
ਵਾਰ-ਵਾਰ ਟਾਈਟਲਰ ਦੇ ਨਾਲ ਖੜ੍ਹੇ ਹੋਣ ਪਿੱਛੇ ਕਾਂਗਰਸ ਦੀ ਕੀ ਮਜ਼ਬੂਰੀ ਹੈ?
ਨਵੀਂ ਦਿੱਲੀ - 1984 ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਨੂੰ ਕਾਂਗਰਸ ਪਾਰਟੀ ਨੇ ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ ਚੁਣਿਆ ਹੈ ਜਿਸ ਨੂੰ ਲੈ ਕੇ ਮੁੜ ਸਿਆਸਤ ਗਰਮਾ ਗਈ ਹੈ। ਇਸ ਮਸਲੇ ਦਾ ਬਾਕੀ ਵਿਰੋਧੀ ਧਿਰਾਂ ਨੇ ਵਿਰੋਧ ਕੀਤਾ ਹੈ ਤੇ ਨਾਲ ਹੀ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਨੂੰ ਜਗਦੀਸ਼ ਟਾਈਟਲਰ ਦੀ ਸਿਆਸੀ ਸਰਪ੍ਰਸਤੀ ਅਤੇ ਤਰੱਕੀ ਨਾਲ ਜੋੜਦਿਆਂ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ 'ਤੇ ਹਮਲਾ ਬੋਲਿਆ ਹੈ।
ਉਹਨਾਂ ਕਿਹਾ ਕਿ ਵਾਰ-ਵਾਰ ਟਾਈਟਲਰ ਦੇ ਨਾਲ ਖੜ੍ਹੇ ਹੋਣ ਪਿੱਛੇ ਕਾਂਗਰਸ ਦੀ ਕੀ ਮਜ਼ਬੂਰੀ ਹੈ? ਮਨਜੀਤ ਜੀ.ਕੇ ਨੇ ਕਾਂਗਰਸ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਆਪਣੇ ਕੌਮੀ ਮੈਂਬਰਾਂ ਦੀ ਸੂਚੀ 'ਚੋਂ ਜਗਦੀਸ਼ ਟਾਈਟਲਰ ਦਾ ਨਾਂ ਹਟਾਉਣ ਦੀ ਅਪੀਲ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਨਾਂ ਨਹੀਂ ਹਟਾਇਆ ਗਿਆ ਤਾਂ ਜਾਗੋ ਪਾਰਟੀ 22 ਫਰਵਰੀ ਦਿਨ ਬੁੱਧਵਾਰ ਨੂੰ ਕਾਂਗਰਸ ਦੇ ਮੁੱਖ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰੇਗੀ।