
ਕਾਂਗਰਸੀ ਵਿਧਾਇਕ ਵੱਲੋਂ ਭਾਜਪਾ ਨੇਤਾਵਾਂ ਨੂੰ ਖੱਲ ਨੋਚ ਲੈਣ ਦੀ ਧਮਕੀ
ਮੱਧ ਪ੍ਰਦੇਸ਼ ਦੇ ਕਾਂਗਰਸੀ ਵਿਧਾਇਕ ਵਿਜੇ ਚੌਰੇ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਫੈਲ ਰਿਹਾ ਹੈ। ਜਿਸ ਵਿਚ ਉਹ ਭਾਜਪਾ 'ਤੇ ਤਿੱਖਾ ਨਿਸ਼ਾਨਾ ਸਾਧਦੇ ਹੋਏ ਨਜ਼ਰ ਆ ਰਹੇ ਹਨ। ਕਾਂਗਰਸੀ ਵਿਧਾਇਕ ਨੇ ਅਪਣੀ ਵਿਰੋਧੀ ਪਾਰਟੀ ਭਾਜਪਾ 'ਤੇ ਵਰ੍ਹਦਿਆਂ ਆਖਿਆ ਕਿ ਭਾਜਪਾ ਵਾਲਿਆਂ ਕੋਲ ਬੋਲਣ ਲਈ ਕੋਈ ਮੁੱਦਾ ਨਹੀਂ ਬਚਿਆ।
File
ਕਿਉਂਕਿ ਕਮਲਨਾਥ ਸਰਕਾਰ ਵੱਲੋਂ ਸੂਬੇ ਦਾ ਸਰਵਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਅਸੀਂ ਕਾਂਗਰਸ ਦੇ ਲੋਕ ਹਾਂ, ਬੇਇਮਾਨੀ, ਚੋਰੀ, ਲੁੱਟ ਖਸੁੱਟ, ਰੇਪ ਅਤੇ ਗ਼ੈਰ ਕਾਨੂੰਨੀ ਕਾਰੋਬਾਰ ਵਿਚ ਸ਼ਾਮਲ ਨਹੀਂ ਪਰ ਜੇਕਰ ਭਾਜਪਾ ਵਾਲੇ ਕਾਂਗਰਸੀਆਂ ਨੂੰ ਇਨ੍ਹਾਂ ਕੰਮਾਂ ਲਈ ਬਦਨਾਮ ਕਰਨਗੇ।
File
ਤਾਂ ਕਾਂਗਰਸ ਦਾ ਕੋਈ ਵੀ ਮਾਈ ਦਾ ਲਾਲ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਆਖਿਆ ਕਿ ਭਾਜਪਾ ਦੇ ਲੋਕ ਜਿਸ ਦਿਨ ਸਾਡੇ ਵਰਕਰਾਂ 'ਤੇ ਉਂਗਲੀ ਉਠਾਉਣ ਦਾ ਯਤਨ ਕਰਨਗੇ, ਉਨ੍ਹਾਂ ਦੇ ਵਾਲਾਂ ਨੂੰ ਛੂਹਣ ਦਾ ਯਤਨ ਕਰਨਗੇ, ਮੈਂ ਉਨ੍ਹਾਂ ਦੀ ਖੱਲ ਨੋਚਣ ਵਿਚ ਕਸਰ ਨਹੀਂ ਛੱਡਾਂਗਾ।
File
ਇਸ ਤੋਂ ਪਹਿਲਾਂ ਦਿੱਲੀ ਚੋਣਾਂ ਦੌਰਾਨ ਭਾਜਪਾ ਨੇਤਾਵਾਂ ਵੱਲੋਂ ਅਜਿਹੇ ਵਿਵਾਦਤ ਬਿਆਨਾਂ ਦਾ ਦੌਰ ਦੇਖਣ ਨੂੰ ਮਿਲਿਆ ਸੀ। ਜਿੱਥੇ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਗੋਲੀ ਮਾਰੋ ਵਾਲਾ ਬਿਆਨ ਦਿੱਤਾ ਸੀ, ਉਥੇ ਹੀ ਇਕ ਹੋਰ ਭਾਜਪਾ ਨੇਤਾ ਨੇ ਤਾਂ ਇਕ ਚੋਣ ਰੈਲੀ ਵਿਚ ਅਰਵਿੰਦ ਕੇਜਰੀਵਾਲ ਨੂੰ ਅਤਿਵਾਦੀ ਤਕ ਆਖ ਦਿੱਤਾ ਸੀ।
File
ਅਜਿਹੇ ਬਿਆਨਾਂ ਕਾਰਨ ਇਨ੍ਹਾਂ ਭਾਜਪਾ ਨੇਤਾਵਾਂ ਨੂੰ ਚੋਣ ਕਮਿਸ਼ਨ ਦੀ ਪਾਬੰਦੀ ਦਾ ਸਾਹਮਣਾ ਵੀ ਕਰਨਾ ਪਿਆ ਸੀ। ਹੁਣ ਕਾਂਗਰਸੀ ਵਿਧਾਇਕ ਵਿਜੈ ਚੌਰੇ ਵੱਲੋਂ ਭਾਜਪਾ ਵਾਲਿਆਂ ਨੂੰ ਧਮਕੀ ਦਿੱਤੇ ਜਾਣ ਦਾ ਇਹ ਬਿਆਨ ਸੋਸ਼ਲ ਮੀਡੀਆ 'ਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਵਿਜੇ ਚੌਰੇ ਮੱਧ ਪ੍ਰਦੇਸ਼ ਵਿਚ ਛਿੰਦਵਾੜਾ ਦੇ ਸੌਸਰ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਹਨ।