
ਛੋਟੇ ਕਰਜ਼ ਦੇ ਕੇ ਵਸੂਲਦੇ ਸਨ ਵੱਡਾ ਵਿਆਜ, ਨਾ ਦੇਣ ’ਤੇ ਦੋਸਤਾਂ-ਰਿਸ਼ਤੇਦਾਰਾਂ ’ਚ ਹੁੰਦੀ ਸੀ ਬਦਨਾਮੀ
ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕੋਵਿਡ-19 ਮਹਾਂਮਾਰੀ ਦੌਰਾਨ ‘ਵਜ਼ੀਰਐਕਸ’ ਕ੍ਰਿਪਟੋਕਰੰਸੀ ਪਲੇਟਫਾਰਮ ਰਾਹੀਂ ਕਥਿਤ ਤੌਰ ’ਤੇ ਕਰਜ਼ਾ ਐਪਸ ਰਾਹੀਂ ਧੋਖਾਧੜੀ ਕਰਨ ਅਤੇ ਅਪਰਾਧ ਦੀ ਰਕਮ ਨੂੰ ਲਾਂਡਰ ਕਰਨ ਦੇ ਦੋਸ਼ ’ਚ ਮੰਗਲਵਾਰ ਨੂੰ ਦੋ ਚੀਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਫੈਡਰਲ ਇਨਵੈਸਟੀਗੇਸ਼ਨ ਏਜੰਸੀ ਨੇ ਇਹ ਜਾਣਕਾਰੀ ਦਿਤੀ।
ਈ.ਡੀ. ਨੇ ਇਕ ਬਿਆਨ ਵਿਚ ਕਿਹਾ ਕਿ 13 ਨਵੰਬਰ ਨੂੰ ਜ਼ਿਆਓ ਯਾ ਮਾਓ ਅਤੇ ਵੂ ਯੁਆਨਲੁਨ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐਮ.ਐਲ.ਏ.) ਦੀਆਂ ਧਾਰਾਵਾਂ ਤਹਿਤ ਤਾਮਿਲਨਾਡੂ ਦੇ ਤਿਰੂਚਿਰਾਪੱਲੀ ਤੋਂ ਹਿਰਾਸਤ ਵਿਚ ਲਿਆ ਗਿਆ ਸੀ। ਅਦਾਲਤ ਨੇ ਦੋਹਾਂ ਨੂੰ 29 ਨਵੰਬਰ ਤਕ ਨਿਆਂਇਕ ਹਿਰਾਸਤ ’ਚ ਭੇਜ ਦਿਤਾ ਹੈ।
ਇਹ ਜਾਂਚ ਚੀਨੀ ਨਾਗਰਿਕਾਂ ਵਲੋਂ ਸੰਚਾਲਿਤ ਡਿਜੀਟਲ ਲੋਨ ਐਪਸ ਵਿਰੁਧ ਦਰਜ ਕੀਤੇ ਗਏ ਕੇਸ ਨਾਲ ਸਬੰਧਤ ਹੈ ਜੋ ਵੱਖ-ਵੱਖ ਮੋਬਾਈਲ ਐਪਲੀਕੇਸ਼ਨਾਂ ਰਾਹੀਂ ਥੋੜ੍ਹੀ ਮਿਆਦ ਦੇ ਤੁਰਤ ਕਰਜ਼ੇ ਵੰਡਣ ਅਤੇ ਲੋਕਾਂ ਤੋਂ ਉੱਚ ਵਿਆਜ ਦਰ ਵਸੂਲਣ ’ਚ ਸ਼ਾਮਲ ਸਨ।
ਈ.ਡੀ. ਮੁਤਾਬਕ ਇਸ ਲੋਨ ਕਾਰੋਬਾਰ ਤੋਂ ਪ੍ਰਾਪਤ ਫੰਡ ਬਾਅਦ ’ਚ ‘ਕ੍ਰਿਪਟੋ ਟ੍ਰੇਡਿੰਗ’ ਦੇ ‘ਵਜ਼ੀਰਐਕਸ’ ਮੰਚ ਰਾਹੀਂ ਭੇਜੇ ਗਏ ਅਤੇ ਹਾਂਗਕਾਂਗ ਸਮੇਤ ਦੇਸ਼ ਤੋਂ ਬਾਹਰ ਵੱਖ-ਵੱਖ ਅਜਿਹੇ (ਕ੍ਰਿਪਟੋਕਰੰਸੀ) ‘ਵਾਲੇਟ’ ਰਾਹੀਂ ਕਢਵਾਏ ਗਏ। ਪੁਲਿਸ ਸ਼ਿਕਾਇਤ ਅਨੁਸਾਰ ਸ਼ਿਕਾਇਤਕਰਤਾਵਾਂ ਨੇ ਅਪਣੇ ਮੋਬਾਈਲ ਫੋਨ ’ਤੇ ਐਪ ਡਾਊਨਲੋਡ ਕਰਨ ਤੋਂ ਬਾਅਦ 5,000 ਰੁਪਏ ਤੋਂ 10,000 ਰੁਪਏ ਤਕ ਦੇ ਕਰਜ਼ੇ ਲਈ ਅਰਜ਼ੀ ਦਿਤੀ ਸੀ। ਸ਼ਿਕਾਇਤਕਰਤਾਵਾਂ ਤੋਂ ਉਨ੍ਹਾਂ ਦੀ ਸਾਰੀ ਨਿੱਜੀ ਜਾਣਕਾਰੀ ਮੰਗੀ ਗਈ ਸੀ।
ਈ.ਡੀ. ਨੇ ਪਾਇਆ ਕਿ ਕਰਜ਼ਾ ਵਾਪਸ ਕਰਨ ’ਚ ਅਸਫਲ ਰਹਿਣ ਕਾਰਨ ਪੀੜਤਾਂ ਨੂੰ ਪਿਛਲੇ ਕਰਜ਼ੇ ਵਾਪਸ ਕਰਨ ਲਈ ਹੋਰ ਐਪਸ ਤੋਂ ਨਵੇਂ ਕਰਜ਼ੇ ਲੈਣ ਲਈ ਮਜਬੂਰ ਕੀਤਾ ਗਿਆ ਅਤੇ ਇਸ ਤਰ੍ਹਾਂ ਉਹ ਇਸ ਜਾਲ ’ਚ ਫਸ ਗਏ।
ਜਾਂਚ ਵਿਚ ਪਾਇਆ ਗਿਆ ਕਿ ਇਨ੍ਹਾਂ ਚੀਨੀ ਏਜੰਟਾਂ ਨੇ ਕਰਜ਼ਾ ਲੈਣ ਵਾਲਿਆਂ ਦੇ ਪਰਵਾਰ ਅਤੇ ਦੋਸਤਾਂ ਨੂੰ ਫ਼ੋਨ ਕਰ ਕੇ ਉਨ੍ਹਾਂ ਨੂੰ ਅਪਮਾਨਜਨਕ ਭਾਸ਼ਾ ਵਿਚ ਗਾਲ੍ਹਾਂ ਕੱਢੀਆਂ। ਈ.ਡੀ. ਨੇ ਕਿਹਾ ਕਿ ਕਰਜ਼ਾ ਲੈਣ ਵਾਲਿਆਂ ਦੀਆਂ ਤਸਵੀਰਾਂ ਨੂੰ ਵੀ ਇਸ ਬਹਾਨੇ ਨਾਲ ਛੇੜਛਾੜ ਅਤੇ ਬਲੈਕਮੇਲ ਕੀਤਾ ਗਿਆ ਸੀ ਕਿ ਫੋਟੋਆਂ ਵੱਖ-ਵੱਖ ਸੋਸ਼ਲ ਮੀਡੀਆ ਮੰਚਾਂ ’ਤੇ ਸਾਂਝੀਆਂ ਕੀਤੀਆਂ ਜਾਣਗੀਆਂ।