਸਾਲ ਤੋਂ ਵੱਧ ਪੁਰਾਣਾ ਹੈ। ਇਸ ਮਾਮਲੇ ਨੂੰ ਲੈ ਕੇ ਭਾਜਪਾ ਆਗੂ ਮਨਜਿੰਦਰ ਸਿਰਸਾ ਦਾ ਬਿਆਨ ਵੀ ਸਾਹਮਣੇ ਆਇਆ ਹੈ।
ਉਹਨਾਂ ਨੇ ਕਿਹਾ ਕਿ ਮੈਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਪਵਿੱਤਰ ਅਸਥਾਨ ਦੇ ਅੰਦਰ ਸ਼ਰਾਬ ਅਤੇ ਮੀਟ ਦੀ ਵਰਤੋਂ ਨਾਲ ਜੁੜੀ ਬੇਅਦਬੀ ਦੀ ਘਟਨਾ ਦੀ ਸਖ਼ਤ ਨਿੰਦਾ ਕਰਦਾ ਹਾਂ। ਇਹ ਖ਼ਾਸ ਤੌਰ 'ਤੇ ਨਿਰਾਸ਼ਾਜਨਕ ਹੈ ਕਿ ਕਰਤਾਰਪੁਰ ਗੁਰਦੁਆਰਾ ਕਮੇਟੀ ਪ੍ਰਸ਼ਾਸਨ ਵੀ ਇਸ ਵਿਚ ਸ਼ਾਮਲ ਸੀ। ਉਹਨਾਂ ਨੇ ਕਿਹਾ ਕਿ ਸਾਰੇ ਜ਼ਿੰਮੇਵਾਰ ਲੋਕਾਂ ਖਿਲਾਫ਼ ਪੂਰੀ ਅਤੇ ਤੇਜ਼ ਕਾਰਵਾਈ ਲਈ ਪਾਕਿਸਤਾਨ ਸਰਕਾਰ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਵੱਲੋਂ ਘੱਟ ਗਿਣਤੀਆਂ ਦੇ ਵਿਸ਼ਵਾਸ ਨੂੰ ਲਗਾਤਾਰ ਕਮਜ਼ੋਰ ਨਹੀਂ ਕੀਤਾ ਜਾਣਾ ਚਾਹੀਦਾ।