
ਕਿਹਾ ਕਿ ਅਜਿਹਾ ਕਰਨਾ 'ਬਹੁਤ ਵੱਡਾ ਅਪਰਾਧ' ਹੋਵੇਗਾ
ਨਵੀਂ ਦਿੱਲੀ - ਭਾਜਪਾ ਆਗੂ ਅਤੇ ਬਿਹਾਰ ਦੇ ਸਾਬਕਾ ਉਪ-ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਕੁਝ ਰਾਜਾਂ ਵਲੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੇ ਐਲਾਨ ਨੂੰ 'ਅਨੈਤਿਕ' ਕਰਾਰ ਦਿੰਦਿਆਂ ਕਿਹਾ, ਕਿ ਅੱਜ ਤਾਂ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਪਰ ਸਾਲ 2034 ਵਿੱਚ ਉਨ੍ਹਾਂ ਦੀ ਹਾਲਤ ਸ਼੍ਰੀਲੰਕਾ ਵਰਗੀ ਹੋ ਜਾਵੇਗੀ।
ਰਾਜ ਸਭਾ ਵਿੱਚ ਗਰਾਂਟਾਂ ਲਈ ਪੂਰਕ ਮੰਗਾਂ 'ਤੇ ਚਰਚਾ ਵਿੱਚ ਹਿੱਸਾ ਲੈਂਦੇ ਹੋਏ, ਭਾਜਪਾ ਮੈਂਬਰ ਨੇ ਪੁਰਾਣੀ ਪੈਨਸ਼ਨ ਪ੍ਰਣਾਲੀ ਨੂੰ ਬਹਾਲ ਕਰਨ ਦਾ ਐਲਾਨ ਕਰਨ ਵਾਲੇ ਰਾਜਾਂ ਨੂੰ ਕਿਹਾ ਕਿ ਉਨ੍ਹਾਂ ਦੁਆਰਾ ਅੱਜ ਦਾ ਬੋਝ ਭਵਿੱਖ ਦੀ ਪੀੜ੍ਹੀ 'ਤੇ ਪਾਉਣਾ ਇੱਕ 'ਬਹੁਤ ਵੱਡਾ ਅਪਰਾਧ' ਹੋਵੇਗਾ।
ਜ਼ਿਕਰਯੋਗ ਹੈ ਕਿ ਕਾਂਗਰਸ ਸ਼ਾਸਤ ਛੱਤੀਸਗੜ੍ਹ ਅਤੇ ਰਾਜਸਥਾਨ 'ਚ ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਕਰ ਦਿੱਤੀ ਗਈ ਹੈ ਜਦਕਿ ਹਿਮਾਚਲ ਪ੍ਰਦੇਸ਼ 'ਚ ਇਸ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਹੈ। ਪੰਜਾਬ 'ਚ ਵੀ ਇਹ ਵਿਵਸਥਾ ਬਹਾਲ ਹੈ।
ਸੁਸ਼ੀਲ ਮੋਦੀ ਨੇ ਕਿਹਾ ਕਿ ਦੇਸ਼ ਉਦੋਂ ਹੀ ਤਰੱਕੀ ਕਰੇਗਾ ਜਦੋਂ ਸੂਬੇ ਅੱਗੇ ਵਧਣਗੇ, ਪਰ ਪਿਛਲੇ ਕੁਝ ਦਿਨਾਂ ਤੋਂ ਦੇਸ਼ ਦੇ ਕਈ ਰਾਜਾਂ ਵਿੱਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਐਲਾਨ ਕੀਤਾ ਜਾ ਰਿਹਾ ਹੈ।
ਉਸ ਨੇ ਕਿਹਾ, "ਪੁਰਾਣੀ ਪੈਨਸ਼ਨ ਸਕੀਮ 'ਤੇ ਵਾਪਸ ਜਾਣਾ ਸ਼ਰਮਨਾਕ, ਗ਼ੈਰ-ਸਿਧਾਂਤਕ ਅਤੇ ਅਨੈਤਿਕ ਹੋਵੇਗਾ ਕਿਉਂਕਿ ਇਸ ਨਾਲ ਭਵਿੱਖ ਦੀਆਂ ਸਰਕਾਰਾਂ ਲਈ ਮਹੱਤਵਪੂਰਨ ਦੇਣਦਾਰੀਆਂ ਪੈਦਾ ਹੋਣਗੀਆਂ, ਜਿਸ ਨਾਲ ਉਨ੍ਹਾਂ ਦੀ ਆਰਥਿਕ ਕਾਰਗੁਜ਼ਾਰੀ 'ਤੇ ਮਾਰੂ ਅਸਰ ਪਵੇਗਾ।"
ਮੋਦੀ ਨੇ ਕਿਹਾ ਕਿ ਆਉਣ ਵਾਲੀ ਪੀੜ੍ਹੀ ਲਈ ਬੋਝ ਛੱਡਣਾ ਕਦੇ ਵੀ ਉਚਿਤ ਨਹੀਂ ਹੋਵੇਗਾ।
ਉਸ ਨੇ ਕਿਹਾ, ''ਅੱਜ ਤੁਹਾਨੂੰ ਕੋਈ ਦਿੱਕਤ ਨਹੀਂ ਹੋਵੇਗੀ ਪਰ 2034 'ਚ ਜੋ ਸਰਕਾਰ ਆਵੇਗੀ, ਉਸ ਦੀ ਅਰਥਵਿਵਸਥਾ ਤਬਾਹ ਹੋ ਜਾਵੇਗੀ। ਅਤੇ ਭਾਰਤ ਦੇ ਕਈ ਰਾਜ ਅਜਿਹੇ ਹੋਣਗੇ, ਜਿਨ੍ਹਾਂ ਦੀ ਹਾਲਤ ਸ਼੍ਰੀਲੰਕਾ ਵਰਗੀ ਹੋ ਜਾਵੇਗੀ।"
ਉਸ ਨੇ ਅੱਗੇ ਕਿਹਾ, “ਇਸ ਲਈ ਮੈਂ ਅਪੀਲ ਕਰਾਂਗਾ ਕਿ ਪੁਰਾਣੀ ਪੈਨਸ਼ਨ ਸਕੀਮ ਦੇ ਭੂਤ ਨੂੰ ਨਾ ਜਗਾਓ। ਇਹ ਬਹੁਤ ਵੱਡਾ ਖ਼ਤਰਾ ਹੈ। ਅਸੀਂ ਪੂਰੇ ਦੇਸ਼ ਨੂੰ ਮੁਸੀਬਤ ਵਿੱਚ ਪਾ ਦਿਆਂਗੇ।"
ਮੋਦੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ ਦੇਸ਼ ਵਿੱਚ ਪੁਰਾਣੀ ਪੈਨਸ਼ਨ ਸਕੀਮ ਦੀ ਥਾਂ ਨਵੀਂ ਪੈਨਸ਼ਨ ਸਕੀਮ ਸ਼ੁਰੂ ਕੀਤੀ ਗਈ ਸੀ, ਉਸ ਸਮੇਂ ਸਾਰੇ ਸੂਬਿਆਂ ਨੂੰ ਇੱਕ ਮੰਚ 'ਤੇ ਲਿਆਉਣ ਦਾ ਕੰਮ ਕੀਤਾ ਗਿਆ ਸੀ।
ਉਸ ਨੇ ਕਿਹਾ ਕਿ ਇਸ ਵੇਲੇ ਰਾਜਾਂ ਅਤੇ ਕੇਂਦਰ ਵੱਲੋਂ ਹਰ ਸਾਲ, 5 ਲੱਖ 76 ਹਜ਼ਾਰ ਕਰੋੜ ਰੁਪਏ ਦਾ ਭੁਗਤਾਨ ਸਿਰਫ਼ ਪੈਨਸ਼ਨ ਵਜੋਂ ਕੀਤਾ ਜਾ ਰਿਹਾ ਹੈ।
ਉਸ ਨੇ ਕਿਹਾ, “ਹਿਮਾਚਲ ਪ੍ਰਦੇਸ਼ ਆਪਣੇ ਕੁੱਲ ਮਾਲੀਏ ਦਾ 80 ਪ੍ਰਤੀਸ਼ਤ ਸਿਰਫ਼ ਪੈਨਸ਼ਨ 'ਤੇ ਖ਼ਰਚ ਕਰਦਾ ਹੈ। ਬਿਹਾਰ ਦਾ 60 ਫ਼ੀਸਦੀ ਅਤੇ ਪੰਜਾਬ ਦਾ 34 ਫ਼ੀਸਦੀ ਖ਼ਰਚਾ ਪੈਨਸ਼ਨ 'ਤੇ ਹੁੰਦਾ ਹੈ। ਜੇਕਰ ਆਮਦਨ ਅਤੇ ਵਿਆਜ ਨੂੰ ਜੋੜਿਆ ਜਾਵੇ, ਤਾਂ ਰਾਜਾਂ ਕੋਲ ਕੁਝ ਵੀ ਨਹੀਂ ਬਚੇਗਾ।"
ਉਸ ਨੇ ਸੂਬਿਆਂ ਨੂੰ ਅਪੀਲ ਕੀਤੀ ਕਿ ਉਹ ਅੱਜ ਦਾ ਬੋਝ ਆਉਣ ਵਾਲੀਆਂ ਪੀੜ੍ਹੀਆਂ 'ਤੇ ਨਾ ਪਾਉਣ।
ਉਸ ਨੇ ਕਿਹਾ ਕਿ ਅਜਿਹਾ ਕਰਨਾ ਬਹੁਤ ਵੱਡਾ ਅਪਰਾਧ ਹੋਵੇਗਾ।