
ਵਿਰੋਧੀ ਧਿਰ ਚੋਣਾਂ ਨੂੰ ਪ੍ਰਭਾਵਤ ਕਰਨ ਲਈ ਬੇਤੁਕੇ ਦੋਸ਼ ਲਗਾ ਰਹੀ ਹੈ : ਭਾਜਪਾ
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮਹਾਰਾਸ਼ਟਰ ਦੇ ਪਾਲਘਰ ’ਚ ਅਪਣੇ ਇਕ ਸੀਨੀਅਰ ਲੀਡਰ ਵਲੋਂ ਵੋਟਰਾਂ ’ਚ ਨਕਦੀ ਵੰਡਣ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਦਾਅਵਾ ਕੀਤਾ ਕਿ ਵਿਰੋਧੀ ਧੜਾ ਵਿਧਾਨ ਸਭਾ ਚੋਣਾਂ ’ਚ ਅਪਣੀ ਹਾਰ ਦਾ ਅੰਦਾਜ਼ਾ ਲਗਾਉਣ ’ਤੇ ਅਜਿਹੇ ਬੇਤੁਕੇ ਦੋਸ਼ਾਂ ਨਾਲ ਚੋਣਾਂ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਬਹੁਜਨ ਵਿਕਾਸ ਅਘਾੜੀ (ਬੀ.ਵੀ.ਏ.) ਦੇ ਮੁਖੀ ਹਿਤੇਂਦਰ ਠਾਕੁਰ ਨੇ ਭਾਜਪਾ ਜਨਰਲ ਸਕੱਤਰ ਵਿਨੋਦ ਤਾਵੜੇ ’ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਇਕ ਦਿਨ ਪਹਿਲਾਂ ਪਾਲਘਰ ’ਚ ਵੋਟਰਾਂ ਨੂੰ 5 ਕਰੋੜ ਰੁਪਏ ਵੰਡਣ ਦਾ ਦੋਸ਼ ਲਾਇਆ ਸੀ।
ਭਾਜਪਾ ਦੇ ਕੌਮੀ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਠਾਕੁਰ ਦੇ ਦੋਸ਼ਾਂ ਨੂੰ ਹਾਸੋਹੀਣਾ, ਬੇਬੁਨਿਆਦ ਅਤੇ ਬਕਵਾਸ ਕਰਾਰ ਦਿਤਾ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਧੜਾ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਅਪਣੀ ਹਾਰ ਦਾ ਅਹਿਸਾਸ ਹੋਣ ਤੋਂ ਬਾਅਦ ਨਿਰਾਸ਼ਾ ’ਚ ਅਜਿਹੇ ਦੋਸ਼ ਲਗਾ ਰਿਹਾ ਹੈ।
ਤ੍ਰਿਵੇਦੀ ਨੇ ਕਿਹਾ ਕਿ ਉਹ ਸੀਨੀਅਰ ਭਾਜਪਾ ਲੀਡਰ ’ਤੇ ਅਜਿਹੇ ‘ਤਰਕਹੀਣ ਅਤੇ ਬੇਤੁਕੇ’ ਦੋਸ਼ ਲਗਾ ਕੇ ਚੋਣਾਂ ਨੂੰ ਪ੍ਰਭਾਵਤ ਕਰਨ ਦੀ ਆਖਰੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਉਨ੍ਹਾਂ ਦੇ ਇਰਾਦਿਆਂ ਨੂੰ ਸਮਝ ਚੁਕੇ ਹਨ ਅਤੇ ਉਹ ਮਹਾਰਾਸ਼ਟਰ ਅਤੇ ਝਾਰਖੰਡ ਦੀਆਂ ਵਿਧਾਨ ਸਭਾ ਚੋਣਾਂ ਅਤੇ ਹੋਰ ਸੂਬਿਆਂ ਦੀਆਂ ਜ਼ਿਮਨੀ ਚੋਣਾਂ ਦੌਰਾਨ ਉਨ੍ਹਾਂ ਨੂੰ ਕਰਾਰਾ ਜਵਾਬ ਦੇਣਗੇ।
ਤ੍ਰਿਵੇਦੀ ਨੇ ਕਿਹਾ ਕਿ ਤਾਵੜੇ ਹੋਟਲ ’ਚ ਪਾਰਟੀ ਵਰਕਰਾਂ ਨਾਲ ਚੋਣ ਤਿਆਰੀਆਂ ’ਤੇ ਚਰਚਾ ਕਰਨ ਲਈ ਇਕ ਅੰਦਰੂਨੀ ਸੰਗਠਨਾਤਮਕ ਬੈਠਕ ’ਚ ਸ਼ਾਮਲ ਹੋਣ ਗਏ ਸਨ, ਜਦੋਂ ਬੀ.ਵੀ.ਏ. ਉਮੀਦਵਾਰ ਅਚਾਨਕ ਉੱਥੇ ਪਹੁੰਚੇ ਅਤੇ ਵਿਵਾਦ ਪੈਦਾ ਕਰਨਾ ਸ਼ੁਰੂ ਕਰ ਦਿਤਾ। ਉਨ੍ਹਾਂ ਕਿਹਾ, ‘‘ਮੈਂ ਪੁੱਛਣਾ ਚਾਹੁੰਦਾ ਹਾਂ ਕਿ ਵਿਰੋਧੀ ਪਾਰਟੀ ਦੇ ਉਮੀਦਵਾਰ ਉੱਥੇ ਕੀ ਕਰਨ ਆਏ ਸਨ? ਜੇ ਕਿਤੇ ਉਨ੍ਹਾਂ ਦੀ ਕਲਪਨਾ ਦੀ ਕੋਈ ਘਟਨਾ ਵਾਪਰ ਰਹੀ ਸੀ, ਤਾਂ ਉਨ੍ਹਾਂ ਨੂੰ ਮੌਕੇ ’ਤੇ ਹੋਣਾ ਚਾਹੀਦਾ ਸੀ।’’
ਉਨ੍ਹਾਂ ਕਿਹਾ ਕਿ ਤਾਵੜੇ ਨੇ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਦੋਸ਼ਾਂ ਦੀ ਪੁਸ਼ਟੀ ਕਰਨ ਲਈ ਉਕਤ ਹੋਟਲ ਦੇ ਅੰਦਰ ਅਤੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾਵੇ।
ਮੁੰਬਈ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀ.ਵੀ.ਏ. ਵਿਧਾਇਕ ਠਾਕੁਰ ਨੇ ਕਿਹਾ, ‘‘ਕੁੱਝ ਭਾਜਪਾ ਲੀਡਰਾਂ ਨੇ ਮੈਨੂੰ ਦਸਿਆ ਕਿ ਪਾਰਟੀ ਦੇ ਜਨਰਲ ਸਕੱਤਰ ਤਾਵੜੇ ਵੋਟਰਾਂ ਨੂੰ ਪ੍ਰਭਾਵਤ ਕਰਨ ਲਈ 5 ਕਰੋੜ ਰੁਪਏ ਵੰਡਣ ਲਈ ਵਿਰਾਰ ਆਏ ਸਨ। ਮੈਂ ਸੋਚਿਆ ਕਿ ਉਨ੍ਹਾਂ ਵਰਗਾ ਕੌਮੀ ਲੀਡਰ ਇੰਨਾ ਛੋਟਾ ਕੰਮ ਨਹੀਂ ਕਰੇਗਾ। ਪਰ ਮੈਂ ਉਨ੍ਹਾਂ ਨੂੰ ਇੱਥੇ ਵੇਖਿਆ। ਮੈਂ ਚੋਣ ਕਮਿਸ਼ਨ ਨੂੰ ਅਪੀਲ ਕਰਦਾ ਹਾਂ ਕਿ ਉਹ ਉਨ੍ਹਾਂ ਅਤੇ ਭਾਜਪਾ ਵਿਰੁਧ ਕਾਰਵਾਈ ਕਰੇ।’’
ਭਾਜਪਾ ਨੇ ਠਾਕੁਰ ’ਤੇ ਝੂਠੇ ਦੋਸ਼ ਲਗਾਉਣ ਲਈ ਉਨ੍ਹਾਂ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ 5 ਕਰੋੜ ਰੁਪਏ ਕੋਈ ਅਜਿਹੀ ਚੀਜ਼ ਨਹੀਂ ਹੈ ਜੋ ਕੋਈ ਅਪਣੀ ਜੇਬ ’ਚ ਰੱਖ ਸਕਦਾ ਹੈ। ਭਾਜਪਾ ਦੇ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਪਾਰਟੀ ਹੈੱਡਕੁਆਰਟਰ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਕੁੱਝ ਤਾਂ ਦਿਸਣਾ ਚਾਹੀਦਾ ਹੈ। ਇਸ ਨੂੰ ਵਿਖਾਓ, ਹਵਾ ਵਿਚ ਦੋਸ਼ ਨਾ ਲਗਾਓ।’’
ਤ੍ਰਿਵੇਦੀ ਨੇ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਦੀ ਵੀ ਆਲੋਚਨਾ ਕੀਤੀ ਅਤੇ ਉਨ੍ਹਾਂ ’ਤੇ ਇਸ ਮਾਮਲੇ ’ਤੇ ਬੇਬੁਨਿਆਦ ਦੋਸ਼ ਲਗਾਉਣ ਦਾ ਦੋਸ਼ ਲਾਇਆ। ਇਸ ਮੁੱਦੇ ’ਤੇ ਰਾਹੁਲ ਗਾਂਧੀ ਦੀ ‘ਐਕਸ’ ਪੋਸਟ ’ਤੇ ਨਿਸ਼ਾਨਾ ਲਾਉਂਦੇ ਹੋਏ ਭਾਜਪਾ ਲੀਡਰ ਨੇ ਕਿਹਾ, ‘‘ਜਦੋਂ ਨਕਦੀ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਣ ਦੀ ਗੱਲ ਆਉਂਦੀ ਹੈ ਤਾਂ ਕਾਂਗਰਸ ਅਤੇ ਰਾਹੁਲ ਗਾਂਧੀ ਤੋਂ ਬਿਹਤਰ ਕੋਈ ਨਹੀਂ ਦੱਸ ਸਕਦਾ।’’
ਰਾਹੁਲ ਗਾਂਧੀ ਦੇ ਦੋਸ਼ਾਂ ਬਾਰੇ ਪੁੱਛੇ ਜਾਣ ’ਤੇ ਭਾਜਪਾ ਬੁਲਾਰੇ ਨੇ ਕਿਹਾ ਕਿ ਜਿਹੜੇ ਲੋਕ ਅਜਿਹੀਆਂ ਗਤੀਵਿਧੀਆਂ ’ਚ ਦਿਲਚਸਪੀ ਰਖਦੇ ਹਨ ਅਤੇ ਇਨ੍ਹਾਂ ਗਤੀਵਿਧੀਆਂ ’ਚ ਮੁਹਾਰਤ ਹਾਸਲ ਕਰ ਚੁਕੇ ਹਨ, ਉਹ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।