
ਪ੍ਰਧਾਨ ਮੰਤਰੀ ਬਾਰੇ ਫ਼ੈਸਲਾ ਲੋਕ ਸਭਾ ਚੋਣਾਂ ਮਗਰੋਂ ਹੋਵੇਗਾ : ਮਮਤਾ.......
ਕੋਲਕਾਤਾ : ਆਗਾਮੀ ਲੋਕ ਸਭਾ ਚੋਣਾਂ 'ਚ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਕਜੁਟ ਕਰਨ ਦੀ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਕਵਾਇਦ ਤਹਿਤ ਕਰਵਾਈ ਵਿਸ਼ਾਲ ਰੈਲੀ 'ਚ ਇਕ ਦਰਜਨ ਤੋਂ ਜ਼ਿਆਦਾ ਵਿਰੋਧੀ ਪਾਰਟੀਆਂ ਦੇ ਆਗੂ ਇਕ ਮੰਚ 'ਤੇ ਦਿਸੇ ਅਤੇ ਉਨ੍ਹਾਂ ਨੇ ਨਰਿੰਦਰ ਮੋਦੀ ਸਰਕਾਰ ਨੂੰ ਉਖਾੜ ਸੁੱਟਣ ਦੀ ਹੁੰਕਾਰ ਭਰੀ। ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਵਲੋਂ ਕਰਵਾਈ ਇਸ ਰੈਲੀ 'ਚ ਸ਼ਾਮਲ ਹੋ ਕੇ 20 ਤੋਂ ਜ਼ਿਆਦਾ ਸੀਨੀਅਰ ਆਗੂਆਂ ਨੇ ਅਪਣੀ ਇਕਜੁਟਤਾ ਵਿਖਾਈ।
ਇਨ੍ਹਾਂ ਪਾਰਟੀਆਂ ਨੇ ਅਪਣੀਆਂ ਪਾਰਟੀਆਂ ਵਿਚਕਾਰ ਮਤਭੇਦ ਨੂੰ ਦਰਕਿਨਾਰ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਚੋਣਾਂ ਮਗਰੋਂ ਪ੍ਰਧਾਨ ਅਹੁਦ ਦੇ ਮੁੱਦੇ 'ਤੇ ਫ਼ੈਸਲਾ ਕਰ ਸਕਦੇ ਹਨ। ਉਨ੍ਹਾਂ ਨੇ ਅਪ੍ਰੈਲ-ਮਈ 'ਚ ਸੰਭਾਵਤ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਰ ਸਾਂਝੀਆਂ ਰੈਲੀਆਂ ਕਰਨ ਦਾ ਫ਼ੈਸਲਾ ਕੀਤਾ। ਅਗਲੀਆਂ ਰੈਲੀਆਂ ਨਵੀਂ ਦਿੱਲੀ ਅਤੇ ਆਂਧਰ ਪ੍ਰਦੇਸ਼ ਦੀ ਰਾਜਧਾਨੀ ਅਮਰਾਵਤੀ 'ਚ ਹੋਣਗੀਆਂ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਯੂ.ਪੀ.ਏ. ਪ੍ਰਧਾਨ ਸੋਨੀਆ ਗਾਂਧੀ ਨੇ ਰੈਲੀ 'ਚ ਹਿੱਸਾ ਨਹੀਂ ਲਿਆ ਪਰ ਪਾਰਟੀ ਨੇ ਲੋਕ ਸਭਾ 'ਚ ਅਪਣੇ ਆਗੂ ਮੱਲਿਕਾਰਜੁਨ ਖੜਗੇ
ਅਤੇ ਪਛਮੀ ਬੰਗਾਲ ਤੋਂ ਰਾਜ ਸਭਾ ਮੈਂਬਰ ਅਭਿਸ਼ੇਕ ਮਨੂ ਸਿੰਘਵੀ ਨੂੰ ਪ੍ਰਤੀਨਿਧੀ ਬਣਾ ਕੇ ਇਸ ਰੈਲੀ 'ਚ ਭੇਜਿਆ। ਬਸਪਾ ਸੁਪਰੀਮੋ ਮਾਇਆਵਤੀ ਵੀ ਰੈਲੀ 'ਚ ਨਹੀਂ ਦਿਸੇ ਅਤੇ ਉਨ੍ਹਾਂ ਅਪਣੇ ਪ੍ਰਤੀਨਿਧੀ ਵਜੋਂ ਸਤੀਸ਼ ਚੰਦਰ ਮਿਸ਼ਰਾ ਨੂੰ ਰੈਲੀ 'ਚ ਭੇਜਿਆ ਸੀ। ਇਸ ਰੈਲੀ ਦੀ ਅਗਵਾਈ ਕਰ ਰਹੀ ਮਮਤਾ ਨੇ ਸੱਭ ਤੋਂ ਅਖ਼ੀਰ 'ਚ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੀ 'ਐਕਸਪਾਇਰੀ ਡੇਟ' (ਪ੍ਰਯੋਗ ਕਰਨ ਦੀ ਮਿਤੀ) ਖ਼ਤਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਿਆਸਤ 'ਚ ਸ਼ਿਸ਼ਟਤਾ ਹੁੰਦੀ ਹੈ ਪਰ ਭਾਰਤੀ ਜਨਤਾ ਪਾਰਟੀ (ਭਾਜਪਾ) ਇਸ ਦਾ ਪਾਲਣ ਨਹੀਂ ਕਰਦੀ ਅਤੇ ਜੋ ਭਾਜਪਾ ਨਾਲ ਨਹੀਂ ਹੁੰਦਾ ਉਸ ਨੂੰ ਚੋਰ ਦੱਸ ਦਿੰਦੇ ਹਨ।
ਰੈਲੀ 'ਚ ਮਮਤਾ ਨੇ 'ਬਦਲ ਦਿਉ, ਬਦਲ ਦਿਉ, ਦਿੱਲੀ ਦੀ ਸਰਕਾਰ ਬਦਲ ਦਿਉ' ਦਾ ਨਾਹਰਾ ਵੀ ਦਿਤਾ। ਸਾਂਝੀ ਵਿਰੋਧੀ ਧਿਰ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਉਮੀਦਵਾਰ ਦੇ ਮੁੱਦੇ 'ਤੇ ਮਮਤਾ ਬੈਨਰਜੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਇਕੱਠੀਆਂ ਮਿਲ ਕੇ ਕੰਮ ਕਰਨ ਦਾ ਵਾਅਦਾ ਕਰਦੀਆਂ ਹਨ ਅਤੇ ਪ੍ਰਧਾਨ ਮੰਤਰੀ ਕੌਣ ਹੋਵੇਗਾ ਇਸ ਬਾਰੇ ਫ਼ੈਸਲਾ ਲੋਕ ਸਭਾ ਚੋਣਾਂ ਮਗਰੋਂ ਹੋਵੇਗਾ। ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਸਪਾ ਅਤੇ ਬਸਪਾ ਦੇ ਨਾਲ ਆਉਣ ਨਾਲ ਦੇਸ਼ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਇਸ ਤੋਂ ਚਿੰਤਤ ਹੋ ਕੇ ਭਾਜਪਾ ਉੱਤਰ ਪ੍ਰਦੇਸ਼ 'ਚ ਇਕ-ਇਕ ਸੀਟ ਜਿੱਤਣ ਦੀ ਰਣਨੀਤੀ ਤਿਆਰ
ਕਰਨ ਲਈ ਬੈਠਕਾਂ ਕਰ ਰਹੀ ਹੈ। ਉਨ੍ਹਾਂ ਕਿਹਾ, ''ਭਾਜਪਾ ਵਾਲੇ ਪੁਛਦੇ ਹਨ ਕਿ ਵਿਰੋਧੀ ਪਾਰਟੀਆਂ ਦਾ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਕੌਣ ਹੋਵੇਗਾ? ਸਾਡਾ ਕਹਿਣਾ ਹੈ ਕਿ ਸਾਡੀ ਵਲੋਂ ਲੋਕ ਪ੍ਰਧਾਨ ਮੰਤਰੀ ਉਮੀਦਵਾਰ ਦਾ ਫ਼ੈਸਲਾ ਕਰਨਗੇ। ਪਰ ਉਨ੍ਹਾਂ ਵਲੋਂ ਇਸ ਨਾਮ (ਨਰਿੰਦਰ ਮੋਦੀ) ਨੇ ਦੇਸ਼ ਨੂੰ ਨਿਰਾਸ਼ ਕੀਤਾ ਹੈ। ਤੁਹਾਡਾ ਦੂਜਾ ਨਾਂ ਕਿਹੜਾ ਹੈ?'' ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਕੇਂਦਰ ਦੀ 'ਖ਼ਤਰਨਾਕ' ਭਾਜਪਾ ਸਰਕਾਰ ਨੂੰ ਕਿਸੇ ਵੀ ਕੀਮਤ 'ਤੇ ਹਰਾਉਣ ਦਾ ਸੱਦਾ ਦਿਤਾ। ਉਨ੍ਹਾਂ ਭਾਜਪਾ 'ਤੇ ਧਰਮ ਦੇ ਨਾਂ 'ਤੇ ਲੋਕਾਂ ਵਿਚਕਾਰ ਦੁਸ਼ਮਣੀ ਫੈਲਾਉਣ ਦਾ ਦੋਸ਼ ਲਾਇਆ।
ਇਸ ਤੋਂ ਪਹਿਲਾਂ ਮਮਤਾ ਨੇ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਦੇ ਸੀਨੀਅਰ ਆਗੂਆਂ ਰਾਜਨਾਥ ਸਿੰਘ, ਸੁਸ਼ਮਾ ਸਵਰਾਮ ਅਤੇ ਨਿਤਿਨ ਗਡਕਰੀ ਨੂੰ ਭਾਜਪਾ 'ਚ ਨਜ਼ਰਅੰਦਾਜ਼ ਕੀਤਾ ਗਿਆ ਅਤੇ ਜੇ ਉਨ੍ਹਾਂ ਦੀ ਪਾਰਟੀ ਫਿਰ ਲੋਕ ਸਭਾ ਚੋਣਾਂ ਜਿੱਤਦੀ ਹੈ ਤਾਂ ਇਨ੍ਹਾਂ ਨੂੰ ਫਿਰ ਨਜ਼ਰਅੰਦਾਜ਼ ਕੀਤਾ ਜਾਵੇਗਾ। ਕਾਂਗਰਸ ਦੇ ਸੀਨੀਅਰ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਤ੍ਰਿਣਮੂਲ ਕਾਂਗਰਸ ਦੀ ਮਹਾਂਰੈਲੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਵਿਰੋਧੀ ਗਠਜੋੜ ਦਾ ਮਕਸਦ ਭਾਜਪਾ ਨੂੰ ਹਰਾਉਣਾ ਅਤੇ ਧਰਮਨਿਰਪੱਖ ਸਰਕਾਰ ਬਣਾਉਣਾ ਹੈ।
ਬ੍ਰਿਗੇਡ ਪਰੇਡ ਗਰਾਊਂਡ 'ਚ ਹੋਈ ਰੈਲੀ 'ਚ ਕਾਂਗਰਸ ਦੇ ਪ੍ਰਤੀਨਿਧ ਵਜੋਂ ਆਏ ਸਿੰਘਵੀ ਨੇ ਕਿਹਾ, ''ਅਸੀਂ ਇਸ ਤਰ੍ਹਾਂ ਦੀ ਬਦਲੇ ਦੀ ਸਿਆਸਤ ਪਹਿਲਾਂ ਕਦੇ ਨਹੀਂ ਵੇਖੀ। ਜਦੋਂ ਅਮਿਤ ਸ਼ਾਹ ਨੇ ਉੱਤਰ ਪ੍ਰਦੇਸ਼ 'ਚ 100 ਰੈਲੀਆਂ ਕੀਤੀਆਂ ਤਾਂ ਕਿਸੇ ਨੇ ਸਵਾਲ ਨਹੀਂ ਕੀਤਾ। ਪਰ ਜਦੋਂ ਆਰ.ਜੇ.ਡੀ. ਨੇ ਇਕ ਰੈਲੀ ਕੀਤੀ ਤਾਂ ਉਸ ਨੂੰ ਆਮਦਨ ਟੈਕਸ ਵਿਭਾਗ ਦਾ ਨੋਟਿਸ ਫੜਾ ਦਿਤਾ ਗਿਆ।'' ਕਾਂਗਰਸ ਆਗੂ ਨੇ ਮੋਦੀ ਸਰਕਾਰ 'ਤੇ 'ਘਟੀਆ ਸਿਆਸਤ' ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਵੋਟਾਂ ਦੇ ਵੰਡੇ ਜਾਣ ਦਾ ਸੱਭ ਤੋਂ ਜ਼ਿਆਦਾ ਫ਼ਾਇਦਾ ਭਾਜਪਾ ਨੂੰ ਹੁੰਦਾ ਹੈ।
ਕਦੇ ਭਾਜਪਾ ਦਾ ਹਿੱਸਾ ਰਹੇ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਆਜ਼ਾਦੀ ਮਗਰੋਂ ਇਹ ਪਹਿਲੀ ਸਰਕਾਰ ਹੈ ਜੋ ਵਿਕਾਸ ਦੇ ਅੰਕੜਿਆਂ ਨਾਲ 'ਬਾਜ਼ੀਗਰੀ' ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸ਼ਾਸਨ 'ਚ ਜੇ ਤੁਸੀਂ ਸਰਕਾਰ ਦੀ ਤਾਰੀਫ਼ ਕਰਦੇ ਹੋ ਤਾਂ ਉਹ 'ਦੇਸ਼ ਭਗਤੀ' ਹੈ ਅਤੇ ਜੇ ਆਲੋਚਨਾ ਕਰਦੇ ਹੋ ਤਾਂ ਇਹ 'ਦੇਸ਼ਧ੍ਰੋਹ' ਹੈ। ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਕਿਹਾ ਕਿ ਭਾਜਪਾ ਨੇ 2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਨਾ ਕਰ ਕੇ ਦੇਸ਼ ਦੇ ਲੋਕਾਂ ਨਾਲ ਧੋਖਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਣ, ਵਿਦੇਸ਼ਾਂ ਤੋਂ ਕਾਲਾ ਧਨ ਵਾਪਸ ਲਿਆਉਣ ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਸਮੇਤ ਅਪਣੇ ਕਈ ਹੋਰ ਵਾਅਦਿਆਂ ਨੂੰ ਪੂਰਾ ਕਰਨ 'ਚ ਅਸਫ਼ਲ ਰਹੀ। ਚੋਣਾਂ 'ਚ ਪਾਰਦਰਸ਼ਿਤਾ ਲਈ ਕਾਗ਼ਜ਼ੀ ਵੋਟਾਂ ਜ਼ਰੀਏ ਵੋਟਾਂ ਦੀ ਵਿਵਸਥਾ ਫਿਰ ਲਾਗੂ ਕਰਨ ਦੀ ਵਕਾਲਤ ਕਰਦਿਆਂ ਨੈਸ਼ਨਲ ਕਾਨਫ਼ਰੰਸ ਦੇ ਮੁਖੀ ਫ਼ਾਰੂਕ ਅਬਦੁੱਲਾ ਨੇ ਵੋਟਿੰਗ ਮਸ਼ੀਨ ਨੂੰ 'ਚੋਰ ਮਸ਼ੀਨ' ਕਰਾਰ ਦਿਤਾ। ਉਨ੍ਹਾਂ ਕਿਹਾ, ''ਇਹ ਕਿਸੇ ਇਕ ਵਿਅਕਤੀ (ਪ੍ਰਧਾਨ ਮੰਤਰੀ ਨਰਿੰਦਰ ਮੋਦੀ) ਨੂੰ ਸੱਤਾ ਤੋਂ ਬਾਹਰ ਕਰਨ ਦੀ ਗੱਲ ਨਹੀਂ।
ਇਹ ਦੇਸ਼ ਨੂੰ ਬਚਾਉਣ ਅਤੇ ਆਜ਼ਾਦੀ ਲਈ ਲੜਨ ਵਾਲਿਆਂ ਦੀ ਕੁਰਬਾਨੀ ਦਾ ਮਾਣ ਕਰਨ ਦੀ ਗੱਲ ਹੈ।'' ਜੰਮੂ-ਕਸ਼ਮੀਰ ਦੇ ਹਾਲਾਤ ਲਈ ਭਾਜਪਾ ਨੂੰ ਜ਼ਿੰਮੇਵਾਰ ਦਸਦਿਆਂ ਅਬਦੁੱਲਾ ਨੇ ਕਿਹਾ ਕਿ ਲੋਕ ਧਾਰਮਕ ਆਧਾਰ 'ਤੇ ਵੰਡੇ ਜਾ ਰਹੇ ਹਨ। ਉਨ੍ਹਾਂ ਕਿਹਾ, ''ਲੋਕਾਂ ਨੂੰ ਪਾਕਿਸਤਾਨੀ ਦਸਿਆ ਜਾ ਰਿਹਾ ਹੈ। ਪਰ ਸਾਰੇ ਲੋਕ ਲੱਦਾਖ ਤੋਂ ਲੈ ਕੇ ਹਰ ਥਾਂ 'ਤੇ ਭਾਜਪਾ 'ਚ ਰਹਿਣਾ ਚਾਹੁੰਦੇ ਹਨ।'' ਗੁਜਰਾਤ ਦੇ ਪਾਟੀਦਾਰ ਅੰਦੋਲਨ ਦੇ ਆਗੂ ਹਾਰਦਿਕ ਪਟੇਲ ਨੇ ਕਿਹਾ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਨੇ 'ਗੋਰਿਆਂ' ਵਿਰੁਧ ਲੜਨ ਦੀ ਅਪੀਲ ਕੀਤੀ ਸੀ ਅਤੇ ਉਹ 'ਚੋਰਾਂ' ਵਿਰੁਧ ਲੜ ਰਹੇ ਹਨ।
ਰੈਲੀ 'ਚ ਲੋਕਾਂ ਦੇ ਵਿਸ਼ਾਲ ਇਕੱਠ ਵਲ ਇਸ਼ਾਰਾ ਕਰਦਿਆਂ ਪਟੇਲ ਨੇ ਕਿਹਾ ਕਿ ਇਹ ਸੰਕੇਤ ਕਰਦਾ ਹੈ ਕਿ ਭਾਜਪਾ ਸੱਤਾ ਤੋਂ ਬਾਹਰ ਜਾ ਰਹੀ ਹੈ। ਦਲਿਤ ਆਗੂ ਜਿਗਨੇਸ਼ ਮੇਵਾਨੀ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਦੀ ਵਿਰੋਧੀ ਰੈਲੀ 'ਚ ਕਈ ਵਿਰੋਧੀ ਪਾਰਟੀਆਂ ਦਾ ਇਕੱਠਾ ਹੋਣਾ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਤਬਦੀਲੀ ਦਾ ਸੰਦੇਸ਼ ਹੈ। ਉਨ੍ਹਾਂ ਕਿਹਾ ਕਿ 'ਮਹਾਂਗਠਜੋੜ' ਆਰ.ਐਸ.ਐਸ. ਅਤੇ ਭਾਜਪਾ ਦੀ ਹਾਰ ਯਕੀਨੀ ਕਰੇਗਾ। ਮਿਜ਼ਰਮ ਦੀ ਜੋਰਮ ਨੈਸ਼ਨਲਿਸਟ ਪਾਰਟੀ ਦੇ ਆਗੂ ਲਾਲੂਦੁਹੋਮਾ ਨੇ ਕਿਹਾ ਕਿ ਨਾਗਰਿਕਤਾ ਸੋਧ ਬਿਲ ਕਰ ਕੇ ਪੂਰਾ ਪੂਰਬ-ਉੱਤਰ 'ਸੁਲਗ' ਰਿਹਾ ਹੈ।
ਉਨ੍ਹਾਂ ਕਿਹਾ ਕਿ ਜੇ ਬਿਲ ਲਾਗੂ ਕੀਤਾ ਗਿਆ ਤਾਂ ਭਾਰਤ ਉਹ ਥਾਂ ਨਹੀਂ ਰਹੇਗਾ ਜੋ ਉਹ ਹੁਣ ਹੈ। ਇਸ ਲਈ ਸਾਨੂੰ ਕੇਂਦਰ 'ਚ ਧਰਮਨਿਰਪੱਖ ਸਰਕਾਰ ਚਾਹੀਦੀ ਹੈ ਤਾਕਿ ਇਹ ਬਿਲ ਵਾਪਸ ਲੈ ਲਿਆ ਜਾਵੇ ਜਾਂ ਪੂਰਬ-ਉੱਤਰ ਨੂੰ ਛੋਟ ਮਿਲੇ। ਬਸਪਾ ਸੁਪਰੀਮੋ ਮਾਇਆਵਤੀ ਦੇ ਪ੍ਰਤੀਨਿਧੀ ਵਜੋਂ ਰੈਲੀ 'ਚ ਆਏ ਸਤੀਸ਼ ਚੰਦਰ ਮਿਸ਼ਰਾ ਨੇ ਕਿਹਾ ਕਿ ਉੱਤਰ ਪ੍ਰਦੇਸ਼ 'ਚ ਬਸਪਾ-ਸਪਾ ਗਠਜੋੜ ਕੇਂਦਰ ਦੀ 'ਦਲਿਤ ਵਿਰੋਧੀ' ਅਤੇ 'ਘੱਟ ਗਿਣਤੀ ਵਿਰਧੀ' ਐਨ.ਡੀ.ਏ. ਸਰਕਾਰ ਦੇ ਅੰਤ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਇਸ 'ਸਫ਼ਲ' ਰੈਲੀ ਨਾਲ ਪੁਸ਼ਟੀ ਹੋ ਗਈ ਹੈ
ਕਿ ਬਾਬਾ ਸਾਹਿਬ ਅੰਬੇਦਕਰ ਵਲੋਂ ਲਿਖੇ ਸੰਵਿਧਾਨ ਨੂੰ ਸੁਰੱਖਿਅਤ ਰੱਖਣ ਲਈ ਭਾਜਪਾ ਨੂੰ ਹਰਾਉਣਾ ਜ਼ਰੂਰੀ ਹੈ। ਸਾਬਕਾ ਕੇਂਦਰੀ ਮੰਤਰੀ ਅਰੁਣ ਸ਼ੌਰੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਲਈ ਵਿਰੋਧੀ ਪਾਰਟੀਆਂ ਨੂੰ ਮਿਲ ਕੇ ਲੜਨਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਵਿਰੋਧੀ ਪਾਰਟੀਆਂ ਨੂੰ ਮਿਲ ਕੇ ਭਾਜਪਾ ਵਿਰੁਧ ਇਕ ਉਮੀਦਵਾਰ ਉਤਾਰਨਾ ਚਾਹੀਦਾ ਹੈ। ਡੀ.ਐਮ.ਕੇ. ਪ੍ਰਧਾਨ ਐਮ.ਕੇ. ਸਟਾਲਿਨ ਨੇ ਕਿਹਾ ਕਿ ਆਮ ਚੋਣਾਂ 'ਚ ਭਾਜਪਾ ਦੇ 'ਕੱਟੜ ਹਿੰਦੁਤਵ' ਵਿਰੁਧ ਭਾਰਤ ਦੇ ਲੋਕਾਂ ਲਈ ਆਜ਼ਾਦੀ ਦੀ ਦੂਜੀ ਲੜਾਈ ਬਰਾਬਰ ਹੋਣਗੇ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸਮੇਤ ਕੁੱਝ ਲੋਕਾਂ ਤੋਂ ਡਰਦੇ ਹਨ। ਕਰਨਾਟਕ ਦੇ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਹਮਲਾ ਕਰਦਿਆਂ ਕਿਹਾ ਕਿ ਅੱਜ ਅਸੀਂ ਕੇਂਦਰ 'ਚ ਕੁੱਝ 'ਗ਼ੈਰਲੋਕਤੰਤਰੀ' ਲੋਕਾਂ ਨੂੰ 'ਲੋਕਤੰਤਰੀ' ਸਰਕਾਰ ਦੀ ਅਗਵਾਈ ਕਰਦਿਆਂ ਵੇਖ ਰਹੇ ਹਾਂ। ਉਨ੍ਹਾਂ ਕਿਹਾ ਕਿ ਪਿਛਲੇ 70 ਸਾਲਾਂ 'ਚ ਦੇਸ਼ ਅੰਦਰ ਖੇਤਰੀ ਪਾਰਟੀਆਂ ਮਜ਼ਬੂਤੀ ਨਾਲ ਉੱਭਰੀਆਂ ਹਨ ਜਿਨ੍ਹਾਂ ਨੇ ਅਪਣੇ ਸੂਬੇ ਦੇ ਹਿਤਾਂ ਦੀ ਰਾਖੀ ਕੀਤੀ ਅਤੇ ਅਪਣੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਿਆ ਹੈ। (ਪੀਟੀਆਈ)
ਕੌਣ-ਕੌਣ ਰਿਹਾ ਹਾਜ਼ਰ
ਲੋਕਾਂ ਦੇ ਵਿਸ਼ਾਲ ਇਕੱਠ ਦੀ ਹਾਜ਼ਰੀ 'ਚ ਹੋਈ ਇਸ ਰੈਲੀ 'ਚ ਸਾਬਕਾ ਪ੍ਰਧਾਨ ਮੰਤਰੀ ਅਤੇ ਜਨਤਾ ਸੈਕੂਲਰ ਦੇ ਮੁਖੀ ਐਚ.ਡੀ. ਦੇਵਗੌੜਾ, ਤਿੰਨ ਮੌਜੂਦਾ ਮੁੱਖ ਮੰਤਰੀ - ਚੰਦਰਬਾਬੂ ਨਾਇਡੂ (ਤੇਲਗੂਦੇਸ਼ਮ ਪਾਰਟੀ), ਐਚ.ਡੀ. ਕੁਮਾਰਸਵਾਮੀ (ਜਨਤਾ ਦਲ ਸੈਕੂਲਰ) ਅਤੇ ਅਰਵਿੰਦ ਕੇਜਰੀਵਾਲ (ਆਮ ਆਦਮੀ ਪਾਰਟੀ),
ਛੇ ਸਾਬਕਾ ਮੁੱਖ ਮੰਤਰੀ - ਅਖਿਲੇਸ਼ ਯਾਦਵ (ਸਮਾਜਵਾਦੀ ਪਾਰਟੀ), ਫ਼ਾਰੂਖ ਅਬਦੁੱਲਾ, ਉਮਰ ਅਬਦੁੱਲਾ (ਦੋਵੇਂ ਨੈਸ਼ਨਲ ਕਾਨਫ਼ਰੰਸ), ਬਾਬੂ ਲਾਲ ਮਰਾਂਡੀ (ਝਾਰਖੰਡ ਮੁਕਤੀ ਮੋਰਚਾ), ਹੇਮੰਤ ਸੋਰੇਨ (ਝਾਰਖੰਡ ਮੁਕਤੀ ਮੋਰਚਾ) ਅਤੇ ਇਸੇ ਹਫ਼ਤੇ ਭਾਜਪਾ ਛੱਡ ਚੁੱਕੇ ਗੇਗਾਂਗ ਅਪਾਂਗ,
ਅੱਠ ਸਾਬਕਾ ਕੇਂਦਰੀ ਮੰਤਰੀ - ਮੰਲਿਕਾਰਜੁਨ ਖੜਕੇ (ਕਾਂਗਰਸ), ਸ਼ਰਦ ਯਾਦਵ (ਲੋਕਤਾਂਤਰਿਕ ਜਨਤਾ ਦਲ), ਅਜੀਤ ਸਿੰਘ (ਰਾਸ਼ਟਰੀ ਲੋਕ ਦਲ), ਸ਼ਰਦ ਪਵਾਰ (ਰਾਸ਼ਟਰਵਾਦੀ ਕਾਂਗਰਸ ਪਾਰਟੀ), ਯਸ਼ਵੰਤ ਸਿਨਹਾ, ਅਰੁਣ ਸ਼ੌਰੀ, ਸ਼ਤਰੂਘਨ ਸਿਨਹਾ ਅਤੇ ਰਾਮ ਜੇਠਮਲਾਨੀ ਨੇ ਹਿੱਸਾ ਲਿਆ।
ਇਨ੍ਹਾਂ ਤੋਂ ਇਲਾਕਾ ਆਰ.ਜੇ.ਡੀ. ਆਗੂ ਅਤੇ ਬਿਹਾਰ ਦੇ ਸਾਬਕਾ ਉਪ-ਮੁੱਖ ਮੰਤਰੀ ਤੇਜਸਵੀ ਯਾਦਵ, ਕਾਂਗਰਸ ਆਗੂ ਅਭਿਸ਼ੇਕ ਮਨੂ ਸਿੰਘਵੀ, ਬਸਪਾ ਸੁਪਰੀਮੋ ਮਾਇਆਵਤੀ ਨੇ ਪ੍ਰਤੀਨਿਧੀ ਅਤੇ ਰਾਜ ਸਭਾ ਮੈਂਬਰ ਸਤੀਸ਼ ਚੰਦਰ ਮਿਸ਼ਰਾ, ਪਾਟੀਦਾਰ ਰਾਖਵਾਂਕਰਨ ਅੰਦੋਲਨ ਦੇ ਆਗੂ ਹਾਰਦਿਕ ਪਟੇਲ ਅਤੇ ਮਸ਼ਹੂਰ ਦਲਿਤ ਆਗੂ ਅਤੇ ਗੁਜਰਾਤ ਦੇ ਆਜ਼ਾਦ ਵਿਧਾਇਕ ਜਿਗਨੇਸ਼ ਮੇਵਾਨੀ ਵੀ ਮੰਚ 'ਤੇ ਦਿਸੇ।