
ਸਿਵਾਨ ਜ਼ਿਲ੍ਹੇ 'ਚ 6 ਅਤੇ ਬੇਗੂਸਰਾਏ 'ਚ 2 ਮੌਤਾਂ
ਪਟਨਾ - ਬਿਹਾਰ ਦੇ ਸਾਰਨ ਜ਼ਿਲ੍ਹੇ ਵਿੱਚ ਵਾਪਰੀ ਜ਼ਹਿਰੀਲੀ ਸ਼ਰਾਬ ਤ੍ਰਾਸਦੀ (ਜਿਸ 'ਚ 30 ਲੋਕਾਂ ਦੀ ਮੌਤ ਹੋ ਗਈ) ਤੋਂ ਬਾਅਦ ਹੁਣ ਸੂਬੇ ਦੇ ਦੋ ਹੋਰ ਜ਼ਿਲ੍ਹਿਆਂ ਵਿੱਚ ਕਥਿਤ ਤੌਰ 'ਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ 8 ਹੋਰ ਲੋਕਾਂ ਦੀ ਮੌਤ ਹੋ ਗਈ ਹੈ।
ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਸਾਰਨ ਨਾਲ ਲੱਗਦੇ ਸਿਵਾਨ ਜ਼ਿਲ੍ਹੇ 'ਚ ਛੇ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਬੇਗੂਸਰਾਏ 'ਚ ਕਥਿਤ ਤੌਰ 'ਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਦੋ ਹੋਰਾਂ ਦੀ ਮੌਤ ਹੋ ਗਈ।
ਬਿਨਾਂ ਪੁਸ਼ਟੀ ਦੀਆਂ ਰਿਪੋਰਟਾਂ ਦਾ ਦਾਅਵਾ ਹੈ ਕਿ ਸਾਰਨ ਜ਼ਿਲ੍ਹੇ ਵਿੱਚ ਗ਼ੈਰ-ਕਨੂੰਨੀ ਤੌਰ 'ਤੇ ਬਣੀ ਦੇਸੀ ਸ਼ਰਾਬ ਪੀਣ ਨਾਲ 60 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਹੁਣ ਤੱਕ 30 ਮੌਤਾਂ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਹੋ ਸਕੀ ਹੈ।
ਸਿਵਾਨ ਜ਼ਿਲ੍ਹੇ ਦੇ ਭਗਵਾਨਪੁਰ ਡਿਵੀਜ਼ਨ ਵਿੱਚ ਵੀਰਵਾਰ ਤੋਂ ਹੁਣ ਤੱਕ ਹੋਈਆਂ ਛੇ ਮੌਤਾਂ ਦੇ ਸਬੰਧ ਵਿੱਚ ਉਪ-ਮੰਡਲ ਮੈਜਿਸਟਰੇਟ ਸੰਜੇ ਕੁਮਾਰ ਨੇ ਕਿਹਾ ਕਿ ਪ੍ਰਸ਼ਾਸਨ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੰਜੇ ਨੇ ਕਿਹਾ ਕਿ ਅਸੀਂ ਸ਼ਰਾਬ ਦੀ ਵਿਕਰੀ ਅਤੇ ਖਰੀਦ ਵਿੱਚ ਸ਼ਾਮਲ ਲੋਕਾਂ ਨੂੰ ਫ਼ੜਨ ਲਈ ਇਲਾਕੇ ਵਿੱਚ ਛਾਪੇਮਾਰੀ ਵੀ ਕਰ ਰਹੇ ਹਾਂ।
ਬੇਗੂਸਰਾਏ ਦੇ ਡਿਪਟੀ ਸੁਪਰਡੈਂਟ ਆਫ਼ ਪੁਲਿਸ ਚੰਦਰਮੋਹਨ ਪ੍ਰਸਾਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਤੇਘੜਾ ਡਿਵੀਜ਼ਨ ਵਿੱਚ ਕਿਸੇ ਜ਼ਹਿਰੀਲੇ ਰਸਾਇਣ ਦਾ ਸੇਵਨ ਕਰਨ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
ਬਿਹਾਰ ਵਿੱਚ ਨਿਤੀਸ਼ ਕੁਮਾਰ ਸਰਕਾਰ ਨੇ ਅਪ੍ਰੈਲ 2016 ਵਿੱਚ ਸ਼ਰਾਬ ਦੀ ਵਿਕਰੀ ਅਤੇ ਸੇਵਨ 'ਤੇ ਪਾਬੰਦੀ ਲਗਾ ਦਿੱਤੀ ਸੀ। ਉੱਧਰ, ਸ਼ਰਾਬ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਬਾਵਜੂਦ ਸੂਬੇ ਵਿੱਚ ਸ਼ਰਾਬ ਦੀ ਤਸਕਰੀ ਜਾਰੀ ਹੈ।
ਮੁਜ਼ੱਫ਼ਰਪੁਰ ਜ਼ਿਲ੍ਹੇ ਦੇ ਸਦਰ ਥਾਣਾ ਖੇਤਰ 'ਚ ਪੁਲਿਸ ਨੇ ਸ਼ਨੀਵਾਰ ਤੜਕੇ ਇੱਕ ਟਰੱਕ 'ਚੋਂ ਸ਼ਰਾਬ ਦੀਆਂ ਕਈ ਪੇਟੀਆਂ ਬਰਾਮਦ ਕੀਤੀਆਂ। ਪੇਟੀਆਂ ਨੂੰ ਲੱਕੜ ਦੇ ਤਖ਼ਤਿਆਂ ਹੇਠ ਲੁਕੋਇਆ ਹੋਇਆ ਸੀ।
ਸਾਰਨ ਨਾਲ ਸਰਹੱਦ ਸਾਂਝੀ ਕਰਦੇ ਸਿਵਾਨ ਜ਼ਿਲ੍ਹੇ ਦੇ ਬ੍ਰਹਮਸਥਾਨ ਪਿੰਡ ਵਿੱਚ ਸ਼ੁੱਕਰਵਾਰ ਨੂੰ ਚਾਰ ਲੋਕਾਂ ਦੀ ਮੌਤ ਹੋ ਗਈ, ਪਰ ਵੀਰਵਾਰ ਨੂੰ ਸੋਂਧਨੀ ਪਿੰਡ ਵਿੱਚ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ। ਸਾਰਨ ਜ਼ਿਲ੍ਹੇ ਦੇ ਇੱਕ ਹੋਰ ਵਿਅਕਤੀ ਦੀ ਵੀ ਸ਼ੁੱਕਰਵਾਰ ਨੂੰ ਸਿਵਾਨ ਵਿੱਚ ਮੌਤ ਹੋ ਗਈ।
ਬਿਹਾਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਿਜੇ ਕੁਮਾਰ ਸਿਨਹਾ, ਜਿਨ੍ਹਾਂ ਨੇ ਵੀਰਵਾਰ ਨੂੰ ਸਾਰਨ ਵਿੱਚ ਪ੍ਰਭਾਵਿਤ ਮਸ਼ਰਕ ਬਲਾਕ ਦਾ ਦੌਰਾ ਕੀਤਾ, ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ 'ਚ ਦਾਅਵਾ ਕੀਤਾ ਕਿ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਨੇ ਸੌ ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ।
ਸਾਰਨ ਦੇ ਜ਼ਿਲ੍ਹਾ ਮੈਜਿਸਟਰੇਟ ਰਾਜੇਸ਼ ਮੀਨਾ ਨੇ ਕਿਹਾ ਕਿ ਮੌਤ ਨਕਲੀ ਸ਼ਰਾਬ ਦੇ ਸ਼ੱਕੀ ਸੇਵਨ ਕਾਰਨ ਹੋਈ ਹੈ, ਜਿਸ ਦੀ ਪੁਸ਼ਟੀ ਫ਼ੋਰੈਂਸਿਕ ਲੈਬ ਵਿੱਚ ਮ੍ਰਿਤਕ ਦੇ ਵਿਸੇਰਾ ਦੀ ਜਾਂਚ ਤੋਂ ਬਾਅਦ ਕੀਤੀ ਜਾਵੇਗੀ।
ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਸਾਰਨ ਜ਼ਹਿਰੀਲੀ ਸ਼ਰਾਬ ਮਾਮਲੇ ਨੂੰ ਲੈ ਕੇ ਬਿਹਾਰ ਸਰਕਾਰ ਅਤੇ ਰਾਜ ਦੇ ਪੁਲਿਸ ਮੁਖੀ ਨੂੰ ਨੋਟਿਸ ਜਾਰੀ ਕੀਤਾ ਹੈ।