
ਮਨੋਹਰ ਲਾਲ ਖੱਟਰ ਨੇ ਕਿਹਾ : ਅਸਤੀਫਾ ਨਹੀਂ ਲਵਾਂਗੇ
ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਵਿਚ ਸੋਮਵਾਰ ਨੂੰ ਮੰਤਰੀ ਸੰਦੀਪ ਸਿੰਘ ’ਤੇ ਲੱਗੇ ਇਲਜ਼ਾਮਾਂ ਦੇ ਚੱਲਦਿਆਂ ਭਾਰੀ ਹੰਗਾਮਾ ਹੋਇਆ। ਕਾਂਗਰਸੀ ਵਿਧਾਇਕਾਂ ਨੇ ਜਿਨਸੀ ਸ਼ੋਸ਼ਣ ਮਾਮਲੇ ਨੂੰ ਲੈ ਕੇ ਸੰਦੀਪ ਸਿੰਘ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ ਪਰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮੰਤਰੀ ਦਾ ਅਸਤੀਫਾ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ : ਲੜਕੀਆਂ ਦੇ ਵਿਆਹ ਦੀ ਉਮਰ ਲੜਕਿਆਂ ਬਰਾਬਰ ਕਰਨ ਦੀ ਮੰਗ ਵਾਲੀ ਪਟੀਸ਼ਨ ਖਾਰਜ
ਮੁੱਖ ਮੰਤਰੀ ਨੇ ਕਿਹਾ, “ਅਸਤੀਫਾ ਨਹੀਂ ਲਵਾਂਗੇ, ਨਹੀਂ ਲਵਾਂਗੇ, ਨਹੀਂ ਲਵਾਂਗੇ।'' ਇਸ 'ਤੇ ਵਿਰੋਧੀ ਪਾਰਟੀ ਦੇ ਮੈਂਬਰਾਂ ਨੇ 'ਸ਼ਰਮ ਕਰੋ, ਸ਼ਰਮ ਕਰੋ' ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਸੰਦੀਪ ਸਿੰਘ ਇਸ ਸਮੇਂ ਪ੍ਰਿੰਟਿੰਗ ਅਤੇ ਸਟੇਸ਼ਨਰੀ ਵਿਭਾਗ ਦਾ ਚਾਰਜ ਸੰਭਾਲ ਰਹੇ ਹਨ ਅਤੇ ਸਦਨ ਵਿਚ ਮੌਜੂਦ ਨਹੀਂ ਸਨ।
ਦੱਸ ਦੇਈਏ ਕਿ ਜੂਨੀਅਰ ਅਥਲੈਟਿਕਸ ਕੋਚ ਵੱਲੋਂ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਉਂਦਿਆਂ ਸੰਦੀਪ ਸਿੰਘ ਖ਼ਿਲਾਫ਼ ਕੇਸ ਦਾਇਰ ਕੀਤੇ ਜਾਣ ਮਗਰੋਂ ਉਸ ਤੋਂ ਖੇਡ ਵਿਭਾਗ ਵਾਪਸ ਲੈ ਲਿਆ ਗਿਆ ਸੀ।
ਇਹ ਵੀ ਪੜ੍ਹੋ : ਬੰਦੀ ਸਿੰਘਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਾਦਲਾਂ ’ਤੇ ਹਮਲਾ, “ਵੇਲੇ ਦਾ ਕੰਮ ਕੁਵੇਲੇ ਦੀਆਂ ਟੱਕਰਾਂ"
ਇਹ ਮਾਮਲਾ ਸਭ ਤੋਂ ਪਹਿਲਾਂ ਕਾਂਗਰਸ ਦੀ ਸੀਨੀਅਰ ਆਗੂ ਗੀਤਾ ਭੁੱਕਲ ਵੱਲੋਂ ਵਿਧਾਨ ਸਭਾ ਵਿਚ ਉਠਾਇਆ ਗਿਆ, ਜਿਸ ਨੂੰ ਬਾਅਦ ਵਿਚ ਵਿਰੋਧੀ ਧਿਰ ਦੇ ਆਗੂ ਭੁਪਿੰਦਰ ਸਿੰਘ ਹੁੱਡਾ ਅਤੇ ਪਾਰਟੀ ਦੇ ਹੋਰ ਆਗੂਆਂ ਨੇ ਵੀ ਉਠਾਇਆ। ਹੁੱਡਾ ਨੇ ਕਿਹਾ ਕਿ ਸਿੰਘ ਜਾਂ ਤਾਂ ਅਸਤੀਫਾ ਦੇ ਦੇਵੇ ਜਾਂ ਮੁੱਖ ਮੰਤਰੀ ਨੂੰ ਉਹਨਾਂ ਨੂੰ ਕੱਢ ਦੇਣਾ ਚਾਹੀਦਾ ਹੈ। ਪਰ ਖੱਟਰ ਨੇ ਇਸ ਦਾ ਵਿਰੋਧ ਕੀਤਾ, ਜਿਸ 'ਤੇ ਸਦਨ 'ਚ ਹੰਗਾਮਾ ਹੋ ਗਿਆ।
ਇਹ ਵੀ ਪੜ੍ਹੋ : ਕਾਂਗਰਸ ਨੇ AICC ਮੈਂਬਰਾਂ ਦੀ ਸੂਚੀ ’ਚ ਸਿੱਖ ਨਸਲਕੁਸ਼ੀ ਦੇ ਮੁਲਜ਼ਮ ਜਗਦੀਸ਼ ਟਾਈਟਲਰ ਨੂੰ ਕੀਤਾ ਸ਼ਾਮਲ
ਇਸ ਦੌਰਾਨ ਕਾਂਗਰਸੀ ਮੈਂਬਰਾਂ ਨੇ ਹੱਥਾਂ ਵਿਚ ਪੋਸਟਰ ਫੜ ਕੇ ‘ਹਰਿਆਣਾ ਸਰਕਾਰ ਮੁਰਦਾਬਾਦ’ ਦੇ ਨਾਅਰੇ ਲਾਏ। ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਕਿਹਾ ਕਿ ਇਲਜ਼ਾਮ ਲਗਾਉਣਾ ਵੱਖਰੀ ਗੱਲ ਹੈ, ਪਰ ਮੰਤਰੀ ਨੂੰ ਅਜੇ ਤੱਕ ਦੋਸ਼ੀ ਨਹੀਂ ਠਹਿਰਾਇਆ ਗਿਆ। ਸਪੀਕਰ ਨੇ ਕਿਹਾ, “ਐਸਆਈਟੀ ਜਾਂਚ ਕਰ ਰਹੀ ਹੈ… ਕਈ ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ। ਤੁਸੀਂ ਜਾਂਚ ਪੂਰੀ ਕੀਤੇ ਬਿਨਾਂ (ਕਾਂਗਰਸ ਮੈਂਬਰਾਂ ਵੱਲ ਇਸ਼ਾਰਾ ਕਰਦੇ ਹੋਏ) ਉਹਨਾਂ 'ਤੇ ਇਲਜ਼ਾਮ ਲਗਾ ਰਹੇ ਹੋ। ਕੀ ਤੁਹਾਨੂੰ ਦੇਸ਼ ਦੇ ਕਾਨੂੰਨ ਵਿਚ ਵਿਸ਼ਵਾਸ ਨਹੀਂ ਹੈ?”